ਜਲੰਧਰ, (ਸ਼ੋਰੀ)- ਹੁਸ਼ਿਆਰਪੁਰ ਰੋਡ ਸਥਿਤ ਚੌਹਾਲ ਵਿਚ ਜਲੰਧਰ ਦੀ ਰਹਿਣ ਵਾਲੀ ਵਿਆਹੁਤਾ ਦੇ ਨਾਲ ਇਕ ਬਜ਼ੁਰਗ ਨੇ ਕਥਿਤ ਤੌਰ 'ਤੇ ਲਗਾਤਾਰ ਜਬਰ-ਜ਼ਨਾਹ ਕੀਤਾ। ਵਿਆਹੁਤਾ ਦੇ ਮੁਤਾਬਕ ਕਿਸੇ ਤਰ੍ਹਾਂ ਉਸ ਨੇ ਉਸ ਦੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ। ਬੱਸ ਕੰਡਕਟਰ ਦੀ ਮਦਦ ਨਾਲ ਉਹ ਆਪਣੇ ਪਤੀ ਦੇ ਕੋਲ ਪਹੁੰਚੀ। ਵਿਆਹੁਤਾ ਨੇ 181 ਨੰਬਰ 'ਤੇ ਕਾਲ ਕਰ ਕੇ ਸ਼ਿਕਾਇਤ ਦਰਜ ਕਰਵਾਈ, ਹਾਲਾਂਕਿ ਥਾਣਾ 3 ਦੀ ਪੁਲਸ ਦੇ ਕੋਲ ਵਿਆਹੁਤਾ ਸ਼ਿਕਾਇਤ ਦੇਣ ਪਹੁੰਚੀ ਸੀ ਪਰ ਮਾਮਲਾ ਹੁਸ਼ਿਆਰਪੁਰ ਦਾ ਹੋਣ ਕਾਰਨ ਵਿਆਹੁਤਾ ਅਤੇ ਉਸ ਦਾ ਪਤੀ ਐਤਵਾਰ ਹੁਸ਼ਿਆਰਪੁਰ ਦੀ ਪੁਲਸ ਨੂੰ ਸ਼ਿਕਾਇਤ ਦੇਣ ਜਾ ਰਹੇ ਹਨ।
ਪੀੜਤ 28 ਸਾਲ ਦੀ ਵਿਆਹੁਤਾ ਸੋਨੀਆ ਵਾਸੀ ਕਿਸ਼ਨਪੁਰਾ ਚੌਕ ਨੇ ਦੱਸਿਆ ਕਿ ਉਸ ਦੇ ਵਿਆਹ ਨੂੰ 1 ਸਾਲ ਹੋ ਚੁੱਕਾ ਹੈ। ਪਤੀ ਪੇਂਟ ਦਾ ਕੰਮ ਕਰਦਾ ਹੈ। ਪਿੰਡ ਨੰਗਲ ਵਿਚ ਰਹਿਣ ਵਾਲੇ ਇਕ ਬਾਬੇ ਦੇ ਕੋਲ ਉਹ ਅਤੇ ਉਸ ਦਾ ਪਤੀ ਮੱਥਾ ਟੇਕਣ ਲਈ ਜਾਂਦੇ ਸਨ। ਬਾਬੇ ਦੇ ਕੋਲ ਇਕ ਜੋੜਾ ਜਿਨ੍ਹਾਂ ਦਾ ਨਾਂ ਸੁੱਖਾ ਅਤੇ ਭੋਲੀ ਹੈ, ਬਾਬੇ ਦੇ ਕਹਿਣ 'ਤੇ ਕੁਝ ਮਹੀਨੇ ਪਹਿਲਾਂ ਉਨ੍ਹਾਂ ਨੇ ਸੁੱਖਾ ਤੇ ਭੋਲੀ ਨੂੰ ਆਪਣੇ ਘਰ ਵਿਚ ਕੁਝ ਦਿਨਾਂ ਲਈ ਰੱਖਿਆ ਪਰ ਇਸ ਦੌਰਾਨ ਸੁੱਖਾ ਉਸ 'ਤੇ ਬੁਰੀ ਨਜ਼ਰ ਰੱਖਣ ਲੱਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਦੋਵੇਂ ਨੂੰ ਘਰੋਂ ਬਾਹਰ ਜਾਣ ਲਈ ਕਹਿ ਦਿੱਤਾ ਅਤੇ ਉਹ ਹੁਸ਼ਿਆਰਪੁਰ ਜਾ ਕੇ ਰਹਿਣ ਲੱਗੇ।
ਪੀੜਤ ਦੀ ਮੰਨੀਏ ਤਾਂ ਬਾਬੇ ਨੇ ਉਸ ਨੂੰ ਫੋਨ ਕਰ ਕੇ ਕਿਹਾ ਕਿ ਉਹ ਧਾਰਮਿਕ ਥਾਂ 'ਤੇ ਸੁੱਖਾ ਤੇ ਭੋਲੀ ਦੇ ਨਾਲ ਜਾ ਕੇ ਮੱਥਾ ਟੇਕੇ। ਬੀਤੇ ਸੋਮਵਾਰ ਉਕਤ ਜੋੜਾ ਕਾਰ ਲੈ ਕੇ ਉਸ ਨੂੰ ਲੈਣ ਆ ਗਿਆ। ਲੰਮਾ ਪਿੰਡ ਚੌਕ ਦੇ ਕੋਲ ਉਸ ਨੂੰ ਰੁਮਾਲ 'ਤੇ ਬੇਹੋਸ਼ੀ ਦੀ ਦਵਾਈ ਸੁੰਘਾ ਕੇ ਬੇਹੋਸ਼ ਕਰ ਕੇ ਨਾਲ ਲੈ ਗਏ।
ਹੋਸ਼ ਆਉਣ 'ਤੇ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਚੌਹਾਲ ਇਕ ਕਮਰੇ ਵਿਚ ਲੈ ਆਇਆ ਹੈ। ਉਸ ਦੇ ਕੋਲ ਸੁੱਖਾ ਦਾ ਸਹੁਰਾ ਜੋ ਕਿ 55 ਸਾਲ ਦਾ ਹੈ, ਉਥੇ ਮੌਜੂਦ ਸੀ। ਉਹ ਉਸ ਦੇ ਨਾਲ ਜਬਰ-ਜ਼ਨਾਹ ਕਰਨ ਲੱਗਾ। ਕਰੀਬ ਤਿੰਨ ਦਿਨ ਉਸ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਅਖੀਰ ਬੀਤੀ ਰਾਤ ਬਜ਼ੁਰਗ ਸ਼ਰਾਬ ਪੀ ਕੇ ਸੌਂ ਗਿਆ ਤਾਂ ਉਹ ਕਰੀਬ 7.30 ਵਜੇ ਕਿਸੇ ਤਰ੍ਹਾਂ ਉਥੋਂ ਭੱਜੀ ਅਤੇ ਇਕ ਬੱਸ ਨੂੰ ਰੋਕ ਕੇ ਕੰਡਕਟਰ ਨੂੰ ਸਾਰੀ ਗੱਲ ਦੱਸੀ, ਜਿਸ ਨੇ ਉਸ ਨੂੰ ਬੱਸ ਵਿਚ ਬਿਠਾ ਕੇ ਫਗਵਾੜਾ ਪਹੁੰਚਾਇਆ ਅਤੇ ਉਸ ਦਾ ਪਤੀ ਉਸ ਨੂੰ ਫਗਵਾੜਾ ਤੋਂ ਜਲੰਧਰ ਲੈ ਕੇ ਆਇਆ। ਪੀੜਤ ਨੇ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸ ਦੇ ਨਾਲ ਗਲਤ ਕੰਮ ਕਰਨ ਵਾਲੇ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ।
ਬਠਿੰਡਾ ਸਿੰਘ ਦੀ ਹੱਤਿਆ ਦੇ ਮਾਮਲੇ 'ਚ ਸ਼ਿੰਦੋ ਗ੍ਰਿਫਤਾਰ
NEXT STORY