ਨੂਰਪੁਰਬੇਦੀ (ਭੰਡਾਰੀ)- ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਪੁਲਸ ਚੌਂਕੀ ਕਲਵਾਂ ਨੇੜੇ ਸਥਿਤ ਪਿੰਡ ਸਵਾੜਾ ’ਚੋਂ ਹੋ ਕੇ ਲੰਘਦੀ ਸਵਾਂ ਨਦੀ ਦੇ ਕਿਨਾਰੇ ਰਹਿ ਰਹੇ ਇਕ ਮਜ਼ਦੂਰ ਪਰਿਵਾਰ ਦੀ ਝੁੱਗੀ ਅਚਾਨਕ ਅੱਗ ਦੀ ਭੇਟ ਚੜ੍ਹ ਗਈ। ਇਸ ਦੌਰਾਨ ਝੁੱਗੀ ’ਚ ਸੁੱਤਾ ਹੋਇਆ 18 ਮਹੀਨਿਆਂ ਦਾ ਇਕ ਮਾਸੂਮ ਬੱਚਾ ਜ਼ਿੰਦਾ ਸੜ ਗਿਆ ਜਦਕਿ ਇਕ 9 ਸਾਲਾ ਕੁੜੀ ਵੀ ਅੱਗ ’ਚ ਝੁਲਸ ਕੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਮੁਹੰਮਦ ਸਲੀਮ ਪੁੱਤਰ ਮੁਹੰਮਦ ਮਲਾਦ ਆਪਣੀ ਪਤਨੀ ਅਤੇ 3 ਬੱਚਿਆਂ ਨਾਲ ਝੁੱਗੀ ’ਚ ਸੁੱਤਾ ਹੋਇਆ ਸੀ। ਇਸ ਦੌਰਾਨ ਰਾਤ ਕਰੀਬ 9 ਕੁ ਵਜੇ ਉਸ ਨੂੰ ਜਦੋਂ ਅਚਾਨਕ ਸੇਕ ਲੱਗਿਆ ਤਾਂ ਉਸ ਨੇ ਉੱਠ ਕੇ ਵੇਖਿਆ ਕਿ ਝੁੱਗੀ ਨੂੰ ਅੱਗ ਲੱਗੀ ਹੋਈ ਸੀ। ਉਸ ਨੇ ਤੁਰੰਤ ਆਪਣੀ ਪਤਨੀ ਨਾਜ਼ਮਾ (25) ਨੂੰ ਉਠਾਇਆ ਅਤੇ ਬੱਚਿਆਂ ਨੂੰ ਸੰਭਾਲਣ ’ਚ ਜੁਟ ਗਏ। ਵੇਖਦੇ ਹੀ ਵੇਖਦੇ ਅੱਗ ਬੇਕਾਬੂ ਹੋ ਗਈ ਅਤੇ ਝੁੱਗੀ ਸੜ ਕੇ ਸੁਆਹ ਹੋ ਗਈ।
ਇਹ ਵੀ ਪੜ੍ਹੋ : ਇਨਸਾਨੀਅਤ ਸ਼ਰਮਸਾਰ, ਭੁਲੱਥ ਵਿਖੇ ਛੱਪੜ ਨੇੜਿਓਂ ਮਿਲਿਆ ਬੱਚੇ ਦਾ ਭਰੂਣ
ਇਸ ਦੌਰਾਨ ਉਕਤ ਪਰਿਵਾਰ ਦਾ ਸੁੱਤਾ ਹੋਇਆ 18 ਮਹੀਨਿਆਂ ਦਾ ਬੱਚਾ ਰਹੀਮ ਦੀ ਅੱਗ ’ਚ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ ਜਦਕਿ 9 ਸਾਲਾ ਕੁੜੀ ਨੇਹਾ ਵੀ ਅੱਗ ਦੀ ਲਪੇਟ ’ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਈ, ਜੋ ਸਰਕਾਰੀ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ੇਰੇ ਇਲਾਜ ਹੈ। ਬੱਚਿਆਂ ਨੂੰ ਬਚਾਉਣ 'ਚ ਲੱਗੀ ਮਜ਼ਦੂਰ ਦੀ ਪਤਨੀ ਨਾਜ਼ਮਾ ਵੀ ਕਰੀਬ 50 ਫ਼ੀਸਦੀ ਝੁਲਸ ਗਈ। ਨਾਜ਼ਮਾ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਡਾਕਟਰਾਂ ਵੱਲੋਂ ਮੁੱਢਲੇ ਇਲਾਜ ਉਪਰੰਤ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦਾ 6 ਸਾਲਾ ਮੁੰਡਾ ਨਾਜ਼ਮ ਵਾਲ-ਵਾਲ ਬਚ ਗਿਆ। ਮਜ਼ਦੂਰਾਂ ਵੱਲੋਂ ਰੌਲਾ ਪਾਉਣ ’ਤੇ ਆਲੇ-ਦੁਆਲੇ ਤੋਂ ਪਹੁੰਚੇ ਪਿੰਡ ਵਾਸੀਆਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਸੂਚਨਾ ਮਿਲਣ ’ਤੇ ਪੁਲਸ ਚੌਕੀ ਕਲਵਾਂ ਦੇ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਇਸ ਘਟਨਾ ਦੀ ਥਾਣਾ ਮੁਖੀ ਨੂਰਪੁਰਬੇਦੀ ਇੰਸ. ਭੁਪਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ, ਜੋ ਤੁਰੰਤ ਪੀਰ ਬਾਬਾ ਜ਼ਿੰਦਾ ਸ਼ਹੀਦ ਅਸਥਾਨ ਦੀ ਫਾਇਰ ਬ੍ਰਿਗੇਡ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਤੁਰੰਤ ਅੱਗ ’ਤੇ ਕਾਬੂ ਪਾਇਆ। ਜਿਸ ਨਾਲ ਆਸ-ਪਾਸ ਸਥਿਤ ਹੋਰਨਾਂ ਮਜ਼ਦੂਰਾਂ ਦੀਆਂ ਝੁੱਗੀਆਂ ਦਾ ਅੱਗ ਦੀ ਲਪੇਟ ’ਚ ਆਉਣ ਤੋਂ ਬਚਾਅ ਹੋ ਗਿਆ। ਮਜ਼ਦੂਰ ਮੁਹੰਮਦ ਸਲੀਮ ਨੇ ਦੱਸਿਆ ਕਿ ਝੁੱਗੀ ’ਚ ਦੀਵਾ ਬਾਲਿਆ ਹੋਇਆ ਸੀ, ਜਿਸ ਨਾਲ ਉਕਤ ਘਟਨਾ ਵਾਪਰੀ ਹੈ। ਮਜ਼ਦੂਰ ਵੱਲੋਂ ਕਿਸੇ ਤਰ੍ਹਾਂ ਦਾ ਸ਼ੱਕ ਨਾ ਜਤਾਉਣ ’ਤੇ ਪੁਲਸ ਨੇ 174 ਤਹਿਤ ਕਾਰਵਾਈ ਅਮਲ ’ਚ ਲਿਆਂਦੀ।
ਇਹ ਵੀ ਪੜ੍ਹੋ : ਹਾਈਕਮਾਨ ਦੇ ਐਕਸ਼ਨ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਕੀਤੇ ਵੱਡੇ ਖ਼ੁਲਾਸੇ
ਨਾਇਬ ਤਹਿਸੀਲਦਾਰ ਨੇ ਦਿੱਤਾ ਲੌੜੀਂਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ
ਪਰਿਵਾਰ ਦੀ ਝੁੱਗੀ ਨੂੰ ਅਚਾਨਕ ਅੱਗ ਲੱਗ ਜਾਣ ਨਾਲ ਹੋਏ ਜਾਨੀ ਮਾਲੀ ਨੁਕਸਾਨ ਦਾ ਜਾਇਜ਼ਾ ਲੈਣ ਲਈ ਪਹੁੰਚੇ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਰਿਤੂ ਕਪੂਰ ਨੇ ਪ੍ਰਸਾਸ਼ਨ ਵੱਲੋਂ ਪਰਿਵਾਰ ਦੀ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ ਹੈ। ਨਾਇਬ ਤਹਿਸੀਲਦਾਰ ਮੈਡਮ ਰਿਤੂ ਕਪੂਰ ਨੇ ਪੀੜਤ ਮਜ਼ਦੂਰ ਮਹੁੰਮਦ ਸਲੀਮ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਦੁੱਖ਼ ਸਾਂਝਾ ਕੀਤਾ।
ਨਾਇਬ ਤਹਿਸੀਲਦਾਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਹਦਾਇਤ ਕੀਤੀ ਹੈ ਕਿ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ ਅਤੇ ਉਨ੍ਹਾਂ ਨੇ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਜ਼ਖ਼ਮੀਆਂ ਦਾ ਇਲਾਜ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਇਸ ਅਗਜਨੀ ਦੀ ਘਟਨਾ ਦੌਰਾਨ ਉਕਤ ਪਰਿਵਾਰ ਦੇ ਇਕ 18 ਮਹੀਨਿਆਂ ਦੇ ਬੱਚੇ ਦੀ ਮੌਤ ਹੋ ਗਈ ਹੈ ਜਦਕਿ ਪੀੜਤ ਮਜ਼ਦੂਰ ਦੀ ਲੜਕੀ ਨੇਹਾ ਭਾਈ ਜੈਤਾ ਜੀ ਸਿਵਲ ਹਸਪਤਾਲ ਆਨੰਦਪੁਰ ਸਾਹਿਬ ਜਦਕਿ ਪਤਨੀ ਨਾਜ਼ਮਾ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ। ਇਸ ਹਾਦਸੇ ਵਿਚ ਉਸ ਦੇ ਛੇ ਸਾਲਾ ਬੱਚੇ ਦਾ ਵਾਲ-ਵਾਲ ਬਚਾਅ ਹੋ ਗਿਆ ਸੀ।
ਇਹ ਵੀ ਪੜ੍ਹੋ : NRI ਪਤੀ ਦਾ ਕਾਰਾ ਜਾਣ ਉੱਡ ਜਾਣਗੇ ਹੋਸ਼, ਭੇਸ ਬਦਲ ਕੇ ਰਚਾ ਚੁੱਕੈ 3 ਵਿਆਹ, ਇੰਝ ਖੁੱਲ੍ਹਿਆ ਭੇਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪ੍ਰਧਾਨ ਮੰਤਰੀ ਦੀ ਫੇਰੀ ਦੇ ਵਿਰੋਧ ਦਾ ਐਲਾਨ ਕਰਨ ਵਾਲੇ ਸਰਵਣ ਸਿੰਘ ਪੰਧੇਰ ਨੂੰ ਨਿਮਿਸ਼ਾ ਮਹਿਤਾ ਦੀਆਂ ਖ਼ਰੀਆਂ-ਖ਼ਰੀਆਂ
NEXT STORY