ਬਠਿੰਡਾ (ਸੁਖਵਿੰਦਰ) : ਪਿੰਡ ਗਿੱਲਪੱਤੀ ਨੇੜੇ ਨੇਹੀਆਂਵਾਲਾ ਰੋਡ ’ਤੇ ਰਜਵਾਹੇ ਨੇੜੇ ਐਤਵਾਰ ਸਵੇਰੇ ਇਕ ਔਰਤ ਦੀ ਲਾਸ਼ ਮਿਲਣ ਦੇ ਮਾਮਲੇ ’ਚ ਖ਼ੁਲਾਸਾ ਹੋਇਆ ਹੈ ਕਿ ਉਕਤ ਔਰਤ ਦੇ ਕਥਿਤ ਪ੍ਰੇਮੀ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਉਹ ਉਸ ਨਾਲ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਔਰਤ ਵਿਆਹ ਲਈ ਤਿਆਰ ਨਹੀਂ ਸੀ।
ਇਸ ਤੋਂ ਤੰਗ ਆ ਕੇ ਮੁਲਜ਼ਮ ਸਤਨਾਮ ਸਿੰਘ ਸਿੰਘ ਵਾਸੀ ਬਲਾਹੜ ਮਹਿਮਾ ਨੇ ਬੀਤੀ ਸਵੇਰੇ ਉਕਤ ਔਰਤ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਬਾਅਦ ਵਿਚ ਬਲਾਹੜ ਮਹਿਮਾ ਦੇ ਸਰਕਾਰੀ ਸਕੂਲ ਵਿਚ ਪਹੁੰਚ ਕੇ ਦਰੱਖ਼ਤ ਨਾਲ ਫ਼ਾਹਾ ਲਾ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ। ਔਰਤ ਦੇ ਪਿਤਾ ਸੁਖਮੰਦਰ ਸਿੰਘ ਵਾਸੀ ਚਹਿਲ ਜ਼ਿਲ੍ਹਾ ਫਰੀਦਕੋਟ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਕੁੜੀ ਦੇ ਮੁਲਜ਼ਮ ਨਾਲ ਸਬੰਧ ਸਨ।
ਬੀਤੇ ਦਿਨ ਉਹ ਉਸ ਨੂੰ ਮਿਲਣ ਗਈ ਸੀ ਤਾਂ ਉਸ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਨੇ ਦੱਸਿਆ ਕਿ ਮੁਲਜ਼ਮ ਉਸ ਦੀ ਧੀ ’ਤੇ ਵਿਆਹ ਲਈ ਦਬਾਅ ਪਾ ਰਿਹਾ ਸੀ ਪਰ ਉਸ ਦੀ ਧੀ ਮਨਪ੍ਰੀਤ ਕੌਰ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਸੇ ਕਾਰਨ ਮੁਲਜ਼ਮ ਨੇ ਉਸ ਦਾ ਕਤਲ ਕਰ ਦਿੱਤਾ। ਬਾਅਦ ’ਚ ਮੁਲਜ਼ਮ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਅਪਡੇਟ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ
NEXT STORY