ਜਲੰਧਰ: ਪ੍ਰਵਾਸੀ ਮਜ਼ਦੂਰ ਜੋ ਆਪਣੇ ਸੂਬਿਆਂ ਨੂੰ ਵਾਪਸ ਜਾਣ ਦੇ ਚਾਹਵਾਨ ਹਨ, ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ਤੋਂ ਪਹਿਲੀ ਸਰਾਮਿਕ ਐਕਸਪ੍ਰੈਸ ਰੇਲ ਗੱਡੀ ਮੰਗਲਵਾਰ ਦੀ ਸ਼ਾਮ ਨੂੰ ਝਾਰਖੰਡ ਦੇ ਡਾਲਟਗੰਜ ਲਈ ਰਵਾਨਾ ਹੋਵੇਗੀ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਸ਼ਹਿਰ ਦੇ ਰੇਲਵੇ ਸਟੇਸ਼ਨ 'ਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ 1200 ਯਾਤਰੀਆਂ ਦੀ ਸਮੱਰਥਾ ਵਾਲੀ ਇਹ ਰੇਲ ਗੱਡੀ ਜਲੰਧਰ ਤੋਂ ਰਵਾਨਾ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਰੇਲ ਗੱਡੀ ਰਾਹੀਂ ਉਹੀ ਯਾਤਰੀ ਜਾ ਸਕਣਗੇ, ਜਿਨ੍ਹਾਂ ਨੇ ਆਪਣੇ ਆਪ ਨੂੰ ਸੂਬਾ ਸਰਕਾਰ ਦੇ ਪੋਰਟਲ 'ਤੇ ਰਜਿਸਟਰਡ ਕਰਵਾਇਆ ਹੈ ਅਤੇ ਉਨ੍ਹਾਂ ਨੂੰ ਅੱਜ ਦੇਰ ਰਾਤ ਜਾਂ ਮੰਗਲਵਾਰ ਦੀ ਸਵੇਰੇ ਨੂੰ ਮੋਬਾਇਲ 'ਤੇ ਐਸ. ਐਮ. ਐਸ. ਪ੍ਰਾਪਤ ਹੋਇਆ ਹੈ।
ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਕਿਹਾ ਕਿ ਜੇ ਕੋਈ ਦੂਸਰਾ ਵਿਅਕਤੀ ਜਲੰਧਰ ਰੇਲਵੇ ਸਟੇਸ਼ਨ 'ਤੇ ਆਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ਼ ਕਰਫ਼ਿਊ ਨਿਯਮਾਂ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ. ਐਮ. ਐਸ. ਪ੍ਰਾਪਤ ਕਰਨ ਤੋਂ ਬਾਅਦ 600 ਯਾਤਰੀ ਪਠਾਨਕੋਟ ਚੌਕ 'ਤੇ ਬੱਲੇ-ਬੱਲੇ ਫਾਰਮ 'ਤੇ ਇਕੱਠਾ ਹੋਣਗੇ, ਜੋ ਕਿ 300 ਯਾਤਰੀ ਨਕੋਦਰ ਰੋਡ 'ਤੇ ਖਾਲਸਾ ਕਾਲਜ ਅਤੇ 300 ਯਾਤਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਨਹਿਰੂ ਗਾਰਡ ਰੋਡ 'ਤੇ ਇਕੱਠੇ ਹੋਣਗੇ। ਉਨ੍ਹਾਂ ਕਿਹਾ ਕਿ ਸਾਰੇ ਯਾਤਰੀਆਂ ਦੀ ਸਿਹਤ ਟੀਮ ਵਲੋਂ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਉਹ ਤੰਦਰੁਸਤ ਹੋਏ ਤਾਂ ਰੇਲ ਗੱਡੀ ਵਿੱਚ ਸਫ਼ਰ ਕਰ ਸਕਣਗੇ।
ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਯਾਤਰੀ ਆਪਣੇ ਨਾਲ ਖਾਣਾ ਅਤੇ ਪਾਣੀ ਲੈ ਕੇ ਜਾ ਸਕਣਗੇ। ਉਨ੍ਹਾਂ ਕਿਹਾ ਕਿ ਰੇਲਵੇ ਸਟੇਸ਼ਨ 'ਤੇ ਯੋਗ ਵਿਅਕਤੀ ਦੇ ਦਾਖਲੇ ਦੀ ਜਾਂਚ ਲਈ ਪੰਜਾਬ ਪੁਲਸ ਦੇ ਨਾਲ ਸੀ. ਆਰ. ਪੀ. ਐਫ. ਨੂੰ ਤਾਇਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਤਹਿਤ ਅਜਿਹੀਆਂ ਹੋਰ ਰੇਲ ਗੱਡੀਆਂ ਲਖਨਊ, ਵਾਰਾਣਸੀ, ਅਯੌਧਿਆ, ਗੋਰਖਪੁਰ, ਪਰਿਆਗ ਰਾਜ(ਅਲਾਹਬਾਦ), ਸੁਲਤਾਨਪੁਰ, ਕਟਨੀ (ਮੱਧ ਪ੍ਰਦੇਸ਼), ਝਾਰਖੰਡ ਅਤੇ ਹੋਰਨਾਂ ਸੂਬਿਆਂ ਨੂੰ ਚਲਾਈਆਂ ਜਾਣਗੀਆਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਸਬੀਰ ਸਿੰਘ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਬਬੀਤਾ ਕਲੇਰ, ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ ਅਤੇ ਬਲਕਾਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਡੀ.ਸੁਧਰਵਿਜ਼ੀ ਅਤੇ ਸ੍ਰੀ ਪੀ.ਐਸ. ਭੰਡਾਲ, ਐਸ.ਪੀ. ਸ੍ਰੀ ਆਰ.ਪੀ.ਐਸ.ਸੰਧੂ, ਉਪ ਮੰਡਲ ਮੈਜਿਸਟਰੇਟ ਸ੍ਰੀ ਰਾਹੁਲ ਸਿੰਧੂ ਅਤੇ ਡਾ.ਜੈ ਇੰਦਰ ਸਿੰਘ, ਸਕੱਤਰ ਆਰ.ਟੀ.ਏ. ਸ੍ਰੀ ਬਰਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
ਹੁਣ ਸਰਕਾਰੀ ਦਫਤਰ ਸਵੇਰੇ 10:30 ਤੋਂ ਸ਼ਾਮ 4:30 ਵਜੇ ਤਕ ਖੁੱਲ੍ਹਣਗੇ
NEXT STORY