ਕਾਠਗੜ੍ਹ, ਬਲਾਚੌਰ (ਰਾਜੇਸ਼ ਸ਼ਰਮਾ, ਵਿਨੋਦ ਬੈਂਸ, ਤ੍ਰਿਪਾਠੀ)— ਬਲਾਚੌਰ ਸਬ ਡਿਵੀਜ਼ਨ 'ਚ ਪੈਂਦੇ ਕਸਬਾ ਕਾਠਗੜ੍ਹ ਵਿਖੇ ਇਕ ਤਲਾਕਸ਼ੁਦਾ ਔਰਤ (25) ਦੀ ਕੋਈ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋ ਗਈ। ਕਾਠਗੜ੍ਹ ਪੁਲਸ ਵੱਲੋਂ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ 3 ਮਰਦਾਂ ਅਤੇ 2 ਔਰਤਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਕਾਠਗੜ੍ਹ ਜੋ ਮਹਿੰਦੀਪੁਰ ਵਿਖੇ ਕਿਸੇ ਸੋਲਰ ਪਲਾਂਟ 'ਚ ਕੰਮ ਕਰਦਾ ਹੈ, ਦੇ ਮੁਤਾਬਕ ਉਸ ਦੀ ਭੈਣ ਰਮਨਪ੍ਰੀਤ ਕੌਰ (25) ਪੁੱਤਰੀ ਗੁਰਮੀਤ ਸਿੰਘ ਦਾ ਵਿਆਹ ਕਰੀਬ ਦੋ ਢਾਈ ਸਾਲ ਪਹਿਲਾਂ ਹੋਇਆ ਸੀ ਪਰ 31 ਮਈ 2017 ਨੂੰ ਉਸ ਦਾ ਪੰਚਾਇਤ 'ਚ ਹਾਜ਼ਰ ਮੋਹਤਵਾਰ ਵਿਅਕਤੀਆਂ ਦੀ ਹਾਜ਼ਰੀ 'ਚ ਦੋਵੇਂ ਧਿਰਾਂ ਦੀ ਸਹਿਮਤੀ ਨਾਲ ਤਲਾਕ ਹੋਣ ਉਪਰੰਤ ਉਸ ਦੀ ਭੈਣ ਮੌਜੂਦਾ ਸਮੇਂ ਆਪਣੇ ਪੇਕੇ ਘਰ ਕਾਠਗੜ੍ਹ ਵਿਖੇ ਰਹਿ ਰਹੀ ਸੀ। ਉਪਰੰਤ ਉਸ ਦੀ ਭੈਣ ਤਿੰਨ ਮਹੀਨੇ ਮਲੇਸ਼ੀਆ 'ਚ ਰਹਿਣ ਉਪਰੰਤ ਜਨਵਰੀ 2020 'ਚ ਉਹ ਮੁੜ (ਭਾਰਤ) ਆ ਕੇ ਆਪਣੇ ਮਾਪੇ ਘਰ ਪਿੰਡ ਕਾਠਗੜ੍ਹ ਵਿਖੇ ਆਪਣੇ ਪਰਿਵਾਰ 'ਚ ਰਹਿ ਰਹੀ ਸੀ।
2 ਜੂਨ 2020 ਨੂੰ ਉਸ ਨੇ ਆਪਣੇ ਭਰਾ ਨੂੰ ਕਿਹਾ ਕਿ ਉਹ ਮੁੜ ਵਿਦੇਸ਼ ਯਾਤਰਾ ਲਈ ਫਰਾਂਸ ਜਾਣਾ ਚਾਹੁੰਦੀ ਹੈ ਅਤੇ ਇਸ ਸਬੰਧੀ ਸਾਰਾ ਖਰਚਾ ਵਿਜੇ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਪਿੰਡ ਕਾਠਗੜ੍ਹ ਕਰੇਗਾ ਅਤੇ ਉਸ ਦੀ ਵਿਦੇਸ਼ ਯਾਤਰਾ ਲਈ ਵਿਜੇ ਕੁਮਾਰ ਨੇ ਉਸ ਦੇ ਸਾਰੇ ਲੋੜੀਂਦੇ ਕਾਗਜ਼ ਵੀ ਤਿਆਰ ਕਰਵਾ ਦਿੱਤੇ ਹਨ। ਬਿਆਨ ਕਰਤਾ ਅਨੁਸਾਰ ਉਸ ਨੇ ਇਸ ਸਬੰਧੀ ਵਿਜੇ ਕੁਮਾਰ ਨਾਲ ਗੱਲ ਕੀਤੀ ਅਤੇ ਵਿਜੇ ਕੁਮਾਰ ਨੇ ਉਸ ਨੂੰ ਕਿਹਾ ਕਿ, ਰਮਨਪ੍ਰੀਤ ਦੇ ਫਰਾਂਸ ਜਾਣ ਹਿੱਤ ਸਾਰਾ ਖਰਚਾ ਮੈਂ ਹੀ ਕਰਨਾ ਹੈ। ਜੇਕਰ ਤੁਸੀਂ ਅਜਿਹਾ ਨਾ ਕੀਤਾ ਤਾਂ ਰਮਨਪ੍ਰੀਤ ਕੁਝ ਕਰ ਲਵੇਗੀ।
ਬਿਆਨ ਕਰਤਾ ਨੇ ਆਪਣੇ ਬਿਆਨ 'ਚ ਇਹ ਵੀ ਦੱਸਿਆ ਕਿ ਉਹ ਇਸ ਤੋਂ ਬਾਅਦ ਵਿਜੇ ਕੁਮਾਰ (ਜੋ ਮੌਜੂਦਾ ਸਮੇਂ ਫਰਾਂਸ 'ਚ ਰਹਿ ਰਿਹਾ ਹੈ) ਦੇ ਘਰ ਜਾ ਕੇ ਉਸ (ਮਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ) ਨੇ ਕੁਨਾਲ ਪੁੱਤਰ ਦੌਲਤ ਰਾਮ ਨਾਲ ਗੱਲ ਕੀਤੀ ਅਤੇ ਕਿਹਾ ਕਿ ਤੁਸੀਂ ਵਿਜੇ ਨੂੰ ਸਮਝਾਓ ਅਤੇ ਅਸੀਂ ਆਪਣੀ ਲੜਕੀ ਰਮਨਪ੍ਰੀਤ ਕੌਰ ਨੂੰ ਸਮਝਾਉਂਦੇ ਹਾਂ। ਉਸੇ ਰਾਤ ਡਿੰਪਲ ਪਤਨੀ ਕੁਨਾਲ ਉਸ ਦੀ ਮਾਤਾ ਸਰੋਜ ਬਾਲਾ ਪਤਨੀ ਦੌਲਤ ਰਾਮ, ਕੁਨਾਲ ਪੁੱਤਰ ਦੌਲਤ ਰਾਮ ਅਤੇ ਸੋਨੂੰ ਪੁੱਤਰ ਰੌਣਕੀ ਰਾਮ ਸਾਰੇ ਵਾਸੀਆਨ ਪਿੰਡ ਕਾਠਗੜ੍ਹ ਸਾਡੇ ਘਰ ਆਏ ਅਤੇ ਡਿੰਪਲ ਕਹਿਣ ਲੱਗੀ ਕਿ ਮੇਰੇ ਪਤੀ ਡਿੰਪਲ ਨੇ ਜ਼ਹਿਰ ਖਾ ਲੈਣਾ ਹੈ ਅਤੇ ਤੁਹਾਡਾ ਸਾਰਾ ਪਰਿਵਾਰ ਕਾਨੂੰਨੀ ਸ਼ਿਕੰਜੇ 'ਚ ਉਲਝਾ ਦੇਣਾ ਹੈ ਅਤੇ ਮੇਰੀ ਭੈਣ ਰਮਨਦੀਪ ਨੂੰ ਸਾਰੇ ਸਾਡੇ ਘਰ 'ਚ ਹੀ ਡਰਾਉਣ ਅਤੇ ਧਮਕਾਉਣ ਵੀ ਲੱਗੇ।
ਇਸ ਉਪਰੰਤ ਸਾਡੇ ਘਰ ਆਏ ਉਪਰੋਕਤ ਸਭ ਔਰਤਾਂ ਅਤੇ ਮਰਦਾਂ ਨੂੰ ਸਮਝਾ ਕੇ ਘਰੋਂ ਭੇਜ ਦਿੱਤਾ ਪਰ 3 ਜੂਨ ਨੂੰ ਅਸੀਂ ਸਾਰੇ ਆਪੋ ਆਪਣੇ ਕੰਮਾਂ ਕਾਰਾਂ ਲਈ ਘਰ ਤੋਂ ਬਾਹਰ ਗਏ ਹੋਏ ਸੀ। ਘਰ 'ਚ ਮੇਰੀ ਮਾਤਾ, ਮੇਰੇ ਪਿਤਾ ਗੁਰਮੀਤ ਸਿੰਘ ਨੂੰ ਬਾਬਾ ਸ਼ੈਂਕੀ ਸ਼ਾਹ ਦੇ ਧਾਰਮਕ ਸਥਾਨ 'ਤੇ ਚਾਹ ਦੇਣ ਉਪਰੰਤ ਜਦੋਂ ਰਾਤ ਨੂੰ ਕਰੀਬ ਅੱਠ ਵਜੇ ਵਾਪਸ ਆਈ ਤਾਂ ਮੇਰੀ ਭੈਣ ਘਰ 'ਚ ਬੈੱਡ 'ਤੇ ਬੇਸੁੱਧ ਪਈ ਸੀ, ਜਿਸ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾਧੀ ਜਾਪਦੀ ਸੀ ਕਿਉਂਕਿ ਉਸ ਦੇ ਮੂੰਹ ਚੋਂ ਭੈੜੀ ਗੰਧ (ਬਦਬੂ) ਆ ਰਹੀ ਸੀ। ਆਪਣੀ ਭੈਣ ਨੂੰ ਅਸੀਂ ਬਿਨਾਂ ਕਿਸੇ ਦੇਰੀ ਤੋਂ ਬਲਾਚੌਰ ਵਿਖੇ ਇਕ ਨਿੱਜੀ ਹਸਪਤਾਲ 'ਚ ਇਲਾਜ ਹਿੱਤ ਲੈ ਗਏ ਪਰ ਜ਼ੇਰੇ ਇਲਾਜ (ਬੈਂਸ ਹਸਪਤਾਲ ਭੱਦੀ ਰੋਡ ) ਬਲਾਚੌਰ ਵਿਖੇ ਉਸ ਦੀ ਬੇਵਕਤੀ ਮੌਤ ਹੋ ਗਈ।
ਥਾਣਾ ਮੁਖੀ ਕਸਬਾ ਕਾਠਗੜ੍ਹ ਸਬ ਇੰਸਪੈਕਟਰ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਕਥਿਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ ਅਤੇ ਮ੍ਰਿਤਕਾ ਨੇ ਜ਼ਹਿਰੀਲੀ ਚੀਜ਼ ਕਿਉਂ ਖਾਧੀ, ਇਸ ਬਾਰੇ ਪੁਲਸ ਡੂੰਘਾਈ 'ਚ ਜਾ ਕੇ ਜਾਂਚ ਕਰੇਗੀ। ਥਾਣਾ ਮੁਖੀ ਨੇ ਦੱਸਿਆ ਕਿ ਵਿਜੇ ਕੁਮਾਰ, ਕੁਨਾਲ ਪੁੱਤਰ ਦੌਲਤ ਰਾਮ, ਸਰੋਜ ਬਾਲਾ ਪਤਨੀ ਦੌਲਤ ਰਾਮ, ਡਿੰਪਲ ਪਤਨੀ ਕੁਨਾਲ ਅਤੇ ਸੋਨੂੰ ਪੁੱਤਰ ਰੌਣਕੀ ਰਾਮ (ਸਾਰੇ ਵਾਸੀ ਪਿੰਡ ਕਾਠਗੜ੍ਹ) ਦੇ ਨਾਂ ਬਰ ਬਿਆਨ ਕਰਤਾ ਅਨੁਸਾਰ ਪਰਚੇ 'ਚ ਸ਼ਾਮਲ ਕੀਤੇ ਗਏ ਹਨ। ਖ਼ਬਰ ਲਿਖੇ ਜਾਣ ਤੱਕ ਮ੍ਰਿਤਕਾ ਰਮਨਪ੍ਰੀਤ ਕੌਰ ਦਾ ਪੋਸਟਮਾਰਟਮ ਸਰਕਾਰੀ ਹਸਪਤਾਲ ਬਲਾਚੌਰ 'ਚ ਹੋ ਰਿਹਾ ਸੀ।
ਗਰਮੀ ਨਾਲ ਤਪਦੀਆਂ ਜ਼ਮੀਨਾਂ ਦਾ ਮੀਂਹ ਨੇ ਠਾਰਿਆ ਸੀਨਾ, ਕਿਸਾਨਾਂ ਨੂੰ ਮਿਲੀ ਰਾਹਤ
NEXT STORY