ਚੰਡੀਗੜ੍ਹ (ਅਸ਼ਵਨੀ) : ਪੰਜਾਬ ਕਾਂਗਰਸ ਵਿਚ ਚੱਲ ਰਹੀ ਖਿੱਚੋਤਾਣ ਵਿਚਾਲੇ ਹੁਣ ਇਕ ਨਵਾਂ ਸਵਾਲ ਖੜ੍ਹਾ ਹੋ ਗਿਆ ਹੈ। ਇਹ ਸਵਾਲ ਕਾਂਗਰਸ ਹਾਈਕਮਾਨ ਦੇ ਫਰਮਾਨ ਨਾਲ ਜੁੜਿਆ ਹੈ। ਹਾਈਕਮਾਨ ਨੇ 22 ਜੁਲਾਈ ਨੂੰ ਮੋਬਾਇਲ ਫ਼ੋਨ ਦੀ ਜਾਸੂਸੀ ਮਾਮਲੇ ਨੂੰ ਲੈ ਕੇ ਦੇਸ਼ ਭਰ ਵਿਚ ਪ੍ਰਦਰਸ਼ਨ ਦਾ ਐਲਾਨ ਕਰ ਦਿੱਤਾ ਹੈ। ਬਕਾਇਦਾ ਕਾਂਗਰਸ ਜਨਰਲ ਸਕੱਤਰ ਕੇ. ਸੀ. ਵੇਣੂਗੋਪਾਲ ਨੇ ਤਮਾਮ ਪ੍ਰਦੇਸ਼ ਕਾਂਗਰਸ ਪ੍ਰਧਾਨਾਂ ਨੂੰ ਚਿੱਠੀ ਵੀ ਜਾਰੀ ਕੀਤੀ ਹੈ। ਇਸ ਚਿੱਠੀ ਵਿਚ ਕਿਹਾ ਗਿਆ ਹੈ ਕਿ 21 ਜੁਲਾਈ ਨੂੰ ਪੂਰੇ ਦੇਸ਼ ਦੇ ਤਮਾਮ ਪ੍ਰਦੇਸ਼ ਪ੍ਰਧਾਨ ਬੈਠਕ ਕਰਨਗੇ ਅਤੇ ਅਗਲੇ ਦਿਨ 22 ਜੁਲਾਈ ਨੂੰ ਕਾਂਗਰਸ ਦੇ ਤਮਾਮ ਨੇਤਾ ਅਤੇ ਵਰਕਰ ਮੋਬਾਇਲ ਫ਼ੋਨ ਜਾਸੂਸੀ ਦਾ ਵਿਰੋਧ ਕਰਦਿਆਂ ਰਾਜ ਭਵਨ ਵੱਲ ਕੂਚ ਕਰਨਗੇ। ਹੁਣ ਸਵਾਲ ਇਹ ਹੈ ਕਿ ਮੰਗਲਵਾਰ ਨੂੰ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਉਦੋਂ ਤੱਕ ਸਿੱਧੂ ਨਾਲ ਮੁਲਾਕਾਤ ਨਹੀਂ ਕਰਨਗੇ, ਜਦੋਂ ਤੱਕ ਸਿੱਧੂ ਉਨ੍ਹਾਂ ਖਿਲਾਫ ਸੋਸ਼ਲ ਮੀਡੀਆ ’ਤੇ ਕੀਤੀਆਂ ਗਈਆਂ ਮਾੜੀਆਂ ਅਤੇ ਨਿਜੀ ਟਿੱਪਣੀਆਂ ਲਈ ਜਨਤਕ ਤੌਰ ’ਤੇ ਮੁਆਫ਼ੀ ਨਹੀਂ ਮੰਗਦੇ। ਸਾਫ਼ ਹੈ ਕਿ ਸਿੱਧੂ ਦੇ ਸਾਹਮਣੇ ਮੁੱਖ ਮੰਤਰੀ ਅਤੇ ਨੇਤਾਵਾਂ ਦੀ ਨਾਰਾਜ਼ਗੀ ਦਰਮਿਆਨ ਇਸ ਪ੍ਰਦਰਸ਼ਨ ਦਾ ਸਫ਼ਲਤਾਪੂਰਵਕ ਸੰਚਾਲਨ ਕਰਨ ਦੀ ਵੱਡੀ ਚੁਣੌਤੀ ਰਹੇਗੀ। ਬੇਸ਼ੱਕ ਪੰਜਾਬ ਕਾਂਗਰਸ ਪ੍ਰਧਾਨ ਦੇ ਤੌਰ ’ਤੇ ਸਿੱਧੂ ਰਾਜਭਵਨ ਕੂਚ ਦਾ ਐਲਾਨ ਕਰ ਸਕਦੇ ਹਨ ਪਰ ਉਨ੍ਹਾਂ ਦੇ ਐਲਾਨ ’ਤੇ ਪੰਜਾਬ ਦੇ ਤਮਾਮ ਕਾਂਗਰਸੀਆਂ ਦੇ ਇਕ ਮੰਚ ’ਤੇ ਆਉਣ ਬਾਰੇ ਅਜੇ ਵੀ ਸ਼ੰਕਾ ਬਰਕਰਾਰ ਹੈ। ਅਜਿਹਾ ਇਸ ਲਈ ਵੀ ਹੈ ਕਿ ਮੰਗਲਵਾਰ ਨੂੰ ਹੀ ਪੂਰੀ ਪੰਜਾਬ ਕਾਂਗਰਸ ਖੇਮੇ ਵਿਚ ਵੰਡੀ ਨਜ਼ਰ ਆਈ ਸੀ।
ਇਹ ਵੀ ਪੜ੍ਹੋ : ਮਾਨਸੂਨ ਸੈਸ਼ਨ ’ਚ ਖ਼ੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਗਵੰਤ ਮਾਨ ਨੇ ਪੇਸ਼ ਕੀਤਾ ‘ਕੰਮ ਰੋਕੂ ਮਤਾ’
ਸਿੱਧੂ ਮੰਗਲਵਾਰ ਸਵੇਰੇ ਪਟਿਆਲਾ ਤੋਂ ਮੋਹਾਲੀ ਅਤੇ ਪੰਚਕੂਲਾ ਹੁੰਦੇ ਹੋਏ ਚੰਡੀਗੜ੍ਹ ਵਿਚ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਘਰ ਆਏ, ਜਿੱਥੇ ਇਕ ਵੱਡਾ ਸਮਾਗਮ ਵੀ ਹੋਇਆ ਪਰ ਕਈ ਮੰਤਰੀ ਇਸ ਸਮਾਗਮ ਤੋਂ ਨਦਾਰਦ ਰਹੇ। ਹਾਲਾਂਕਿ ਦੁਪਹਿਰ ਨੂੰ ਸਿੱਧੂ ਦੇ ਨਾਲ 30 ਤੋਂ ਜ਼ਿਆਦਾ ਮੰਤਰੀਆਂ, ਵਿਧਾਇਕਾਂ ਨੇ ਸਮੂਹਿਕ ਫੋਟੋਸ਼ੂਟ ਕਰਵਾਇਆ ਪਰ ਸ਼ਾਮ ਹੁੰਦੇ ਹੁੰਦੇ ਸਿੱਧੂ ਦੇ ਨਾਲ ਫੋਟੋਸ਼ੂਟ ਕਰਵਾਉਣ ਵਾਲੇ ਹੀ ਕਈ ਵਿਧਾਇਕ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਰਕਾਰੀ ਘਰ ਮੁਲਾਕਾਤ ਲਈ ਪਹੁੰਚ ਗਏ। ਇੱਧਰ ਸਿੱਧੂ ਖੇਮੇ ਨੇ ਤਸਵੀਰਾਂ ਸ਼ੇਅਰ ਕੀਤੀਆਂ ਤਾਂ ਉੱਧਰ, ਮੁੱਖ ਮੰਤਰੀ ਦਫ਼ਤਰ ਨੇ ਵੀ ਮੰਤਰੀਆਂ, ਵਿਧਾਇਕਾਂ ਦੇ ਨਾਲ ਮੁਲਾਕਾਤ ਦੀ ਤਸਵੀਰ ਜਾਰੀ ਕਰ ਦਿੱਤੀ। ਖਾਸ ਗੱਲ ਇਹ ਰਹੀ ਕਿ ਮੁੱਖ ਮੰਤਰੀ ਰਿਹਾਇਸ਼ ਦੇ ਪਿੱਛੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਘਰ ਸਮਾਗਮ ਹੁੰਦਾ ਰਿਹਾ ਅਤੇ ਮੁੱਖ ਮੰਤਰੀ ਆਪਣੇ ਘਰ ਬੈਠਕਾਂ ਵਿਚ ਮਸਰੂਫ ਰਹੇ। ਕਿਆਸ ਲਗਾਇਆ ਜਾ ਰਿਹਾ ਸੀ ਕਿ ਸਿੱਧੂ ਦੇਰ ਸ਼ਾਮ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਕੇ ਗਿਲੇ - ਸ਼ਿਕਵੇ ਦੂਰ ਕਰ ਸਕਦੇ ਹਨ ਪਰ ਸਿੱਧੂ ਦਾ ਕਾਫਿਲਾ ਬਾਜਵਾ ਦੇ ਘਰੋਂ ਨਿੱਕਲ ਕੇ ਮੋੜ ਲੈ ਗਿਆ ਅਤੇ ਸਿੱਧੂ ਸਮਰਥਕਾਂ ਦੀਆਂ ਮੁੱਖ ਮੰਤਰੀ ਨਾਲ ਮੁਲਾਕਾਤ ਦੀਆਂ ਸਾਰੀਆਂ ਉਮੀਦਾਂ ਧਰਾਸ਼ਾਹੀ ਹੋ ਗਈਆਂ। ਭਾਵ, ਸੁਲ੍ਹਾ-ਸਫ਼ਾਈ ਦਾ ਕੋਈ ਰਸਤਾ ਨਹੀਂ ਨਿਕਲ ਸਕਿਆ। ਉਸ ’ਤੇ ਮੰਗਲਵਾਰ ਨੂੰ ਮੁੱਖ ਮੰਤਰੀ ਦੇ ਤਾਜ਼ਾ ਬਿਆਨ ਨੇ ਇਕ ਵਾਰ ਫਿਰ ਖਿੱਚੋਤਾਣ ਨੂੰ ਲੈ ਕੇ ਸਿਆਸੀ ਮਾਹੌਲ ਭਖਾ ਦਿੱਤਾ। ਅਜਿਹੇ ਵਿਚ ਫਿਲਹਾਲ ਸੁਲ੍ਹਾ-ਸਫਾਈ ਦਾ ਕੋਈ ਰਸਤਾ ਨਿਕਲਦਾ ਦਿਖਾਈ ਨਹੀਂ ਦੇ ਰਿਹਾ ਹੈ ਅਤੇ ਇਸ ਵਿਚ ਕਾਂਗਰਸ ਹਾਈਕਮਾਨ ਦਾ ਫਰਮਾਨ ਨਵੇਂ ਸਵਾਲ ਖੜ੍ਹੇ ਕਰਨ ਲੱਗਾ ਹੈ। ਵੱਡਾ ਸਵਾਲ ਇਹੀ ਹੈ ਕਿ ਹਾਈਕਮਾਨ ਦੇ ਫਰਮਾਨ ’ਤੇ ਕੀ ਪੰਜਾਬ ਕਾਂਗਰਸ 22 ਜੁਲਾਈ ਨੂੰ ਇਕ ਮੰਚ ’ਤੇ ਦਿਖਾਈ ਦੇਵੇਗੀ।
ਇਹ ਵੀ ਪੜ੍ਹੋ : ਮੰਦਰ ਨੂੰ ਅੱਗ ਲਗਾਉਣ ਵਾਲਿਆਂ ਨੂੰ ਮੁਆਫੀ ਦਿੰਦੇ ਹੀ ਪ੍ਰਸ਼ਾਸਨ ਆਪਣੀ ਜ਼ੁਬਾਨ ਤੋਂ ਪਲਟਿਆ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਨੋਟਬੰਦੀ ਦੌਰਾਨ ਲਏ ਚੈਕ ਨਾਲ ਮਾਰੀ 8 ਲੱਖ 20 ਹਜ਼ਾਰ ਦੀ ਠੱਗੀ, 5 ਸਾਲਾਂ ਬਾਅਦ ਦਰਜ ਕੀਤਾ ਮਾਮਲਾ
NEXT STORY