ਜਲੰਧਰ, (ਸ਼ੋਰੀ)- ਇਨ੍ਹੀਂ ਦਿਨੀਂ ਮਹਿਲਾ ਥਾਣੇ ਦੀ ਪੁਲਸ ਵੀ ਪ੍ਰੇਸ਼ਾਨ ਹੈ ਤੇ ਲੋਕ ਉਨ੍ਹਾਂ ਦੀਆਂ ਸ਼ਿਕਾਇਤਾਂ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਕਰ ਰਹੇ ਹਨ। ਜਾਣਕਾਰੀ ਮੁਤਾਬਕ ਸਹੁਰਿਆਂ ਖਿਲਾਫ ਦਾਜ ਦੀਆਂ ਸ਼ਿਕਾਇਤਾਂ ਦੇਣ ਵਾਲੀਆਂ ਔਰਤਾਂ ਨੂੰ ਜਦੋਂ ਕਾਊਂਸਲਿੰਗ ਲਈ ਮਹਿਲਾ ਥਾਣੇ ਦੀ ਪੁਲਸ ਬੁਲਾਉਂਦੀ ਹੈ ਤਾਂ ਦੋਵਾਂ ਧਿਰਾਂ ਵਿਚ ਬਹਿਸਬਾਜ਼ੀ ਥਾਣੇ ਵਿਚ ਹੀ ਦੇਖਣ ਨੂੰ ਮਿਲਦੀ ਹੈ। ਅਕਸਰ ਔਰਤ ਧਿਰ ਦੇ ਲੋਕਾਂ ਦਾ ਦੋਸ਼ ਹੁੰਦਾ ਹੈ ਕਿ ਸਹੁਰਾ ਧਿਰ ਦੇ ਲੋਕਾਂ ਨੂੰ ਪੁਲਸ ਵਾਲਿਆਂ ਨੇ ਝਿੜਕਿਆ ਨਹੀਂ ਤੇ ਉਨ੍ਹਾਂ ਦਾ ਪੱਖ ਠੀਕ ਢੰਗ ਨਾਲ ਸੁਣਿਆ ਨਹੀਂ।
ਇੰਨਾ ਹੀ ਨਹੀਂ, ਕੁਝ ਔਰਤਾਂ ਤਾਂ ਪੁਲਸ ਕਮਿਸ਼ਨਰ ਤੋਂ ਲੈ ਕੇ ਪੁਲਸ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਕਹਿੰਦੀਆਂ ਹਨ ਕਿ ਥਾਣੇ ਦੀ ਪੁਲਸ ਉਨ੍ਹਾਂ ਦਾ ਤਲਾਕ ਕਰਵਾ ਕੇ ਉਨ੍ਹਾਂ ਦੇ ਸਹੁਰਿਆਂ ਤੋਂ ਪੈਸੇ ਨਹੀਂ ਦਿਵਾ ਰਹੀ। ਨਾਂ ਨਾ ਛਾਪਣ ਦੀ ਸ਼ਰਤ 'ਤੇ ਮਹਿਲਾ ਥਾਣੇ ਵਿਚ ਤਾਇਨਾਤ ਇਕ ਮਹਿਲਾ ਕਾਂਸਟੇਬਲ ਨੇ ਦੱਸਿਆ ਕਿ ਪੁਲਸ ਦਾ ਕੰਮ ਜਾਂਚ ਕਰਨ ਤੋਂ ਬਾਅਦ ਕੇਸ ਰਜਿਸਟਰ ਕਰਨਾ ਹੈ। ਪੁਲਸ ਸਹੁਰਿਆਂ ਕੋਲੋਂ ਔਰਤਾਂ ਨੂੰ ਪੈਸੇ ਨਹੀਂ ਦਿਵਾ ਸਕਦੀ। ਹੁਣ ਪੁਰਾਣੇ ਜ਼ਮਾਨੇ ਨਹੀਂ ਰਹੇ। ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮ ਨੂੰ ਸਿੱਧਾ ਪੁਲਸ ਗ੍ਰਿਫਤਾਰ ਨਹੀਂ ਕਰ ਸਕਦੀ। ਪਹਿਲਾਂ ਉਨ੍ਹਾਂ ਨੂੰ ਨੋਟਿਸ ਜਾਰੀ ਕਰਨਾ ਪੈਂਦਾ ਹੈ।
ਮਹਿਲਾ ਥਾਣੇ ਵਿਚ ਲੋਕ ਰੋਜ਼ ਇਸ ਗੱਲ ਨੂੰ ਲੈ ਕੇ ਵਿਵਾਦ ਕਰਦੇ ਹਨ ਜਿਸਦਾ ਹੱਲ ਕੱਢਣ ਲਈ ਮਹਿਲਾ ਥਾਣੇ ਵਿਚ ਉਨ੍ਹਾਂ ਫਲੈਕਸ ਬੋਰਡ ਲਗਵਾ ਦਿੱਤਾ ਹੈ ਜਿਸ 'ਤੇ ਸਾਫ ਲਿਖਿਆ ਹੈ ਕਿ ਪੁਲਸ ਰਾਜ਼ੀਨਾਮਾ ਨਹੀਂ ਕਰਵਾਉਂਦੀ। ਰਾਜ਼ੀਨਾਮਾ ਦੋਵਾਂ ਧਿਰਾਂ ਦਾ ਨਿੱਜੀ ਅਧਿਕਾਰ ਹੈ। ਰਾਜ਼ੀਨਾਮਾ ਸਮਾਜਿਕ ਤੇ ਪੰਚਾਇਤੀ ਤੌਰ 'ਤੇ ਕੀਤਾ ਜਾ ਸਕਦਾ ਹੈ। ਬੋਰਡ ਲੱਗਣ ਤੋਂ ਬਾਅਦ ਲੋਕ ਉਨ੍ਹਾਂ ਨੂੰ ਤੰਗ ਕਰਨਾ ਘਟ ਗਏ ਹਨ।
ਘਰ 'ਚੋਂ ਗਹਿਣੇ ਤੇ ਹੋਰ ਸਾਮਾਨ ਚੋਰੀ
NEXT STORY