ਦਸੂਹਾ, (ਸੰਜੇ ਰੰਜਨ)- ਉਪ ਮੰਡਲ ਦੀ ਮੰਡੀ ਖੁਣਖੁਣ ਕਲਾਂ 'ਚ ਪਨਸਪ ਏਜੰਸੀ ਦੁਆਰਾ ਖਰੀਦ ਕੀਤੀ ਗਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ 'ਚ ਕੰਮ ਕਰ ਰਹੇ ਮਜ਼ਦੂਰਾਂ ਨੇ ਅੱਜ ਸਰਕਾਰ ਤੇ ਪਨਸਪ ਦੇ ਖਿਲਾਫ਼ ਖੁੱਲ੍ਹ ਕੇ ਨਾਅਰੇਬਾਜ਼ੀ ਕੀਤੀ। ਪ੍ਰਾਪਤ ਵੇਰਵੇ ਅਨੁਸਾਰ ਇਸ ਮੰਡੀ 'ਚ ਪਨਸਪ ਦੁਆਰਾ ਕੁਲ ਲਗਭਗ 33,000 ਬੋਰੀਆਂ ਕਣਕ ਦੀ ਖਰੀਦ ਕੀਤੀ। ਜਿਸ 'ਚੋਂ ਲਗਭਗ 8 ਹਜ਼ਾਰ ਬੈਗ ਹੀ ਹਾਲੇ ਤੱਕ ਲਿਫਟਿੰਗ ਹੋ ਪਾਏ ਹਨ ਤੇ ਬਾਕੀ ਦੀਆਂ ਲਗਭਗ 25 ਹਜ਼ਾਰ ਬੋਰੀਆਂ ਮੰਡੀ 'ਚ ਹੀ ਪਈਆਾਂ ਹਨ। ਇਸ ਕਾਰਨ ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁਕੇਰੀਆਂ, (ਰਾਜੂ)-ਮੰਡੀਆਂ ਵਿਚੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀ, ਕਿਸਾਨ ਤੇ ਲੇਬਰ ਬਹੁਤ ਪ੍ਰੇਸ਼ਾਨ ਹੈ। ਵੱਖ-ਵੱਖ ਮੰਡੀਆਂ ਦੇ ਦੌਰੇ ਦੇਖਣ 'ਚ ਆਇਆ ਕਿ ਪਿੰਡ ਪੰਜਢੇਰਾ ਕਲਾਂ 'ਚ ਲਗਭਗ 35 ਹਜ਼ਾਰ ਕਣਕ ਦੀਆਂ ਬੋਰੀਆਂ, ਪਿੰਡ ਮਨਸੂਰਪੁਰ 'ਚ 20 ਹਜ਼ਾਰ, ਕੌਲਪੁਰ ਮੰਡੀ 'ਚ 24 ਹਜ਼ਾਰ ਅਤੇ ਪੰਡੋਰੀ ਦਾਣਾ ਮੰਡੀ ਵਿਚ 10 ਹਜ਼ਾਰ ਦੇ ਕਰੀਬ ਕਣਕ ਦੀਆਂ ਬੋਰੀਆਂ ਆਸਮਾਨ ਹੇਠ ਪਈਆਂ ਹੋਈਆਂ ਹਨ।
ਆੜ੍ਹਤੀਆਂ ਨੇ ਦੱਸਿਆ ਕਿ ਲੇਬਰ ਬਿਨਾਂ ਕੰਮ ਤੋਂ ਬੈਠੀ ਅਪਣੇ ਪਿੰਡਾਂ ਨੂੰ ਜਾਣ ਦੀ ਤਿਆਰੀ 'ਚ ਹੈ ਪਰ ਸਰਕਾਰ ਖਾਮੋਸ਼ ਹੈ। ਆੜ੍ਹਤੀਆਂ ਨੇ ਕਿਹਾ ਕਿ ਮੌਸਮ 'ਚ ਤਬਦੀਲੀ ਕਾਰਨ ਜੇ ਕਣਕ ਦੀ ਕੋਈ ਖਰਾਬੀ ਹੋਈ ਤਾਂ ਉਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ ।
ਕੀ ਕਹਿੰਦੇ ਹਨ ਮਜ਼ਦੂਰ
ਇਸ ਸਬੰਧੀ ਮਜ਼ਦਰਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਡੀ 'ਚ ਹੁਣ ਹੋਰ ਕਣਕ ਨਹੀਂ ਆ ਰਹੀ, ਜਿਸ ਕਾਰਨ ਉਹ ਬੇਕਾਰ ਬੈਠੇ ਹਨ। ਜਦੋਂ ਤੱਕ ਸਾਰੀ ਕਣਕ ਚੁੱਕੀ ਨਹੀਂ ਜਾਂਦੀ ਤੱਦ ਤੱਕ ਉਨ੍ਹਾਂ ਨੂੰ ਪੈਸੇ ਨਹੀਂ ਮਿਲਣਗੇ ਤੇ ਬਿਨਾਂ ਕੰਮ ਦੇ ਹੀ ਉਨ੍ਹਾਂ ਨੂੰ ਬੈਠ ਕੇ ਖਾਣਾ ਪੈ ਰਿਹਾ ਹੈ।
ਕੀ ਕਹਿੰਦੇ ਹਨ ਇੰਸਪੈਕਟਰ
ਜਦੋਂ ਇਸ ਸਬੰਧੀ ਪਨਸਪ ਦੇ ਖਰੀਦ ਇੰਸਪੈਕਟਰ ਐੱਸ, ਬਾਜਵਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਟਰਾਂਸਪੋਰਟ ਠੇਕੇਦਾਰ ਦੁਆਰਾ ਕਣਕ ਚੁੱਕਣ ਲਈ ਟਰੱਕ ਨਹੀਂ ਦਿੱਤੇ ਜਾ ਰਹੇ ਹਨ, ਜਿਸ ਕਾਰਨ ਇਹ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਸਬੰਧ 'ਚ ਠੇਕੇਦਾਰ ਨੂੰ ਵੀ ਪੱਤਰ ਲਿਖਿਆ ਜਾ ਚੁੱਕਾ ਹੈ। ਇਸ ਬਾਰੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਮੌਸਮ ਖ਼ਰਾਬ ਹੋਣ ਕਾਰਨ ਉਨ੍ਹਾਂ ਦੀ ਮੁਸ਼ਕਲਿ ਹੋਰ ਵੱਧ ਗਈ ਹੈ।
ਨਸ਼ਾ ਛੁਡਾਊ ਕੇਂਦਰ ਦੇ ਬਾਹਰ ਨਸ਼ੇ ਦੀ ਸਪਲਾਈ
NEXT STORY