ਚੰਡੀਗੜ੍ਹ (ਬਿਊਰੋ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਹੋਈ ਦਰਦਨਾਕ ਮੌਤ ਮਗਰੋਂ ਉਨ੍ਹਾਂ ਵੱਲੋਂ ਲਿਖਿਆ ਹੋਇਆ ਗੀਤ ‘SYL’ ਅੱਜ ਰਿਲੀਜ਼ ਹੋ ਗਿਆ। ਇਸ ਗੀਤ ਦੀ ਦੁਨੀਆ ਭਰ ’ਚ ਵਸਦੇ ਸਰੋਤਿਆਂ ਸਮੇਤ ਪੰਜਾਬੀਆਂ ਵੱਲੋਂ ਉਡੀਕ ਕੀਤੀ ਜਾ ਰਹੀ ਸੀ। ਮੂਸੇਵਾਲਾ ਵੱਲੋਂ ਲਿਖੇ ਤੇ ਗਾਏ ਇਸ ਗੀਤ ’ਚ ਪੰਜਾਬ ਦੇ ਬਹੁਤ ਹੀ ਭਖ਼ਦੇ ਮੁੱਦਿਆਂ ਨੂੰ ਚੁੱਕਿਆ ਗਿਆ ਹੈ। ਜਿਵੇਂ ਕਿ ਇਸ ਗੀਤ ਦੇ ਨਾਂ ‘SYL’ ਤੋਂ ਹੀ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਸਤਲੁੱਜ-ਯਮੁਨਾ ਲਿੰਕ ਨਹਿਰ ’ਤੇ ਆਧਾਰਿਤ ਹੈ। ਇਹ ਗੀਤ ਪੰਜਾਬ ਦੇ ਪਾਣੀਆਂ ਦੇ ਮੁੱਦੇ, ਦਰਿਆਈ ਪਾਣੀਆਂ ’ਤੇ ਪੰਜਾਬ ਦੇ ਅਧਿਕਾਰਾਂ ਤੇ ਬੰਦੀ ਸਿੱਖ ਕੈਦੀਆਂ ’ਤੇ ਸਿੱਧੂ ਮੂਸੇਵਾਲਾ ਨੇ ਬੜੀ ਬੇਬਾਕੀ ਨਾਲ ਲਿਖਿਆ ਤੇ ਗਾਇਆ ਹੈ। ਇਸ ਗੀਤ ’ਚ ਬਲਵਿੰਦਰ ਜਟਾਣਾ ਨਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਪਿੱਛੋਂ ਹਰ ਕੋਈ ਬਲਵਿੰਦਰ ਜਟਾਣਾ ਬਾਰੇ ਜਾਣਨਾ ਚਾਹੁੰਦਾ ਹੈ ਕਿ ਉਹ ਕੌਣ ਹੈ। ਦਰਅਸਲ, ਐੱਸ. ਵਾਈ. ਐੱਲ. ਨਹਿਰ ਦੇ ਵਿਰੋਧ ’ਚ ਉਸ ਦੀ ਅਹਿਮ ਭੂਮਿਕਾ ਹੈ। ਬਲਵਿੰਦਰ ਜਟਾਣਾ ਖਾਲਿਸਤਾਨ ਪੱਖੀ ਜਥੇਬੰਦੀ ਬੱਬਰ ਖਾਲਸਾ ਦਾ ਅੱਤਵਾਦੀ ਸੀ, ਜਿਸ ਨੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ 1990 ’ਚ ਚੰਡੀਗੜ੍ਹ ਦੇ ਇਕ ਦਫ਼ਤਰ ’ਚ ਨਹਿਰ ਦੀ ਉਸਾਰੀ ਨੂੰ ਲੈ ਕੇ ਚਰਚਾ ਕਰ ਰਹੇ ਮੁੱਖ ਇੰਜੀਨੀਅਰ ਤੇ ਨਿਗਰਾਨ ਇੰਜੀਨੀਅਰ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘SYL’ ਯੂਟਿਊਬ ’ਤੇ ਛਾਇਆ, 30 ਮਿੰਟਾਂ ’ਚ ਹੋਏ 1 ਮਿਲੀਅਨ ਵਿਊ
SYL ‘ਸਤਲੁਜ-ਯਮੁਨਾ ਲਿੰਕ ਨਹਿਰ’ 214 ਕਿਲੋਮੀਟਰ ਲੰਬੀ ਹੈ, ਜੋ ਨਿਰਮਾਣ ਅਧੀਨ ਹੈ ਅਤੇ ਇਸ ਦਾ ਮਕਸਦ ਪੰਜਾਬ ਦੇ ਪਾਣੀਆਂ ਨੂੰ ਹਰਿਆਣਾ ਸੂਬੇ ਨਾਲ ਸਾਂਝਾ ਕਰਨਾ ਸੀ। ਉਸ ਸਮੇਂ ਇਸੇ ਨਹਿਰ ਦੀ ਉਸਾਰੀ ਨੂੰ ਲੈ ਕੇ ਚੰਡੀਗੜ੍ਹ ’ਚ ਮੀਟਿੰਗ ਹੋ ਰਹੀ ਸੀ। ਇਸੇ ਦੌਰਾਨ ਬਲਵਿੰਦਰ ਸਿੰਘ ਜਟਾਣਾ ਆਪਣੇ ਹੋਰ ਸਾਥੀਆਂ ਨਾਲ ਐੱਸ. ਵਾਈ. ਐੱਲ. ਪ੍ਰਾਜੈਕਟ ਦੇ ਮੁੱਖ ਦਫਤਰ ਪੁੱਜਿਆ। ਉਸ ਨੇ ਇਸ ਪ੍ਰਾਜੈਕਟ ਨਾਲ ਸਬੰਧਿਤ 2 ਇੰਜੀਨੀਅਰਾਂ ਦਾ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਐੱਸ. ਵਾਈ. ਐੱਲ. ਦਾ ਪ੍ਰਾਜੈਕਟ ਠੰਡੇ ਬਸਤੇ ’ਚ ਪੈ ਗਿਆ। ਇਸ ਮਗਰੋਂ ਪੁਲਸ ਨੇ ਜਟਾਣਾ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਪੁਲਸ ਉਸ ਦੇ ਘਰ ਪਹੁੰਚੀ, ਜਿੱਥੇ ਜਟਾਣਾ ਤਾਂ ਨਹੀਂ ਮਿਲਿਆ ਪਰ ਉਸ ਦਾ ਪਰਿਵਾਰ ਪੁਲਸ ਨਾਲ ਉਲਝ ਗਿਆ। ਜਟਾਣਾ ਦੀ ਸਾਥੀ ਰਹੀ ਨਿਰਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਉਸ ਸਮੇਂ ਇਕ ਪੂਹਲਾ ਨਿਹੰਗ ਦੀ ਮਦਦ ਨਾਲ ਜਟਾਣਾ ਦੀ ਦਾਦੀ ਦਵਾਰਕੀ ਕੌਰ, ਮਾਸੀ ਜਮਸ਼ੇਰ ਕੌਰ, ਭੈਣ ਮਨਪ੍ਰੀਤ ਕੌਰ ਅਤੇ ਭਤੀਜੇ ਸਿਮਰਨਜੀਤ ਸਿੰਘ ਨੂੰ ਪੁਲਸ ਨੇ ਜ਼ਿੰਦਾ ਸਾੜ ਦਿੱਤਾ ਸੀ। ਨਿਰਪ੍ਰੀਤ ਕੌਰ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਟਾਣਾ ਨੇ ਇੰਜੀਨੀਅਰਾਂ ਨੂੰ ਮਾਰਿਆ ਸੀ। ਇਸ ਪਿੱਛੋਂ ਪੁਲਸ ਬਲਵਿੰਦਰ ਜਟਾਣਾ ’ਤੇ 16 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ। ਪੁਲਸ ਨੇ ਗੋਲ਼ੀਆਂ ਮਾਰ ਕੇ ਬਲਵਿੰਦਰ ਜਟਾਣਾ ਦਾ ਐਨਕਾਊਂਟਰ ਕਰ ਦਿੱਤਾ ਸੀ। ਐੱਸ. ਵਾਈ. ਐੱਲ. ਦੀ ਮੁਅੱਤਲੀ ’ਚ ਬਲਵਿੰਦਰ ਜਟਾਣਾ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ।
ਇਹ ਵੀ ਪੜ੍ਹੁੋ : ਹੁਣ ਇਸ ਸਾਬਕਾ ਕਾਂਗਰਸੀ ਵਿਧਾਇਕ ਨੂੰ ਫ਼ੋਨ ’ਤੇ ਮਿਲੀ ਜਾਨੋਂ ਮਾਰਨ ਦੀ ਧਮਕੀ
ਸਰਕਾਰੀ ਕਣਕ ਪਲੰਥਾਂ ’ਚ 1.90 ਕਰੋੜ ਦਾ ਘਪਲਾ, ਵਿਭਾਗ ਵੱਲੋਂ ਚੈਕਿੰਗ ’ਤੇ ਮਾਮਲਾ ਦਰਜ
NEXT STORY