ਮਾਛੀਵਾੜਾ ਸਾਹਿਬ (ਟੱਕਰ) : ਕੈਨੇਡਾ ਰਹਿੰਦੀ ਆਪਣੀ ਪਤਨੀ ਬੇਅੰਤ ਕੌਰ ਵੱਲੋਂ ਧੋਖੇ ਦਾ ਸ਼ਿਕਾਰ ਹੋਣ ਕਾਰਨ ਨੌਜਵਾਨ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਮਾਮਲੇ ਤੋਂ ਬਾਅਦ ਅਜਿਹੇ ਸੈਂਕੜੇ ਮਾਮਲੇ ਸਾਹਮਣੇ ਆ ਰਹੇ ਹਨ, ਜਿੱਥੇ ਵਿਆਹ ਕਰਵਾ ਕੇ ਕੈਨੇਡਾ ਗਈਆਂ ਨਵ-ਵਿਆਹੁਤਾ ਪਤਨੀਆਂ ਵੱਲੋਂ ਆਪਣੇ ਪਤੀਆਂ ਨਾਲ ਲੱਖਾਂ ਰੁਪਏ ਦੀ ਧੋਖਾਧੜੀ ਕੀਤੀ ਗਈ ਅਤੇ ਉਨ੍ਹਾਂ ਨੂੰ ਵਿਦੇਸ਼ ਨਹੀਂ ਬੁਲਾਇਆ। ਮਾਛੀਵਾੜਾ ਇਲਾਕੇ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਦੇ ਪਿਤਾ ਵੱਲੋਂ ਦਿੱਤੀ ਸ਼ਿਕਾਇਤ ਦੇ ਆਧਾਰ ’ਤੇ ਮਾਛੀਵਾੜਾ ਪੁਲਸ ਵੱਲੋਂ ਕੈਨੇਡਾ ਗਈ ਨਵ-ਵਿਆਹੁਤਾ ਪਤਨੀ ਸਤਵੀਰ ਕੌਰ, ਉਸਦੀ ਸੱਸ ਨਿਰਮਲ ਕੌਰ, ਸਹੁਰਾ ਪੁਸ਼ਪਿੰਦਰ ਸਿੰਘ ਅਤੇ ਪਤਨੀ ਦੇ ਕੈਨੇਡਾ ਵਿਖੇ ਰਹਿੰਦੇ ਪ੍ਰੇਮੀ ਜਤਿੰਦਰ ਸਿੰਘ ਵਾਸੀ ਨੌਸ਼ਹਿਰਾ ਪੱਤਣ ਹਾਲ ਨਿਵਾਸੀ ਬਰੈਂਪਟਨ (ਕੈਨੇਡਾ) ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਦੇ ਪਿਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪੁੱਤਰ ਕਾਲਜ ਵਿਖੇ ਪੜ੍ਹਦਾ ਸੀ, ਜਿੱਥੇ ਉਸਦੀ ਦੋਸਤੀ ਸਤਵੀਰ ਕੌਰ ਨਾਮਕ ਕੁੜੀ ਨਾਲ ਹੋ ਗਈ।
ਇਹ ਵੀ ਪੜ੍ਹੋ : ਸਾਬਕਾ ਪ੍ਰਧਾਨ 'ਜਾਖੜ' ਨੂੰ ਮਿਲਣ ਮਗਰੋਂ ਬੋਲੇ ਨਵਜੋਤ ਸਿੱਧੂ, 'ਵੱਡੇ ਭਰਾ ਨੇ ਵੱਡਾ ਦਿਲ ਦਿਖਾਇਆ'
ਉਸ ਦੇ ਪੁੱਤਰ ਨੂੰ ਸਤਵੀਰ ਕੌਰ ਨੇ ਕਿਹਾ ਕਿ ਉਹ ਵਿਦੇਸ਼ ਜਾਣਾ ਚਾਹੁੰਦੀ ਹੈ ਪਰ ਉਸਦੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ, ਜਿਸ ਕਾਰਨ ਉਹ ਵਿਦੇਸ਼ ਨਹੀਂ ਜਾ ਸਕਦੀ। ਸਤਵੀਰ ਕੌਰ ਨੇ ਉਸ ਦੇ ਪੁੱਤਰ ਨੂੰ ਕਿਹਾ ਕਿ ਉਹ ਆਈਲੈੱਟਸ ਕਰ ਸਕਦੀ ਹੈ ਅਤੇ ਵਿਦੇਸ਼ ਜਾ ਕੇ ਉਸ ਨੂੰ ਬੁਲਾ ਲਵੇਗੀ ਪਰ ਖ਼ਰਚਾ ਸਾਰਾ ਲੜਕੇ ਪਰਿਵਾਰ ਦਾ ਹੋਵੇਗਾ। ਬਿਆਨਕਰਤਾ ਅਨੁਸਾਰ ਦੋਵੇਂ ਪਰਿਵਾਰ ਇਸ ਗੱਲ ’ਤੇ ਸਹਿਮਤ ਹੋ ਗਏ ਅਤੇ ਅਸੀਂ ਪੈਸੇ ਖ਼ਰਚ ਕੇ ਕੁੜੀ ਨੂੰ ਆਈਲੈੱਟਸ ਕਰਵਾਈ ਅਤੇ ਫਿਰ ਉਸਦੀ ਇੱਕ ਸਾਲ ਦੀ ਕੈਨੇਡਾ ਵਿਖੇ ਫੀਸ ਵੀ ਜਮ੍ਹਾਂ ਕਰਵਾ ਦਿੱਤੀ। ਦੋਵੇਂ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਨਾਲ 18 ਅਕਤੂਬਰ, 2018 ਨੂੰ ਸਤਵੀਰ ਕੌਰ ਤੇ ਉਸਦੇ ਪੁੱਤਰ ਦਾ ਵਿਆਹ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਕੁੜੀ ਆਪਣੇ ਪੇਕੇ ਘਰ ਹੀ ਰਹੀ। ਬਿਆਨਕਰਤਾ ਅਨੁਸਾਰ ਕੁੜੀ ਦੇ ਪਰਿਵਾਰ ਨੇ ਇਹ ਕਿਹਾ ਕਿ ਜਦੋਂ ਸਤਵੀਰ ਕੌਰ ਦਾ ਵੀਜ਼ਾ ਆ ਜਾਵੇਗਾ ਤਾਂ ਉਸਨੂੰ ਸਹੁਰੇ ਘਰ ਭੇਜ ਦੇਣਗੇ।
ਇਹ ਵੀ ਪੜ੍ਹੋ : 'ਸਿੱਧੂ' ਦੇ ਪ੍ਰਧਾਨ ਬਣਨ ਮਗਰੋਂ ਬਦਲੀ ਪੰਜਾਬ ਕਾਂਗਰਸ ਦੇ ਦਫ਼ਤਰ ਦੀ ਤਸਵੀਰ, ਲੱਗੇ ਨਵੇਂ ਪੋਸਟਰ
ਬਿਆਨਕਰਤਾ ਅਨੁਸਾਰ ਉਨ੍ਹਾਂ ਵੱਲੋਂ ਸਤਵੀਰ ਕੌਰ ਨੂੰ ਵਿਦੇਸ਼ ਭੇਜਣ ਲਈ ਕਾਲਜ ਫ਼ੀਸ ਤੇ ਹੋਰ ਵੱਖ-ਵੱਖ ਖ਼ਰਚਿਆਂ ਸਮੇਤ ਕੁੱਲ 25 ਲੱਖ ਰੁਪਏ ਖ਼ਰਚ ਕੀਤੇ ਅਤੇ ਦੋਵਾਂ ਦਾ ਵਿਆਹ ਵੀ ਰਜਿਸਟਰਡ ਕਰਵਾ ਦਿੱਤਾ ਗਿਆ ਪਰ ਉਸਦੇ ਬਾਵਜੂਦ ਵੀ ਮਾਪਿਆਂ ਨੇ ਸਤਵੀਰ ਕੌਰ ਨੂੰ ਸਹੁਰੇ ਘਰ ਨਾ ਭੇਜਿਆ, ਜਿਸ ਤੋਂ ਇਹ ਲੱਗਦਾ ਹੈ ਕਿ ਉਨ੍ਹਾਂ ਦੇ ਮਨ ਵਿਚ ਪਹਿਲਾਂ ਹੀ ਧੋਖਾਧੜੀ ਕਰਨ ਦੀ ਯੋਜਨਾ ਸੀ। ਸਤਵੀਰ ਕੌਰ 5 ਦਸੰਬਰ, 2019 ਨੂੰ ਕੈਨੇਡਾ ਚਲੀ ਗਈ ਅਤੇ ਉਸ ਤੋਂ ਬਾਅਦ ਜਦੋਂ ਨੌਜਵਾਨ ਨੇ ਆਪਣੀ ਪਤਨੀ ਨੂੰ ਵਿਦੇਸ਼ ਬੁਲਾਉਣ ਬਾਰੇ ਪੁੱਛਿਆ ਤਾਂ ਉਸ ਨੇ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਅਪ੍ਰੈਲ, 2020 ਵਿਚ ਸਤਵੀਰ ਕੌਰ ਨੇ ਸਾਫ਼ ਹੀ ਮਨ੍ਹਾ ਕਰ ਦਿੱਤਾ ਕਿ ਉਹ ਆਪਣੇ ਪਤੀ ਤੇ ਸਹੁਰੇ ਪਰਿਵਾਰ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਕਿਉਂਕਿ ਉਸਦੀ ਇੱਛਾ ਕੈਨੇਡਾ ਆਉਣ ਦੀ ਸੀ, ਜੋ ਹੁਣ ਪੂਰੀ ਹੋ ਗਈ। ਨੌਜਵਾਨ ਦੇ ਪਿਤਾ ਨੇ ਇਹ ਵੀ ਦੋਸ਼ ਲਗਾਇਆ ਕਿ ਉਸਦੀ ਨੂੰਹ ਕੈਨੇਡਾ ਵਿਖੇ ਇੱਕ ਹੋਰ ਨੌਜਵਾਨ ਜਤਿੰਦਰ ਸਿੰਘ, ਜੋ ਉਸਦਾ ਪ੍ਰੇਮੀ ਹੈ ਨਾਲ ਰਹਿ ਰਹੀ ਹੈ, ਜਿਨ੍ਹਾਂ ਨੇ ਰਲ ਕੇ ਸਾਡੇ ਨਾਲ 25 ਲੱਖ ਰੁਪਏ ਦੀ ਠੱਗੀ ਮਾਰੀ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਉਪਰੰਤ ਕੈਨੇਡਾ ਵਿਖੇ ਰਹਿੰਦੀ ਪਤਨੀ ਸਤਵੀਰ ਕੌਰ, ਉਸਦੀ ਮਾਂ ਨਿਰਮਲ ਕੌਰ, ਪਿਤਾ ਪੁਸ਼ਪਿੰਦਰ ਸਿੰਘ ਅਤੇ ਕੈਨੇਡਾ ਵਿਖੇ ਰਹਿੰਦੇ ਪ੍ਰੇਮੀ ਜਤਿੰਦਰ ਸਿੰਘ ਵਾਸੀ ਨੌਸ਼ਹਿਰਾ ਪੱਤਣ ਹਾਲ ਨਿਵਾਸੀ ਬਰੈਂਪਟਨ (ਕੈਨੇਡਾ) ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਇਹ ਵੀ ਪੜ੍ਹੋ : 'ਛੱਤਬੀੜ ਚਿੜੀਆਘਰ' ਘੁੰਮਣ ਵਾਲੇ ਸੈਲਾਨੀਆਂ ਲਈ ਚੰਗੀ ਖ਼ਬਰ, ਇਸ ਤਾਰੀਖ਼ ਤੋਂ ਮੁੜ ਖੁੱਲ੍ਹੇਗਾ
ਪਤਨੀ ਦਾ ਪ੍ਰੇਮੀ ਕੈਨੇਡਾ ਤੋਂ ਜਾਨੋ ਮਾਰਨ ਦੀਆਂ ਦੇ ਰਹੀਆਂ ਧਮਕੀਆਂ
25 ਲੱਖ ਰੁਪਏ ਦੀ ਧੋਖਾਧੜੀ ਦਾ ਸ਼ਿਕਾਰ ਹੋਇਆ ਨੌਜਵਾਨ ਜੋ ਕਿ ਬਹੁਤ ਹੀ ਤਣਾਅ ਵਿਚ ਸੀ ਅਤੇ ਉਸਦੇ ਪਿਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਵਿਦੇਸ਼ ਗਈ ਉਨ੍ਹਾਂ ਦੀ ਨੂੰਹ ਸਤਵੀਰ ਕੌਰ ਦੇ ਪ੍ਰੇਮੀ ਜਤਿੰਦਰ ਨੇ 24 ਸਤੰਬਰ 2020 ਨੂੰ ਵਿਦੇਸ਼ ਤੋਂ ਫੋਨ ਕਰਕੇ ਸਾਨੂੰ ਧਮਕਾਇਆ ਕਿ ਜੇਕਰ ਉਨ੍ਹਾਂ ਨੇ ਕਦੇ ਕੈਨੇਡਾ ਫੋਨ ਕੀਤਾ ਜਾਂ ਸਤਵੀਰ ਕੌਰ ਦੇ ਮਾਤਾ-ਪਿਤਾ ਨੂੰ ਤੰਗ ਕੀਤਾ ਤਾਂ ਉਨ੍ਹਾਂ ਨੂੰ ਜਾਨੋਂ ਮਰਵਾ ਦੇਵੇਗਾ। ਇਸ ਧਮਕੀ ਸਬੰਧੀ ਉਨ੍ਹਾਂ ਵੱਲੋਂ ਪੰਜਾਬ ਵਿਖੇ ਰਹਿੰਦੇ ਸਤਵੀਰ ਕੌਰ ਦੇ ਮਾਪਿਆਂ ਨਾਲ ਵੀ ਗੱਲ ਕੀਤੀ ਗਈ ਕਿ ਉਨ੍ਹਾਂ ਦੇ ਲੱਖਾਂ ਰੁਪਏ ਖ਼ਰਚਾ ਕੇ ਉਨ੍ਹਾਂ ਦੀ ਕੁੜੀ ਕੋਈ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ ਅਤੇ ਨਾ ਹੀ ਮੁੰਡੇ ਨੂੰ ਕੈਨੇਡਾ ਬੁਲਾ ਰਹੀ ਹੈ, ਜਿਸ ’ਤੇ ਕੁੜੀ ਦੇ ਮਾਪਿਆਂ ਨੇ ਵੀ ਸਾਫ਼ ਕਿਹਾ ਕਿ ਜੋ ਕੁੱਝ ਕਰਨਾ ਕਰ ਲਓ, ਉਨ੍ਹਾਂ ਨੇ ਤਾਂ ਆਪਣੀ ਕੁੜੀ ਨੂੰ ਵਿਦੇਸ਼ ਭੇਜਣਾ ਸੀ।
ਨੋਟ : ਇਸ ਖ਼ਬਰ ਸੰਬਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
294 ਕਿਲੋ ਹੈਰੋਇਨ ਦਾ ਮਾਮਲਾ: ਪ੍ਰਭਜੀਤ ਦਾ ਆਕਾ ਅਜੇ ਵੀ ਸੁਰੱਖਿਆ ਏਜੰਸੀਆਂ ਦੇ ਸ਼ਿਕੰਜੇ ਤੋਂ ਬਾਹਰ
NEXT STORY