ਗਿੱਦੜਬਾਹਾ (ਜ.ਬ.) : ਗਿੱਦੜਬਾਹਾ ਹਲਕੇ ਪਿੰਡ ਸਾਹਿਬਚੰਦ ਵਿਖੇ ਇਕ ਔਰਤ ਦਾ ਪਸ਼ੂਆਂ ਵਾਲਾ ਕੋਠਾ ਢਾਹੁਣ ਅਤੇ ਕੁੱਟਮਾਰ ਕਰਨ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਸੰਬੰਧੀ ਪੀੜਤ ਔਰਤ ਸੁਖਵਿੰਦਰ ਕੌਰ ਪਤਨੀ ਸਵ. ਗੁਰਦੀਪ ਸਿੰਘ ਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਲਾਭ ਸਿੰਘ ਪੁੱਤਰ ਤਾਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ’ਤੇ ਉਸ ਦੀ ਜ਼ਮੀਨ ’ਤੇ ਬਣੇ ਪਸ਼ੂਆਂ ਵਾਲੇ ਕੋਠੇ ਨੂੰ ਢਾਹੁਣ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਾਏ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸਨੇ ਕਰੀਬ 2 ਸਾਲ ਪਹਿਲਾਂ 22 ਹਜ਼ਾਰ ਰੁਪਏ ਪ੍ਰਤੀ ਮਰਲੇ ਦੇ ਹਿਸਾਬ ਨਾਲ ਉਕਤ ਲਾਭ ਸਿੰਘ ਪੁੱਤਰ ਤਾਰ ਸਿੰਘ ਕੋਲੋਂ ਆਪਣੇ ਮਕਾਨ ਦੇ ਨਾਲ ਲੱਗਦੀ 3 ਮਰਲੇ ਜਗ੍ਹਾ ਖਰੀਦੀ ਸੀ ਅਤੇ ਇਸ ਸੰਬੰਧੀ ਉਸਨੇ 50 ਹਜ਼ਾਰ ਰੁਪਏ ਦੀ ਅਦਾਇਗੀ ਕਰਕੇ ਇਨ੍ਹਾਂ 3 ਮਰਲਿਆਂ ਦਾ ਕਬਜ਼ਾ ਲੈ ਗਿਆ ਸੀ ਅਤੇ ਹੁਣ ਰਹਿੰਦੇ 16 ਹਜ਼ਾਰ ਰੁਪਏ ਦੇ ਕੇ ਉਕਤ 3 ਮਰਲਿਆਂ ਦੀ ਲਿਖਤ ਕਰਵਾਉਣੀ ਸੀ ਪਰ ਉਕਤ ਤਾਰ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਮੇਰੀ ਉਕਤ ਜਗ੍ਹਾ ਵਿਚ ਪਸ਼ੂਆਂ ਵਾਲਾ ਕੋਠਾ ਢਾਹ ਦਿੱਤਾ ਅਤੇ ਉਸ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ ਅਤੇ ਉਸਨੂੰ ਇਲਾਜ ਲਈ ਪਹਿਲਾਂ ਦੋਦਾ ਫਿਰ ਮੁਕਤਸਰ ਅਤੇ ਹੁਣ ਫਰੀਦਕੋਟ ਵਿਖੇ ਭੇਜਿਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹੈ।
ਉਸ ਨੇ ਦੱਸਿਆ ਕਿ ਇਸ ਸਬੰਧੀ ਉਸ ਨੇ ਥਾਣਾ ਕੋਟਭਾਈ ਪੁਲਸ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ ਪਰ ਪੁਲਸ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ। ਇਸ ਸਬੰਧੀ ਉਕਤ ਲਾਭ ਸਿੰਘ ਪੁੱਤਰ ਤਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿ ਉਕਤ ਸੁਖਵਿੰਦਰ ਕੌਰ ਨੇ ਪਿੰਡ ਦੇ ਹੀ ਗੁਰਮੀਤ ਸਿੰਘ ਪੁੱਤਰ ਜਲੌਰਾ ਸਿੰਘ ਰਾਹੀਂ ਉਨ੍ਹਾ ਦੀ 3 ਮਰਲੇ ਜਗ੍ਹਾ ਵਿਚ ਆਪਣੇ ਮਕਾਨ ਦੀ ਉਸਾਰੀ ਚੱਲਦੀ ਹੋਣ ਕਾਰਨ ਆਪਣੀ ਮੱਝ 10-15 ਦਿਨਾਂ ਲਈ ਬੰਨ੍ਹਣ ਵਾਸਤੇ ਇਹ ਜਗ੍ਹਾ ਲਈ ਸੀ ਪਰ ਇਸ ਦੌਰਾਨ ਉਕਤ ਸੁਖਵਿੰਦਰ ਕੌਰ ਨੇ ਉਨ੍ਹਾਂ ਦੀ ਜਗ੍ਹਾ ਵਿਚ ਬਾਰੀ ਕੱਢ ਲਈ। ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਹਰਬੰਸ ਕੌਰ ਨੇ ਉਕਤ ਸੁਖਵਿੰਦਰ ਕੌਰ ਨੂੰ ਸਾਡੀ ਜਗ੍ਹਾ ਖਾਲੀ ਕਰਨ ਲਈ ਕਿਹਾ ਸੀ ਪਰ ਸੁਖਵਿੰਦਰ ਕੌਰ ਅਤੇ ਹੋਰਨਾਂ ਨੇ ਉਸਦੀ ਮਾਤਾ ਹਰਬੰਸ ਕੌਰ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਹ ਹੁਣ ਪੀ.ਐੱਚ.ਸੀ. ਦੋਦਾ ਵਿਖੇ ਜੇਰੇ ਇਲਾਜ ਹੈ।
ਲਾਭ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਿੰਡ ਦੀ ਪੰਚਾਇਤ ਵੱਲੋਂ ਇਕ ਲਿਖਤ ਵੀ ਉਨ੍ਹਾਂ ਦੀ (ਤਾਰ ਸਿੰਘ ਵਗੈਰਾ ਦੀ) ਜ਼ਮੀਨ ਦੀ ਮਾਲਕੀ ਹੋਣ ਸੰਬੰਧੀ ਕੀਤੀ ਗਈ ਸੀ। ਉੱਧਰ ਜਦੋਂ ਇਸ ਸੰਬੰਧੀ ਥਾਣਾ ਕੋਟਭਾਈ ਦੇ ਐੱਸ.ਐੱਚ.ਓ. ਰਮਨ ਕੰਬੋਜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਉਨ੍ਹਾਂ ਪਹਿਲਾਂ ਦੋਵਾਂ ਧਿਤਰਾਂ ਦਰਮਿਆਨ ਸਮਝੌਤਾ ਕਰਵਾ ਦਿੱਤਾ ਸੀ ਅਤੇ ਹੁਣ ਦੋਵਾਂ ਧਿਰਾਂ ਦੀਆਂ ਔਰਤਾਂ ਵੱਖ ਵੱਖ ਹਸਪਤਾਲਾਂ ਵਿਚ ਦਾਖਲ ਹਨ ਅਤੇ ਇਨ੍ਹਾਂ ਦੇ ਜ਼ਖਮੀ ਹੋਣ ਸਬੰਧੀ ਐੱਮ.ਐੱਲ.ਆਰ. ਪ੍ਰਾਪਤ ਹੋ ਚੁੱਕੀਆਂ ਤੇ ਪੁਲਸ ਵੱਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਖ਼ੁਦ 'ਤੇ ਲੱਗੇ ਦੋਸ਼ਾਂ ਦਾ ਸਾਬਕਾ CM ਚੰਨੀ ਨੇ ਦਿੱਤਾ ਜਵਾਬ, 'ਗ੍ਰਿਫ਼ਤਾਰੀ ਤੋਂ ਨਹੀਂ ਡਰਦਾ, ਜੋ ਕਰਨਾ ਕਰੋ' (ਵੀਡੀਓ)
NEXT STORY