ਸਮਰਾਲਾ (ਸੰਜੇ) : ਸਮਰਾਲਾ ਤਹਿਸੀਲ ਦੇ ਪਿੰਡ ਮਾਨੂੰਪੁਰ ’ਚ ਅੱਜ ਸਵੇਰੇ ਚਾਰ ਅਨੁਸੂਚਿਤ ਜਾਤੀ ਦੀਆਂ ਔਰਤਾਂ ਨੂੰ ਜ਼ਲੀਲ ਕਰਨ ਤੋਂ ਬਾਅਦ ਡੰਡਿਆਂ ਨਾਲ ਉਨ੍ਹਾਂ ਦੀ ਭਾਰੀ ਕੁੱਟਮਾਰ ਕਰਨ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਸ ਤੋਂ ਬਾਅਦ ਪਿੰਡ ਵਿਚ ਭਾਰੀ ਤਣਾਅ ਵਾਲਾ ਮਾਹੌਲ ਬਣ ਗਿਆ ਹੈ ਅਤੇ ਗੁੱਸੇ ’ਚ ਆਏ ਪਿੰਡ ਦੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਅੱਗੇ ਧਰਨਾ ਲੱਗਾ ਦਿੱਤਾ ਗਿਆ ਹੈ। ਅਨੁਸੂਚਿਤ ਜਾਤੀ ਦੇ ਭਾਈਚਾਰੇ ਸਮੇਤ ਪਿੰਡ ਦੇ ਸਾਰੇ ਹੀ ਵਰਗਾਂ ਦੇ ਲੋਕ ਇਸ ਵਾਪਰੀ ਘਟਨਾ ਨੂੰ ਲੈ ਕੇ ਬੜੇ ਗੁੱਸੇ ਵਿਚ ਦਿਖਾਈ ਦੇ ਰਹੇ ਹਨ ਅਤੇ ਵੱਡੀ ਗਿਣਤੀ ’ਚ ਲੋਕ ਧਰਨੇ ਵਿਚ ਪਹੁੰਚ ਕੇ ਨਾਅਰੇਬਾਜ਼ੀ ਕਰ ਰਹੇ ਹਨ।
ਇਹ ਘਟਨਾ ਹੁਣ ਤੋਂ ਕੁੱਝ ਦੇਰ ਪਹਿਲਾ ਹੀ ਵਾਪਰੀ ਹੈ ਅਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਵੀ ਮੌਕੇ ’ਤੇ ਪਹੁੰਚ ਚੁੱਕੀ ਹੈ। ਉੱਥੇ ਮੌਜੂਦ ਇਸ ਤਸ਼ਦੱਦ ਦਾ ਸ਼ਿਕਾਰ ਹੋਈਆਂ ਔਰਤਾਂ ਨੇ ਰੋ-ਰੋ ਕੇ ਆਪਣੇ ਨਾਲ ਵਾਪਰੀ ਘਟਨਾ ਬਾਰੇ ਦੱਸਦਿਆ ਕਿਹਾ ਕਿ ਉਹ ਰੋਜ਼ ਦੀ ਤਰ੍ਹਾਂ ਖੇਤਾਂ ਵਿਚ ਆਪਣੇ ਪਸ਼ੂਆਂ ਲਈ ਕੱਖ (ਹਰਾ ਚਾਰਾ) ਲੈਣ ਲਈ ਗਈਆਂ ਸਨ। ਪਿੰਡ ਦੇ ਸੂਏ ਨੇੜੇ ਉਹ ਇੱਕ ਖੇਤ ਦੀ ਵੱਟ ਤੋਂ ਕੱਖ ਵੱਢ ਰਹੀਆਂ ਸਨ ਤਾਂ ਅਚਾਨਕ ਉੱਥੇ ਲਾਗਲੇ ਪਿੰਡ ਦਾ ਇੱਕ ਵਿਅਕਤੀ ਆਇਆ ਅਤੇ ਉਸ ਨੇ ਆਉਂਦੇ ਹੀ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆ।
ਇਸ ਤੋਂ ਬਾਅਦ ਇਹ ਵਿਅਕਤੀ ਉਨ੍ਹਾਂ ਨੂੰ ਜਾਤੀ ਸੂਚਕ ਗਾਲ੍ਹਾਂ ਕੱਢਦਾ ਹੋਇਆ ਉਨ੍ਹਾਂ ਨੂੰ ਜ਼ਲੀਲ ਕਰਨ ਲੱਗ ਪਿਆ ਅਤੇ ਕੁਝ ਔਰਤਾਂ ਦੇ ਕਥਿਤ ਤੌਰ ’ਤੇ ਕਪੱੜੇ ਤੱਕ ਫਾੜ ਦਿੱਤੇ। ਇਸ ਤੋਂ ਬਾਅਦ ਬੜੀ ਬੇਰਹਿਮੀ ਨਾਲ ਇਨ੍ਹਾਂ ਔਰਤਾਂ ਨੂੰ ਸੋਟੀ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾ ਕੇ ਪਿੰਡ ਪੁੱਜੀਆਂ ਔਰਤਾਂ ਦੀ ਹਾਲਤ ਵੇਖ ਕੇ ਸਾਰਾ ਪਿੰਡ ਇੱਕਠਾ ਹੋ ਚੁੱਕਾ ਹੈ ਅਤੇ ਗੁੱਸੇ ਨਾਲ ਭਰੇ ਪੀਤੇ ਲੋਕਾਂ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਅੱਗੇ ਧਰਨਾ ਦਿੰਦੇ ਹੋਏ ਇਸ ਘਟਨਾ ਖ਼ਿਲਾਫ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ।
ਪਿੰਡ ਦੇ ਸਾਬਕਾ ਕੈਪ. ਹਰਜਿੰਦਰ ਸਿੰਘ ਅਤੇ ਦਲਿਤ ਸਮਾਜ ਦੇ ਆਗੂ ਅਵਤਾਰ ਸਿੰਘ ਮਾਨੂੰਪੁਰ ਨੇ ਪਿੰਡ ਵਿਚ ਵਾਪਰੀ ਇਸ ਘਟਨਾ ਨੂੰ ਬਹੁਤ ਹੀ ਸ਼ਰਮਸਾਰ ਦੱਸਦੇ ਹੋਏ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਜਾਣਕਾਰੀ ਮਿਲਣ ’ਤੇ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਚੁੱਕੇ ਹਨ ਅਤੇ ਸਾਰੀ ਘਟਨਾ ਬਾਰੇ ਜਾਣਕਾਰੀ ਇੱਕਠੀ ਕੀਤੀ ਜਾ ਰਹੀ ਹੈ। ਪਿੰਡ ਦੇ ਲੋਕਾਂ ਵੱਲੋਂ ਘਟਨਾ ਲਈ ਜ਼ਿੰਮੇਵਾਰ ਦੋਸ਼ੀ ਦੀ ਤੁਰੰਤ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਲੋਕ ਧਰਨੇ ’ਤੇ ਬੈਠੇ ਹਨ।
ਵਿਸ਼ਵ ਪ੍ਰਸਿੱਧ ਹਰੀਕੇ ਪੱਤਣ ਝੀਲ ’ਚ ਡੌਲਫਿਨ ਮੱਛੀ ਦੀ ਮੌਤ
NEXT STORY