ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਬਿਜਲੀ ਮਹਿਕਮੇ (ਪੀ.ਐੱਸ.ਪੀ.ਸੀ.ਐੱਲ.) ਵਲੋਂ ਖਪਤਕਾਰਾਂ ਨੂੰ ਭੇਜੇ ਗਏ ਭਾਰੀ-ਭਰਕਮ ਬਿਜਲੀ ਬਿੱਲਾਂ ਦਾ ਸਖ਼ਤ ਵਿਰੋਧ ਕਰਦਿਆਂ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੂੰ ਕਿਹਾ ਹੈ ਕਿ ਲਾਕਡਾਊਨ ਦੌਰਾਨ ਭੇਜੇ ਜਾ ਰਹੇ ਬਿਜਲੀ ਬਿੱਲ ਤੁਰੰਤ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਜਾਰੀ ਲਾਕਡਾਊਨ ਦੌਰਾਨ ਬਿਜਲੀ ਦੇ ਬਿੱਲ ਭੇਜੇ ਜਾਣੇ ਕਿਸੇ ਵੀ ਪੱਖ ਤੋਂ ਸਹੀ ਫੈਸਲਾ ਨਹੀਂ। ਘਰਾਂ ’ਚ ਬੈਠੇ ਲੋਕਾਂ ਦੀ ਆਮਦਨੀ ਦੇ ਸਾਰੇ ਸੋਮੇ ਠੱਪ ਹਨ, ਬਹੁਗਿਣਤੀ ਲੋਕਾਂ ਲਈ ਦੋ ਡੰਗ ਦੀ ਰੋਟੀ ਅਤੇ ਜ਼ਰੂਰੀ ਲੋੜਾਂ ਪੂਰੀਆਂ ਕਰਨੀਆਂ ਹੀ ਵੱਡੀ ਚੁਣੌਤੀ ਹਨ। ਅਜਿਹੇ ਹਾਲਤਾਂ ’ਚ ਸਰਕਾਰ ਬਿਜਲੀ ਦੇ ਬਿੱਲ ਵਸੂਲਣ ਦੀ ਸੋਚ ਵੀ ਕਿਵੇਂ ਸਕਦੀ ਹੈ? ਇਸ ਲਈ ਲਾਕਡਾਊਨ ਦੌਰਾਨ ਬਿਜਲੀ ਬਿੱਲ ਭੇਜੇ ਜਾਣ ਦੀ ਪ੍ਰਕਿਰਿਆ ਤੁਰੰਤ ਰੋਕੀ ਜਾਵੇ ਅਤੇ ਭੇਜੇ ਜਾ ਚੁੱਕੇ ਬਿਜਲੀ ਬਿੱਲ ਵਾਪਸ ਲਏ ਜਾਣ ਤਾਂ ਕਿ ਔਖੇ ਹਾਲਤਾਂ ਨਾਲ ਜੂਝ ਰਹੇ ਲੋਕਾਂ ਨੂੰ ਥੋੜ੍ਹੀ ਬਹੁਤ ਰਾਹਤ ਮਿਲ ਸਕੇ।
ਮਾਨ ਨੇ ਬਿਨਾਂ ਮੀਟਰ ਰੀਡਿੰਗ ਕੀਤਿਆਂ ਪਿਛਲੇ ਸਾਲ ਦੀ ਬਿਜਲੀ ਦੀ ਖਪਤ ਦੇ ਆਧਾਰ ’ਤੇ ਤਿਆਰ ਕੀਤੇ ਭਾਰੀ-ਭਰਕਮ ਬਿੱਲਾਂ ਨੂੰ ਪੀ.ਐੱਸ.ਪੀ.ਸੀ.ਐੱਲ. ਹੱਥੋਂ ਬਿਜਲੀ ਖਪਤਕਾਰਾਂ ਦੀ ਸ਼ਰੇਆਮ ਲੁੱਟ ਕਰਾਰ ਦਿੱਤਾ। ਭਗਵੰਤ ਮਾਨ ਨੇ ਦਲੀਲ ਦਿੱਤੀ ਨਾ ਤਾਂ ਇਸ ਸਾਲ ਦੇ ਮੌਸਮ ਅਤੇ ਨਾ ਹੀ ਦਰਪੇਸ਼ ਹਾਲਤਾਂ ਦੀ ਤੁਲਨਾ ਪਿਛਲੇ ਸਾਲਾਂ ਨਾਲ ਕੀਤੀ ਜਾ ਸਕਦੀ ਹੈ। ਮਾਨ ਮੁਤਾਬਕ ਪਿਛਲੇ ਸਾਲ ਮੌਸਮ ਗਰਮ ਹੋਣ ਕਾਰਨ ਮਾਰਚ, ਅਪ੍ਰੈਲ ਅਤੇ ਮਈ ਮਹੀਨੇ ਬਿਜਲੀ ਦੀ ਖਪਤ ਇਸ ਸਾਲ ਦੇ ਮੁਕਾਬਲੇ ਕਿਤੇ ਜ਼ਿਆਦਾ ਸੀ। ਇਸ ਲਈ ਕਿਸੇ ਵੀ ਤਰ੍ਹਾਂ ਇਨ੍ਹਾਂ ਮਹੀਨਿਆਂ ਦੇ ਬਿਜਲੀ ਬਿੱਲ ਪਿਛਲੇ ਸਾਲ ਮੁਤਾਬਕ ਤਿਆਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੀ.ਐੱਸ.ਪੀ.ਸੀ.ਐੱਲ. ਦੇ ਇਸ ਤੁਗਲਕੀ ਫ਼ੈਸਲੇ ਨੂੰ ਪੂਰੀ ਤਰਾਂ ਰੱਦ ਕਰਦੀ ਹੈ। ਜੇਕਰ ਪੰਜਾਬ ਸਰਕਾਰ ਨੇ ਇਹ ਤੁਗਲਕੀ ਫ਼ੈਸਲਾ ਬਦਲਦਿਆਂ ਬਿਜਲੀ ਦੇ ਬਿੱਲ ਨਾ ਵਾਪਸ ਲਏ ਤਾਂ ਆਮ ਆਦਮੀ ਪਾਰਟੀ ਲੋਕਾਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਮੋਰਚਾ ਖੋਲ੍ਹੇਗੀ ਅਤੇ ਲੋੜ ਪੈਣ ’ਤੇ ਕਾਨੂੰਨੀ ਚੁਣੌਤੀ ਵੀ ਦੇਵੇਗੀ।
ਜਲੰਧਰ ਰੇਲਵੇ ਸਟੇਸ਼ਨ ਤੋਂ ਅੱਜ ਸ਼ਾਮ ਨੂੰ ਰਵਾਨਾ ਹੋਵੇਗੀ 1200 ਯਾਤਰੀਆਂ ਦੀ ਪਹਿਲੀ ਟਰੇਨ
NEXT STORY