ਜਲੰਧਰ (ਜਸਬੀਰ ਵਾਟਾਂ ਵਾਲੀ) ਦੇਸ਼ ਵਿਚ ਲੋਕ ਸਭਾ ਚੋਣਾਂ ਦਾ ਜਲੌਅ ਇਸ ਵੇਲੇ ਆਪਣੇ ਸ਼ਿਖਰ ’ਤੇ ਹੈ। ਸੱਤਵੇਂ ਗੇੜ ਤੱਕ ਹੋਈਆਂ ਨਾਮਜ਼ਦੀਆਂ ਵਿਚ ਹੁਣ ਤੱਕ ਕਰੀਬ 8000 ਹਜਾਰ ਉਮੀਦਵਾਰ ਨਾਮਜ਼ਦਗੀ ਪੱਤਰ ਭਰ ਕੇ ਚੋਣ ਮੈਦਾਨ ਵਿਚ ਨਿੱਤਰ ਚੁੱਕੇ ਹਨ। ਇਨ੍ਹਾਂ ਉਮੀਦਵਾਰਾਂ ਵਿਚ ਬਹੁਤ ਸਾਰੇ ਉਮੀਦਵਾਰ ਉੱਚ ਵਿਦਿਆ ਪ੍ਰਾਪਤ ਹਨ ਪਰ ਕਈ ਉਮੀਦਵਾਰਾਂ ਅਜਿਹੇ ਵੀ ਹਨ, ਜਿੰਨ੍ਹਾਂ ਦੀ ਪੜ੍ਹਾਈ ਦਸਵੀਂ ਤੋਂ ਵੀ ਘੱਟ ਹੈ ਜਾਂ ਫਿਰ ਬਿਲਕੁਲ ਅੰਗੂਠਾ ਛਾਪ ਹੀ ਹਨ। ਆਜਾਦੀ ਤੋਂ ਬਾਅਦ ਹੋਈਆਂ 16 ਲੋਕ ਸਭਾ ਚੋਣਾਂ ਵਿਚ ਭਾਵੇਂ ਕਿ ਸੰਸਦ ਮੈਂਬਰਾਂ ਦੇ ਪੜ੍ਹੇ-ਲਿਖੇ ਹੋਣ ਦੀ ਦਰ ਵਿਚ ਲਗਾਤਾਰ ਸੁਧਾਰ ਦਰਜ ਕੀਤਾ ਜਾ ਰਿਹਾ ਹੈ ਪਰ ਅਜੇ ਵੀ ਅਨਪੜ੍ਹ ਅਤੇ ਘੱਟ ਪੜ੍ਹੇ-ਲਿਖੇ ਮੈਂਬਰਾਂ ਸੰਸਦ ਭਵਨ ਵਿਚ ਪੁੱਜਣਾ ਜਾਰੀ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆਜਾਦੀ ਦੇ 72 ਸਾਲ ਬਾਅਦ ਵੀ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਸਿੱਖਿਆ ਹੱਦ ਅਜੇ ਤੱਕ ਲਾਜਮੀ ਨਹੀਂ ਕੀਤੀ ਗਈ।
ਗ੍ਰਾਫ ਵਿਚ ਦਰਸਾਏ ਗਏ 1952 ਤੋਂ ਲੈ ਕੇ 2016 ਤੱਕ ਚੁਣੇ ਗਏ ਸੰਸਦ ਮੈਂਬਰਾਂ ਦੀ ਪੜ੍ਹਾਈ ਦੇ ਅੰਕੜੇ

ਗੱਲ ਤੀਜੀ ਲੋਕ ਸਭਾ 1962 ਦੀ ਕਰੀਏ ਤਾਂ ਇਸ ਦੌਰਾਨ ਦੇਸ਼ ਵਿਚ ਇਕ ਮੌਕਾ ਅਜਿਹਾ ਵੀ ਆਇਆ, ਜਦੋਂ ਸਭ ਤੋਂ ਘੱਟ ਪੜ੍ਹੀ-ਲਿਖੀ ਸੰਸਦ ਚੁਣੀ ਗਈ। ਇਸ ਦੌਰਾਨ 141 ਅਜਿਹੇ ਸੰਸਦ ਮੈਂਬਰ ਸਨ, ਜੋ ਦਸਵੀਂ ਤੋਂ ਵੀ ਘੱਟ ਪੜ੍ਹੇ-ਲਿਖੇ ਜਾਂ ਫਿਰ ਕੋਰੇ ਅਨਪੜ੍ਹ ਹੀ ਸਨ। ਇਸ ਤੋਂ ਇਲਾਵਾ 87 ਮੈਂਬਰ ਦਸਵੀਂ ਪਾਸ, 157 ਮੈਂਬਰ ਬੀ. ਏ. ਪਾਸ, 93 ਮੈਂਬਰ ਐੱਮ. ਏ. ਪਾਸ, ਸੱਤ ਮੈਂਬਰਾਂ ਨੇ ਪੀ. ਐੱਚ.ਡੀ ਕੀਤੀ ਹੋਈ ਸੀ, ਜੋ ਜਿੱਤ ਕੇ ਸੰਸਦ ਭਵਨ ਤੱਕ ਪੁੱਜੇ ਸਨ। ਇਸ ਤੋਂ ਬਾਅਦ ਸੰਸਦ ਮੈਂਬਰਾਂ ਦੇ ਪੜ੍ਹੇ-ਲਿਖੇ ਹੋਣ ਦੀ ਦਰ ਵਿਚ ਲਗਾਤਾਰ ਸੁਧਾਰ ਹੁੰਦਾ ਰਿਹਾ। ਪਿਛਲੀ ਲੋਕ ਸਭਾ ਚੋਣ ਸਾਲ 2014 ਦੇ ਅੰਕੜਿਆਂ ’ਤੇ ਝਾਤੀ ਮਾਰੀਏ ਤਾਂ ਇਸ ਦੌਰਾਨ ਵੀ 16 ਸੰਸਦ ਮੈਂਬਰ ਅਜਿਹੇ ਸਨ ਜੋ, ਦਸਵੀਂ ਤੋਂ ਘੱਟ ਪੜ੍ਹੇ-ਲਿਖੇ ਹਨ। ਇਸ ਦੇ ਨਾਲ-ਨਾਲ 102 ਸੰਸਦ ਮੈਂਬਰ ਦਸਵੀਂ ਪਾਸ, 157 ਬੀ. ਏ ਪਾਸ, 161 ਐੱਮ. ਏ ਪਾਸ ਅਤੇ 41 ਸੰਸਦ ਮੈਂਬਰ ਅਜਿਹੇ ਹਨ, ਜਿਨ੍ਹਾਂ ਨੇ ਪੀ. ਐੱਚ. ਡੀ ਕੀਤੀ ਹੋਈ ਹੈ।
ਗ੍ਰਾਫ ਵਿਚ ਦਰਸਾਏ ਗਏ 2014 ਦੀ ਲੋਕ ਸਭਾ ਵਿਚ ਚੁਣੇ ਗਏ ਸੰਸਦ ਮੈਂਬਰਾਂ ਦੀ ਪੜ੍ਹਾਈ ਦੇ ਅੰਕੜੇ

ਇਸ ਦੇ ਨਾਲ ਗੱਲ ਪੰਜਾਬ ਦੇ ਮੌਜੂਦਾ ਹਾਲਾਤ ਦੀ ਕਰੀਏ ਤਾਂ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੀਆਂ 13 ਸੀਟਾਂ 'ਤੇ ਇਸ ਵਾਰ 278 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 124 ਉਮੀਦਵਾਰ ਚੌਥੀ ਤੋਂ ਲੈ ਕੇ 12ਵੀਂ ਪਾਸ ਹਨ ਅਤੇ 36 ਉਮੀਦਵਾਰ ਅਜਿਹੇ ਵੀ ਹਨ, ਜੋ ਅੰਗੂਠਾ ਛਾਪ ਹਨ। ਐਫੀਡੇਵਿਟ 'ਚ ਇਨ੍ਹਾਂ ਉਮੀਦਵਾਰਾਂ ਨੇ ਦਸਤਖਤ ਦੀ ਬਜਾਏ ਅੰਗੂਠਾ ਹੀ ਲਗਾਇਆ ਹੈ। ਅਨਪੜ੍ਹ ਉਮੀਦਵਾਰਾਂ 'ਚ ਅੰਮ੍ਰਿਤਸਰ ਅਤੇ ਖਡੂਰ ਸਾਹਿਬ ਸਭ ਤੋਂ ਅੱਗੇ ਹਨ। ਇਸ ਤੋਂ ਇਲਾਵਾ ਪੰਜਾਬ ਵਿਚੋਂ 105 ਉਮੀਦਵਾਰ ਉੱਚ ਸਿੱਖਿਆ ਪ੍ਰਾਪਤ ਵੀ ਹਨ। ਉੱਚ ਸਿੱਖਿਆ ਪ੍ਰਾਪਤੀ ਵਾਲੇ ਜਿਆਦਾਤਰ ਉਮੀਦਵਾਰ ਪਟਿਆਲਾ ਅਤੇ ਸੰਗਰੂਰ ਸੀਟਾਂ 'ਤੇ ਹਨ।
'ਸੁਖਬੀਰ ਆਪਣੇ ਆਪ ਨੂੰ ਆਉਣ ਵਾਲਾ ਮੁੱਖ ਮੰਤਰੀ ਦੱਸ ਵੋਟਰਾਂ 'ਤੇ ਪਾ ਰਿਹੈ ਡੋਰੇ'
NEXT STORY