ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ 'ਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਗਈ ਕੈਥ ਲੈਬ ਸਫੈਦ ਹਾਥੀ ਸਾਬਿਤ ਹੋ ਰਹੀ ਹੈ। ਹਸਪਤਾਲ ਪ੍ਰਸ਼ਾਸਨ ਵੱਲੋਂ ਸਟਾਫ ਨੂੰ ਵਿਸ਼ੇਸ਼ ਟ੍ਰੇਨਿੰਗ ਦੇਣ ਦੇ ਬਾਵਜੂਦ ਲੈਬ ਸ਼ੁਰੂ ਨਹੀਂ ਕੀਤੀ ਜਾ ਰਹੀ। ਹਸਪਤਾਲ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਜਿਥੇ ਦਿਲ ਦੇ ਰੋਗਾਂ ਨਾਲ ਸਬੰਧਤ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਲੱਖਾਂ ਰੁਪਏ ਖਰਚ ਕਰ ਕੇ ਪ੍ਰਾਈਵੇਟ ਹਸਪਤਾਲਾਂ 'ਚ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਉਥੇ ਹੀ ਮਰੀਜ਼ਾਂ ਦੀ ਸੁਵਿਧਾ ਲਈ ਲਾਈ ਗਈ ਕਰੋੜਾਂ ਰੁਪਏ ਦੀ ਮਸ਼ੀਨਰੀ ਵੀ ਕਿਸੇ ਕੰਮ ਨਹੀਂ ਆ ਰਹੀ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਵਿਚ ਸਾਲ 2016 'ਚ 3 ਕਰੋੜ ਤੋਂ ਵੱਧ ਰਾਸ਼ੀ ਖਰਚ ਕਰ ਕੇ ਮਰੀਜ਼ਾਂ ਦੀ ਸੁਵਿਧਾ ਲਈ ਪੰਜਾਬ ਦੀ ਪਹਿਲੀ ਕੈਥ ਲੈਬ ਸਥਾਪਤ ਕੀਤੀ ਗਈ ਸੀ, ਜਿਸ ਨੂੰ ਚਲਾਉਣ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦੀ ਅਤਿ-ਆਧੁਨਿਕ ਚਕਿਤਸਾ ਸਮੱਗਰੀ ਵੀ ਇੰਸਟਾਲ ਕੀਤੀ ਗਈ। 2 ਸਾਲ ਲੰਘ ਜਾਣ ਤੋਂ ਬਾਅਦ ਵੀ ਹਸਪਤਾਲ ਕੋਲ ਡਾਕਟਰ ਨਾ ਹੋਣ ਕਾਰਨ ਇਸ ਨੂੰ ਚਲਾਇਆ ਨਹੀਂ ਜਾ ਸਕਿਆ। ਇਸ ਤੋਂ ਬਾਅਦ ਸਰਕਾਰ ਨੇ ਗੁਰੂ ਨਾਨਕ ਦੇਵ ਹਸਪਤਾਲ ਦੇ ਹਾਰਟ ਸਪੈਸ਼ਲਿਸਟ ਡਾਕਟਰਾਂ ਅਤੇ ਤਕਨੀਕੀ ਸਟਾਫ ਨੂੰ ਕੈਥ ਲੈਬ ਦੀ ਕਾਰਜ ਪ੍ਰਣਾਲੀ ਸਮਝਾਉਣ ਲਈ ਪੀ. ਜੀ. ਆਈ. ਚੰਡੀਗੜ੍ਹ ਤੋਂ ਟ੍ਰੇਨਿੰਗ ਦਿਵਾਈ। ਇਹ ਡਾਕਟਰ ਅਤੇ ਸਟਾਫ ਟ੍ਰੇਨਿੰਗ ਪੂਰੀ ਕਰ ਕੇ ਪਰਤ ਵੀ ਆਏ ਪਰ ਕੈਥ ਲੈਬ ਨਹੀਂ ਚਲਾਈ ਜਾ ਸਕੀ।
ਲੈਬ ਸ਼ੁਰੂ ਹੋਣ ਨਾਲ ਲੱਖਾਂ ਦਾ ਇਲਾਜ ਹੋਵੇਗਾ ਹਜ਼ਾਰਾਂ 'ਚ : ਲੈਬ ਦਾ ਮੁੱਖ ਕੰਮ ਦਿਲ ਸਬੰਧੀ ਬੀਮਾਰੀਆਂ ਦੀ ਪਛਾਣ ਕਰ ਕੇ ਇਲਾਜ ਕਰਨਾ ਹੈ। ਪ੍ਰਾਈਵੇਟ ਹਸਪਤਾਲਾਂ ਵੱਲੋਂ ਸਟੰਟ ਪਾਉਣ ਲਈ ਲੱਖਾਂ ਰੁਪਏ ਲਏ ਜਾਂਦੇ ਹਨ ਪਰ ਉਕਤ ਲੈਬ ਸ਼ੁਰੂ ਹੋਣ ਨਾਲ ਇਹ ਖਰਚਾ ਹਜ਼ਾਰਾਂ 'ਚ ਰਹਿ ਜਾਵੇਗਾ। ਪੰਜਾਬ ਵਿਚ ਦਿਲ ਦੇ ਰੋਗਾਂ ਨਾਲ ਸਬੰਧਤ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਇਹ ਲੋਕ ਨਿੱਜੀ ਹਸਪਤਾਲਾਂ ਵਿਚ ਮਹਿੰਗਾ ਇਲਾਜ ਕਰਵਾਉਣ ਨੂੰ ਮਜਬੂਰ ਹਨ। ਹੁਣ ਤਾਂ ਅਜਿਹਾ ਲੱਗਦਾ ਹੈ ਕਿ ਇਸ ਸਰਕਾਰੀ ਲੈਬ ਨੂੰ ਸ਼ੁਰੂ ਨਾ ਕਰਵਾਉਣ ਪਿੱਛੇ ਨਿੱਜੀ ਹਸਪਤਾਲਾਂ ਨੂੰ ਲਾਭ ਦੇਣ ਦੀ ਸਾਜ਼ਿਸ਼ ਹੈ। ਹਾਲਾਤ ਅਜਿਹੇ ਹਨ ਕਿ ਕੈਥ ਲੈਬ ਵਿਚ ਸਥਾਪਤ ਮਹਿੰਗੇ ਚਕਿਤਸਾ ਸਮੱਗਰੀ ਧੂੜ ਫੱਕ ਰਹੀ ਹੈ। ਪਿਛਲੇ ਸਾਲ ਇਸ ਲੈਬ ਦੀ ਇਲੈਕਟ੍ਰਾਨਿਕਸ ਵਾਇਰ ਨੂੰ ਚੂਹਿਆਂ ਨੇ ਕੁਤਰ ਦਿੱਤਾ ਸੀ।
ਕਈ ਵਾਰ ਦਿੱਤੇ ਜਾ ਚੁੱਕੇ ਹਨ ਮੈਮੋਰੰਡਮ : ਕੈਥ ਲੈਬ ਸ਼ੁਰੂ ਕਰਵਾਉਣ ਲਈ ਸਮਾਜ ਸੇਵਕ ਰਵਿੰਦਰ ਸ਼ਰਮਾ ਸੁਲਤਾਨਵਿੰਡ ਤੇ ਪੰਡਿਤ ਰਜਿੰਦਰ ਸ਼ਰਮਾ ਰਾਜੂ ਕਈ ਵਾਰ ਮੈਡੀਕਲ ਕਾਲਜ ਦੇ ਅਧਿਕਾਰੀਆਂ ਨੂੰ ਮੈਮੋਰੰਡਮ ਵੀ ਦੇ ਚੁੱਕੇ ਹਨ। ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾ. ਸੋਹਨ ਸਿੰਘ ਤੇ ਸਾਬਕਾ ਮੈਡੀਕਲ ਸੁਪਰਡੈਂਟ ਡਾ. ਸ਼ਰਮਾ ਨੂੰ ਵੀ ਸਮਾਜ ਸੇਵੀ ਮੈਮੋਰੰਡਮ ਦੇ ਚੁੱਕੇ ਹਨ ਪਰ ਅਧਿਕਾਰੀਆਂ ਨੇ ਅੱਜ ਤੱਕ ਲੈਬ ਨੂੰ ਸ਼ੁਰੂ ਕਰਵਾਉਣ ਲਈ ਕੋਈ ਠੋਸ ਕੋਸ਼ਿਸ਼ ਨਹੀਂ ਕੀਤੀ। ਸੁਲਤਾਨਵਿੰਡ ਅਤੇ ਸ਼ਰਮਾ ਨੇ ਅੱਜ ਵੀ ਨਵੇਂ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਸੋਹਲ ਨੂੰ ਲੈਬ ਸ਼ੁਰੂ ਕਰਵਾਉਣ ਲਈ ਮੈਮੋਰੰਡਮ ਦਿੱਤਾ ਹੈ।
ਮਾਮਲੇ ਦੀ ਕਰਵਾਈ ਜਾਵੇਗੀ ਜਾਂਚ : ਗੁਰੂ ਨਾਨਕ ਦੇਵ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਐੱਚ. ਐੱਸ. ਸੋਹਲ ਨੇ ਕਿਹਾ ਕਿ ਕੈਥ ਲੈਬ ਸਟਾਫ ਹੋਣ ਦੇ ਬਾਵਜੂਦ ਅੱਜ ਤੱਕ ਸ਼ੁਰੂ ਕਿਉਂ ਨਹੀਂ ਹੋਈ, ਇਹ ਇਕ ਜਾਂਚ ਦਾ ਵਿਸ਼ਾ ਹੈ। ਉਕਤ ਅਹੁਦਾ ਸੰਭਾਲੇ ਉਨ੍ਹਾਂ ਨੂੰ ਅਜੇ ਕੁਝ ਸਮਾਂ ਹੋਇਆ ਹੈ, ਉਹ ਮਾਮਲੇ ਦੀ ਜਾਂਚ ਕਰਵਾ ਕੇ ਲੈਬ ਸ਼ੁਰੂ ਕਰਵਾਉਣ ਲਈ ਤੁਰੰਤ ਕੋਸ਼ਿਸ਼ ਕਰਨਗੇ।
15 ਕਿਲੋ ਲਾਹਣ ਬਰਾਮਦ, ਮੁਲਜ਼ਮ ਫਰਾਰ
NEXT STORY