ਲਾਂਬੜਾ/ਜਲੰਧਰ(ਵਰਿੰਦਰ, ਵਰਿਆਣਾ)— ਥਾਣਾ ਲਾਂਬੜਾ ਦੇ ਅਧੀਨ ਆਉਂਦੇ ਪਿੰਡ ਹੇਲਰਾਂ ਬੀਤੇ ਦਿਨ ਉਸ ਸਮੇਂ ਦਹਿਸ਼ਤ ਫੈਲ ਗਈ ਸੀ ਜਦੋਂ ਇਕ ਔਰਤ ਦੀ ਅਰਧ-ਨਗਣ ਹਾਲਤ ਵਿਚ ਲਾਸ਼ ਖੇਤ 'ਚੋਂ ਬਰਾਮਦ ਕੀਤੀ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਇਲਾਕੇ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ।
ਸੂਚਨਾ ਮਿਲਦਿਆਂ ਹੀ ਮੌਕੇ 'ਤੇ ਡੀ. ਐੱਸ. ਪੀ. ਕਰਤਾਰਪੁਰ ਸਰਬਜੀਤ ਸਿੰਘ ਰਾਏ, ਥਾਣਾ ਮੁਖੀ ਪੁਸ਼ਪ ਬਾਲੀ ਨੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਮੌਕੇ ਫਿੰਗਰ ਪਿੰ੍ਰਟਸ ਮਾਹਿਰਾਂ ਵੱਲੋਂ ਵੀ ਸਬੂਤ ਇਕੱਠੇ ਕੀਤੇ ਗਏ। ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਦੀ ਪਛਾਣ ਗਿਰਜਾ ਦੇਵੀ (52) ਪਤਨੀ ਅਰਜਨ ਦਾਸ ਮੂਲਨਿਵਾਸੀ ਬਿਹਾਰ, ਹਾਲੀਆ ਨਿਵਾਸੀ ਪਿੰਡ ਹੇਲਰਾਂ ਵਜੋਂ ਹੋਈ। ਮ੍ਰਿਤਕਾ ਦੇ 4 ਲੜਕੇ ਅਤੇ 2 ਲੜਕੀਆਂ ਹਨ ਅਤੇ ਉਹ ਇਥੇ ਆਪਣੇ ਪਰਿਵਾਰ ਨਾਲ ਪ੍ਰਵਾਸੀ ਭਾਰਤੀ ਗੁਰਦੇਵ ਸਿੰਘ ਦੀ ਕੋਠੀ ਵਿਚ ਪਿਛਲੇ ਕਈ ਸਾਲਾਂ ਤੋਂ ਰਹਿੰਦੇ ਆ ਰਹੇ ਹਨ। ਮ੍ਰਿਤਕਾ ਗਿਰਜਾ ਦੇਵੀ ਅਤੇ ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਕੇ ਪਰਿਵਾਰ ਪਾਲ ਰਹੇ ਸਨ। ਗਿਰਜਾ ਦੇਵੀ ਦਾ ਪਤੀ ਪਿਛਲੇ ਕਰੀਬ ਇਕ ਹਫਤੇ ਤੋਂ ਬਿਹਾਰ ਗਿਆ ਹੋਇਆ ਹੈ।
ਮ੍ਰਿਤਕਾ ਨੇ ਪੋਤੇ ਦੇ ਜਨਮ ਦੀ ਖੁਸ਼ੀ 'ਚ ਰਾਤ ਧੂਮਧਾਮ ਨਾਲ ਕੀਤੀ ਪਾਰਟੀ
ਮ੍ਰਿਤਕਾ ਗਿਰਜਾ ਦੇਵੀ ਦੇ ਪੁੱਤਰ ਦਲੀਪ ਦਾਸ ਦੇ ਘਰ ਕਰੀਬ ਇਕ ਹਫਤਾ ਪਹਿਲਾਂ ਬੇਟਾ ਪੈਦਾ ਹੋਇਆ ਹੈ। ਗਿਰਜਾ ਦੇਵੀ ਨੇ ਪੋਤੇ ਦੇ ਜਨਮ ਦੀ ਖੁਸ਼ੀ ਮਨਾਉਣ ਲਈ ਸ਼ਨੀਵਾਰ ਦੀ ਰਾਤ ਇਕ ਪਾਰਟੀ ਰੱਖੀ ਸੀ। ਜਾਣਕਾਰੀ ਅਨੁਸਾਰ ਇਸ ਪਾਰਟੀ ਵਿਚ ਕਾਫੀ ਪ੍ਰਵਾਸੀ ਮਜ਼ਦੂਰ ਵੀ ਬੁਲਾਏ ਗਏ ਸਨ। ਦੇਰ ਰਾਤ ਤੱਕ ਚਲਦੀ ਰਹੀ ਇਸ ਪਾਰਟੀ ਵਿਚ ਸ਼ਰਾਬ ਵੀ ਪਰੋਸੀ ਗਈ ਅਤੇ ਡੀ. ਜੇ. ਲਗਾ ਕੇ ਖੂਬ ਮਸਤੀ ਕੀਤੀ ਗਈ।
ਪਾਰਟੀ ਤੋਂ ਬਾਅਦ ਸਵੇਰੇ ਲਾਪਤਾ ਹੋ ਗਈ ਸੀ ਗਿਰਜਾ ਦੇਵੀ
ਦੱਸਦਣਯੋਗ ਹੈ ਕਿ ਸ਼ਨੀਵਾਰ ਦੇਰ ਰਾਤ ਤੱਕ ਚੱਲੀ ਪਾਰਟੀ ਤੋਂ ਬਾਅਦ ਐਤਵਾਰ ਸਵੇਰੇ ਗਿਰਜਾ ਦੇਵੀ ਘਰ 'ਚੋਂ ਲਾਪਤਾ ਪਾਈ ਗਈ। ਪਰਿਵਾਰ ਅਤੇ ਹੋਰ ਲੋਕਾਂ ਵੱਲੋਂ ਉਸ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਕਰੀਬ ਸਵੇਰੇ 11 ਵਜੇ ਗਿਰਜਾ ਦੇਵੀ ਦੀ ਲਾਸ਼ ਘਰ ਤੋਂ ਥੋੜ੍ਹੀ ਦੂਰੀ 'ਤੇ ਬਾਜਰੇ ਦੇ ਖੇਤਾਂ 'ਚੋਂ ਬਰਾਮਦ ਹੋਈ, ਜਿਸ 'ਤੇ ਪੁਲਸ ਨੂੰ ਸੂਚਨਾ ਦਿੱਤੀ ਗਈ।
ਜਬਰ-ਜ਼ਨਾਹ ਦਾ ਖਦਸ਼ਾ
ਖੇਤਾਂ 'ਚੋਂ ਗਿਰਜਾ ਦੇਵੀ ਦੀ ਲਾਸ਼ ਅਰਧ-ਨਗਣ ਹਾਲਤ ਵਿਚ ਬਰਾਮਦ ਹੋਈ ਹੈ। ਮ੍ਰਿਤਕਾ ਦੇ ਚਿਹਰੇ 'ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਦੇ ਨਿਸ਼ਾਨ ਸਨ। ਸਾਰੇ ਸਰੀਰ 'ਤੇ ਗੁੱਝੀਆਂ ਸੱਟਾਂ ਦੇ ਕਾਫੀ ਨਿਸ਼ਾਨ ਸਨ। ਮ੍ਰਿਤਕਾ ਦੀ ਹਾਲਤ ਨੂੰ ਦੇਖ ਕੇ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਕਤਲ ਤੋਂ ਪਹਿਲਾਂ ਕਾਤਲਾਂ ਵੱਲੋਂ ਉਸ ਨਾਲ ਜਬਰ-ਜ਼ਨਾਹ ਕੀਤਾ ਗਿਆ ਹੋਵੇਗਾ। ਪੁਲਸ ਵੱਲੋਂ ਇਸ ਦੀ ਜਾਂਚ ਜਾਰੀ ਹੈ।
ਇਕ ਸ਼ੱਕੀ ਵਿਅਕਤੀ ਦੀ ਭਾਲ, ਮੌਕੇ ਤੋਂ ਫਰਾਰ
ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕਾ ਦੇ ਲੜਕੇ ਦਲੀਪ ਦਾਸ ਸ਼ਰਮਾ ਵੱਲੋਂ ਉਸ ਦੀ ਮਾਂ ਦੇ ਕਤਲ ਪਿੱਛੇ ਇਕ ਪ੍ਰਵਾਸੀ ਮਜ਼ਦੂਰ ਛੋਟੂ ਲਾਲ ਵਾਸੀ ਹੇਲਰਾਂ 'ਤੇ ਸ਼ੱਕ ਪ੍ਰਗਟ ਕੀਤਾ ਗਿਆ ਹੈ, ਜੋ ਮੌਕੇ ਤੋਂ ਫਰਾਰ ਹੈ। ਪੁਲਸ ਵੱਲੋਂ ਭਾਲ ਜਾਰੀ ਹੈ। ਪੁਲਸ ਵੱਲੋਂ ਮ੍ਰਿਤਕ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਮ੍ਰਿਤਕਾ ਦੇ ਲੜਕੇ ਦੇ ਬਿਆਨਾਂ 'ਤੇ ਧਾਰਾ 302 ਦਾ ਕੇਸ ਦਰਜ ਕੀਤਾ ਹੈ। ਪੁਲਸ ਵੱਲੋਂ ਪੋਸਟਮਾਰਟਮ ਤੋਂ ਬਾਅਦ ਹੀ ਜਬਰ-ਜ਼ਨਾਹ ਸੰਬੰਧੀ ਪਤਾ ਲੱਗਣ ਦਾ ਕਿਹਾ ਗਿਆ ਹੈ। ਪੁਲਸ ਵੱਲੋਂ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।
ਕਾਤਲ ਜਲਦ ਹੀ ਫੜੇ ਜਾਣਗੇ: ਡੀ. ਐੱਸ. ਪੀ.
ਓਧਰ ਜਦੋਂ ਇਸ ਸੰਬੰਧੀ ਡੀ. ਐੱਸ. ਪੀ. ਜਸਵੀਰ ਸਿੰਘ ਰਾਏ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮ੍ਰਿਤਕਾ ਗਿਰਜਾ ਦੇਵੀ ਦੇ ਕਾਤਲ ਜਲਦ ਹੀ ਫੜੇ ਜਾਣਗੇ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਰਾਤ ਨੂੰ ਪਾਰਟੀ ਵਿਚ ਜਿਹੜੇ ਲੋਕ ਸ਼ਾਮਲ ਹੋਏ, ਹੋ ਸਕਦਾ ਹੈ ਉਨ੍ਹਾਂ 'ਚੋਂ ਹੀ ਕਿਸੇ ਨੇ ਉਕਤ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਉਨ੍ਹਾਂ ਕਿਹਾ ਕਿ ਉਕਤ ਪਾਰਟੀ ਵਿਚ ਪਰਿਵਾਰ ਅਨੁਸਾਰ ਕਰੀਬ 35-40 ਪ੍ਰਵਾਸੀ ਮਜ਼ਦੂਰ ਸ਼ਾਮਲ ਸਨ, ਜਿਨ੍ਹਾਂ 'ਚੋਂ ਕਈਆਂ ਦੇ ਐਤਵਾਰ ਨੂੰ ਸਰੀਰ 'ਤੇ ਨਿਸ਼ਾਨ ਚੈੱਕ ਕੀਤੇ ਗਏ। ਪੁਲਸ ਵੱਲੋਂ ਜਾਂਚ ਜਾਰੀ ਹੈ ਅਤੇ ਜਲਦੀ ਹੀ ਉਕਤ ਵਾਰਦਾਤ ਟਰੇਸ ਕਰ ਲਈ ਜਾਵੇਗੀ।
ਇਹ ਹੈ ਮਾਰਸ਼ਲ ਅਰਜਨ ਸਿੰਘ ਦਾ ਪਿੰਡ, ਇਸ ਕਾਰਨ ਤੋੜਿਆ ਸੀ ਨਾਤਾ
NEXT STORY