ਮੋਹਾਲੀ (ਨਿਆਮੀਆਂ) : ਇਸਤਰੀ ਅਕਾਲੀ ਦਲ ਦੀਆਂ ਵੱਡੀ ਗਿਣਤੀ 'ਚ ਨੇਤਾਵਾਂ ਅੱਜ ਇੱਥੇ ਗੁਰਦੁਆਰਾ ਅੰਬ ਸਾਹਿਬ ਵਿਖੇ ਇਕੱਤਰ ਹੋਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਮੋਹਾਲੀ ਦੇ ਇੱਕ ਹੋਟਲ 'ਚ ਜਾ ਕੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਦੀ ਅਗਵਾਈ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ, ਸਾਬਕਾ ਸੀਨੀਅਰ ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਹਰਪ੍ਰੀਤ ਕੌਰ ਬਰਨਾਲਾ, ਪੰਜਾਬ ਮਹਿਲਾ ਕਮਿਸ਼ਨ ਦੀ ਸਾਬਕਾ ਚੇਅਰਪਰਸਨ ਅਤੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾਂ ਕਰ ਰਹੀਆਂ ਸਨ। ਜਦ ਕਿ ਇਸਤਰੀ ਅਕਾਲੀ ਦਲ ਲੁਧਿਆਣਾ ਦੀ ਸਾਬਕਾ ਪ੍ਰਧਾਨ ਸੁਰਿੰਦਰ ਕੌਰ ਦਿਆਲ, ਇਸਤਰੀ ਅਕਾਲੀ ਦਲ ਚੰਡੀਗੜ੍ਹ ਦੀ ਸਾਬਕਾ ਪ੍ਰਧਾਨ ਸਤਵੰਤ ਕੌਰ ਜੌਹਲ, ਇਸਤਰੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੀ ਸਾਬਕਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਅਤੇ ਹੋਰ ਆਗੂ ਵਿਸ਼ੇਸ਼ ਤੌਰ 'ਤੇ ਸ਼ਾਮਲ ਸਨ।
ਇਹ ਵੀ ਪੜ੍ਹੋ : ਕੁਦਰਤੀ ਆਫ਼ਤ ਦਰਮਿਆਨ 20 ਘਰਾਂ 'ਚ ਗੂੰਜੀਆਂ ਕਿਲਕਾਰੀਆਂ, ਪਰਿਵਾਰਾਂ 'ਚ ਛਾਈ ਖ਼ੁਸ਼ੀ
ਇਨ੍ਹਾਂ ਨੇਤਾਵਾਂ ਨੇ ਦੱਸਿਆ ਕਿ ਉਹ ਸਮੂਹਿਕ ਤੌਰ 'ਤੇ ਇਸਤਰੀ ਅਕਾਲੀ ਦਲ ਤੋਂ ਅਸਤੀਫ਼ੇ ਦੇ ਰਹੀਆਂ ਹਨ। ਇਹ ਦਾਅਵਾ ਕੀਤਾ ਗਿਆ ਕਿ ਅਸਤੀਫ਼ੇ ਦੇਣ ਵਾਲੀਆਂ ਨੇਤਾਵਾਂ ਦੀ ਗਿਣਤੀ 35 ਹੈ। ਉਨ੍ਹਾਂ ਇਹ ਗੱਲ ਸਪੱਸ਼ਟ ਕੀਤੀ ਕਿ ਉਹ ਇਸਤਰੀ ਅਕਾਲੀ ਤੋਂ ਹੀ ਆਪਣੇ ਅਸਤੀਫ਼ੇ ਦੇ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਆਪਣੀ ਮਾਂ ਪਾਰਟੀ ਦੱਸਦਿਆਂ ਕਿਹਾ ਕਿ ਉਹ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਰਹੀਆਂ ਹਨ ਅਤੇ ਅੱਗੋਂ ਲਈ ਵੀ ਕੰਮ ਕਰਦੀਆਂ ਰਹਿਣਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਿਖੇ ਇਸ ਪੱਤਰ 'ਚ ਕਿਹਾ ਗਿਆ ਹੈ ਕਿ ਇਸਤਰੀ ਅਕਾਲੀ ਦਲ ਦੀਆਂ ਸਾਰੀਆਂ ਅਹੁਦੇਦਾਰ ਪਾਰਟੀ ਦੇ ਹਿੱਤ 'ਚ ਆਪਣੇ ਵਿਚਾਰ ਪ੍ਰਧਾਨ ਜੀ ਨਾਲ ਸਾਂਝੇ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਹੈ। ਜਿਸ ਦੀ ਸਥਾਪਨਾ ਸਾਡੇ ਪੁਰਖਿਆਂ ਨੇ ਕਰੜੇ ਸੰਘਰਸ਼ ਅਤੇ ਸ਼ਹਾਦਤਾਂ ਦੇ ਕੇ ਕੀਤੀ ਸੀ। ਉਨ੍ਹਾਂ ਇਹ ਗੱਲ ਖ਼ਾਸ ਤੌਰ 'ਤੇ ਆਖੀ ਹੈ ਕੀ ਇਤਿਹਾਸ ਗਵਾਹ ਰਿਹਾ ਹੈ ਕਿ ਇੱਕ ਸਮਾਂ ਸੀ, ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਦਰੀਆਂ ਵਿਛਾਉਣ ਅਤੇ ਪਾਣੀ ਪਿਲਾਉਣ ਦੀ ਸੇਵਾ ਕਰਦੇ-ਕਰਦੇ ਪਾਰਟੀ ਹਾਈ ਕਮਾਂਡ ਦੀਆਂ ਨਜ਼ਰਾਂ 'ਚ ਚੜ੍ਹ ਕੇ ਅਹੁਦੇਦਾਰੀਆਂ ਦੇ ਹੱਕਦਾਰ ਬਣਦੇ ਸੀ। ਉਨ੍ਹਾਂ ਕਿਹਾ ਕਿ ਪਾਰਟੀ 'ਚ ਨਵੇਂ ਬੰਦੇ ਸ਼ਾਮਲ ਹੋਣ ਇਹ ਗੱਲ ਸੁਆਗਤ ਯੋਗ ਹੈ ਪਰ ਉਹ ਕਤਾਰ 'ਚ ਪਿੱਛੇ ਲੱਗ ਕੇ ਆਪਣੀ ਯੋਗਤਾ ਸਾਬਤ ਕਰਕੇ ਅੱਗੇ ਆਉਣ। ਉਨ੍ਹਾਂ ਇਹ ਗੱਲ ਦੁੱਖ ਨਾਲ ਆਖੀ ਹੈ ਕਿ ਪਿਛਲੇ ਕੁਝ ਸਮੇ ਤੋਂ ਉਲਟ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਹੈ ਕਿ ਮੌਕਾਪ੍ਰਸਤ ਲੋਕ ਕੁੱਝ ਲੋਕਾਂ ਦੀ ਚਾਪਲੂਸੀ ਕਰਕੇ ਟਕਸਾਲੀ ਵਰਕਰਾਂ ਨੂੰ ਪਿੱਛੇ ਧੱਕ ਕੇ ਮੋਹਰ ਕਤਾਰ 'ਚ ਆ ਲੱਗਦੇ ਹਨ ਅਤੇ ਟਕਸਾਲੀ ਵਰਕਰਾਂ ਦੀ ਸਾਲਾਂ ਤੋਂ ਕੀਤੀ ਪਾਰਟੀ ਦੀ ਸੇਵਾ ਨੂੰ ਮਿੱਟੀ 'ਚ ਰੋਲ ਦਿੰਦੇ ਹਨ।
ਇਹ ਵੀ ਪੜ੍ਹੋ : CM ਮਾਨ ਦੀ ਅਮਿਤ ਸ਼ਾਹ ਨਾਲ ਮੀਟਿੰਗ, ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਦਿੱਤੀ ਜਾਣਕਾਰੀ
ਉਨ੍ਹਾਂ ਇਸ ਗੱਲ 'ਤੇ ਖ਼ਾਸ ਤੌਰ 'ਤੇ ਰੋਸ ਪ੍ਰਗਟ ਕੀਤਾ ਹੈ ਕਿ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਜਿਸ ਬੀਬੀ ਨੂੰ ਲਗਾਇਆ ਗਿਆ ਹੈ। ਉਸ ਦਾ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਦੂਰ ਨੇੜੇ ਦਾ ਵੀ ਕੋਈ ਸਬੰਧ ਨਹੀਂ ਹੈ। ਇਹ ਪ੍ਰਧਾਨ ਅਕਾਲੀ ਦਲ ਤੇ ਥੋਪੀ ਗਈ ਹੈ, ਇਸ ਲਈ ਇਹ ਬਹੁਤ ਮੰਦਭਾਗੀ ਗੱਲ ਹੈ। ਇਸ ਗੱਲ 'ਤੇ ਅਫ਼ਸੋਸ ਪ੍ਰਗਟ ਕੀਤਾ ਹੈ ਕਿ ਜਿਹੜੀ ਬੀਬੀ ਆਪਣੀਆਂ ਸਮੇਤ ਪ੍ਰਕਾਸ਼ ਸਿੰਘ ਬਾਦਲ ਨੂੰ ਨਫ਼ਤ ਭਰੇ ਅੰਦਾਜ਼ ਵਿੱਚ ਬਾਬਰ ਅਤੇ ਬੇਈਮਾਨ ਕਹਿ ਕੇ ਸੰਬੋਧਿਤ ਕਰਦੀ ਰਹੀ ਹੈ, ਉਹ ਬੀਬੀ ਸ਼੍ਰੋਮਣੀ ਅਕਾਲੀ ਦਲ ਦੇ ਅਹਿਮ ਹਿੱਸਾ ਇਸਤਰੀ ਅਕਾਲੀ ਦਲ ਦੀ ਅਗਵਾਈ ਇਮਾਨਦਾਰੀ ਨਾਲ ਕਿਸ ਤਰ੍ਹਾਂ ਕਰ ਸਕਦੀ ਹੈ। ਉਨ੍ਹਾਂ ਨਾਲ ਹੀ ਕਿਹਾ ਹੈ ਕਿ ਇਸ ਤੋਂ ਪਹਿਲਾਂ ਵੀ ਪਾਰਟੀ ਵੱਲੋਂ ਅਜਿਹੀਆਂ ਗਲਤੀਆਂ ਕੀਤੀਆਂ ਗਈਆਂ ਸਨ। ਜਿਨ੍ਹਾਂ ਨਾਲ ਪਾਰਟੀ ਨੂੰ ਨਮੋਸ਼ੀ ਦਾ ਸਾਮਣਾ ਵੀ ਕਰਨਾ ਪਿਆ ਹੈ। ਸਭ ਤੋਂ ਬੁਰੀ ਗੱਲ ਇਹ ਹੋਈ ਕਿ ਜਿਹੜੀਆਂ ਟਕਸਾਲੀ ਪਰਿਵਾਰਾਂ ਨਾਲ ਸੰਬੰਧਿਤ ਅਕਾਲੀ ਬੀਬੀਆਂ ਦਹਾਕਿਆਂ ਤੋਂ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੀਆਂ ਰਹੀਆਂ ਅਤੇ ਪਾਰਟੀ ਦੇ ਹਰ ਹੁਕਮ 'ਤੇ ਇਮਾਨਦਾਰੀ ਨਾਲ ਤਨ ਦੇਹੀ ਨਾਲ ਪਹਿਰਾ ਦਿੰਦੀਆਂ ਰਹੀਆਂ, ਉਨ੍ਹਾਂ ਬੀਬੀਆਂ ਨੂੰ ਇਹ ਮਹੱਤਵਪੂਰਨ ਫ਼ੈਸਲਾ ਲੈਣ ਵੇਲੇ ਜਾਣ ਬੁੱਝ ਕੇ ਅੱਖੋਂ ਪਰੋਖੇ ਕੀਤਾ ਗਿਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
CM ਮਾਨ ਦੀ ਅਮਿਤ ਸ਼ਾਹ ਨਾਲ ਮੀਟਿੰਗ, ਨਸ਼ਿਆਂ ਖ਼ਿਲਾਫ਼ ਕਾਰਵਾਈ ਦੀ ਦਿੱਤੀ ਜਾਣਕਾਰੀ
NEXT STORY