ਜਲੰਧਰ (ਵਰੁਣ) – ਸੋਮਵਾਰ ਨੂੰ ਹੋਈ ਪੁਲਸ ਕਮਿਸ਼ਨਰ ਅਤੇ ਹੋਰਨਾਂ ਅਧਿਕਾਰੀਆਂ ਦੀ ਮੀਟਿੰਗ ਵਿਚ ਫਿਲਹਾਲ ਲਈ ਆਨਲਾਈਨ ਚਲਾਨ ਕਰਨ ਦਾ ਪ੍ਰਾਜੈਕਟ ਰੋਕ ਦਿੱਤਾ ਗਿਆ ਹੈ, ਹਾਲਾਂਕਿ ਮੀਟਿੰਗ ਵਿਚ ਟ੍ਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਸੀ. ਪੀ. ਧਨਪ੍ਰੀਤ ਕੌਰ ਨੂੰ ਡੈਮੋ ਚਲਾਨ ਕਰ ਕੇ ਦਿਖਾਏ। ਆਨਲਾਈਨ ਚਲਾਨ ਕੱਟਣ ਦਾ ਟਰਾਇਲ ਤਾਂ ਪਾਸ ਹੋ ਗਿਆ ਪਰ ਪੁਲਸ ਦਾ ਮੰਨਣਾ ਹੈ ਕਿ ਅਚਾਨਕ ਲੋਕਾਂ ਦੇ ਆਨਲਾਈਨ ਚਲਾਨ ਕੱਟਣਾ ਗਲਤ ਹੋਵੇਗਾ, ਜਿਸ ਕਾਰਨ ਟ੍ਰੈਫਿਕ ਪੁਲਸ ਕੁਝ ਸਮੇਂ ਲਈ ਸ਼ਹਿਰ ਦੇ ਲੋਕਾਂ ਨੂੰ ਜਾਗਰੂਕ ਕਰੇਗੀ ਅਤੇ ਜੇਕਰ ਲੋਕ ਜਾਗਰੂਕ ਨਾ ਹੋਏ ਤਾਂ ਅਚਾਨਕ ਟ੍ਰੈਫਿਕ ਪੁਲਸ ਕਦੀ ਵੀ ਆਨਲਾਈਨ ਚਲਾਨ ਕੱਟਣਾ ਸ਼ੁਰੂ ਕਰ ਸਕਦੀ ਹੈ।
ਸ਼ਹਿਰ ਵਿਚ ਜ਼ੈਬਰਾ ਕਰਾਸਿੰਗ ਤੋਂ ਬਾਅਦ ਟ੍ਰੈਫਿਕ ਪੁਲਸ ਨੇ ਸ਼ਹਿਰ ਭਰ ਵਿਚ ਸਾਈਨ ਬੋਰਡ ਲੁਆ ਕੇ ਲੋਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ ਕਿ ਸੀ. ਸੀ. ਟੀ. ਵੀ. ਕੈਮਰੇ ਐਕਟਿਵ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਉਨ੍ਹਾਂ ਦੇ ਆਨਲਾਈਨ ਚਲਾਨ ਹੋ ਸਕਦੇ ਹਨ। ਸ਼ਹਿਰ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟਸ ਦੇ ਇਲਾਵਾ ਭੀੜ-ਭੜੱਕੇ ਵਾਲੇ ਚੌਰਾਹਿਆਂ ਤੋਂ ਲੈ ਕੇ ਜਿਥੇ ਟ੍ਰੈਫਿਕ ਦਾ ਲੋਡ ਵਧੇਰੇ ਰਹਿੰਦਾ ਹੈ, ਉਥੇ ਟ੍ਰੈਫਿਕ ਪੁਲਸ ਵਧੇਰੇ ਫੋਕਸ ਰੱਖੇਗੀ।
ਏ. ਡੀ. ਸੀ. ਪੀ. ਟ੍ਰੈਫਿਕ ਗੁਰਬਾਜ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਉਕਤ ਨਿਯਮ ਉਨ੍ਹਾਂ ’ਤੇ ਥੋਪਿਆ ਗਿਆ ਹੈ, ਇਸ ਲਈ ਟ੍ਰੈਫਿਕ ਪੁਲਸ ਲੋਕਾਂ ਨੂੰ ਕੁਝ ਸਮਾਂ ਦੇ ਰਹੀ ਹੈ। ਲੋਕਾਂ ਨੂੰ ਹੁਣ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਆਦਤ ਪਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਲੋਕ ਆਪਣੇ ਘਰਾਂ ਤੋਂ ਹੈਲਮੇਟ ਪਹਿਨ ਕੇ ਨਿਕਲਣ, ਗੱਡੀਆਂ ਚਲਾਉਂਦੇ ਸਮੇਂ ਸੀਟ ਬੈਲਟ ਦੀ ਵਰਤੋਂ ਕਰਨ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ, ਟ੍ਰਿਪਲ ਰਾਈਡਿੰਗ ਅਤੇ ਹਾਈ ਸਪੀਡ ਦੀ ਵਰਤੋਂ ਨਾ ਕਰਨ। ਸਾਰੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ। ਜੇਕਰ ਅਜਿਹਾ ਨਾ ਹੁੰਦਾ ਤਾਂ ਦੇਖਿਆ ਗਿਆ ਕਿ ਅਚਾਨਕ ਕਿਸੇ ਵੀ ਦਿਨ ਆਨਲਾਈਨ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਜਾਣਗੇ।
ਏ. ਡੀ. ਸੀ. ਪੀ. ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੀ ਤਿਆਰੀ ਪੂਰੀ ਕਰ ਲਈ ਗਈ ਹੈ। ਸੋਮਵਾਰ ਨੂੰ ਆਨਲਾਈਨ ਚਲਾਨ ਕੱਟਣ ਦਾ ਟਰਾਇਲ ਵੀ ਪਾਸ ਹੋ ਗਿਆ ਹੈ। ਦੱਸ ਦੇਈਏ ਕਿ 2019 ਵਿਚ ਸਮਾਰਟ ਸਿਟੀ ਤਹਿਤ ਸ਼ਹਿਰ ਵਿਚ ਇਕ ਸਰਵੇ ਤੋਂ ਬਾਅਦ 188 ਪੁਆਇੰਟਸ ’ਤੇ 1150 ਹਾਈ ਕੁਆਲਿਟੀ ਸੀ. ਸੀ. ਟੀ. ਵੀ. ਕੈਮਰੇ ਇੰਸਟਾਲ ਕੀਤੇ ਗਏ ਸਨ। ਇਸ ਨਾਲ ਟ੍ਰੈਫਿਕ ਨਿਯਮਾਂ ਨੂੰ ਤੋੜਨ ਵਾਲਿਆਂ ਦੇ ਨਾਲ-ਨਾਲ ਸਨੈਚਰਾਂ ’ਤੇ ਵੀ ਨਜ਼ਰ ਰੱਖੀ ਜਾ ਸਕਦੀ ਹੈ। ਸੀ. ਸੀ. ਟੀ. ਵੀ. ਕੈਮਰਿਆਂ ਦਾ ਕੰਟਰੋਲ ਰੂਮ ਪੁਲਸ ਲਾਈਨ ਵਿਚ ਬਣਾਇਆ ਗਿਆ ਹੈ, ਜਿਥੋਂ ਪੁਲਸ ਕਰਮਚਾਰੀ ਪੂਰੇ ਸ਼ਹਿਰ ’ਤੇ ਨਜ਼ਰ ਬਣਾਈ ਰੱਖ ਸਕਦੇ ਹਨ।
Power Cut! ਇਨ੍ਹਾਂ ਇਲਾਕਿਆਂ 'ਚ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਰਹੇਗੀ ਬੰਦ
NEXT STORY