ਕੁਰਾਲੀ - ਪਿੰਡ ਚਤਾਮਲੀ ਦੇ ਨੌਜਵਾਨ ਨੇ ਸਥਾਨਕ ਡਾਕਘਰ ਵਿਚ ਤਾਇਨਾਤ ਡਾਕੀਏ 'ਤੇ ਕੰਮ 'ਚ ਅਣਗਹਿਲੀ ਵਰਤਣ ਦਾ ਦੋਸ਼ ਲਾਉਂਦੇ ਹੋਏ ਡਾਕੀਏ ਖਿਲਾਫ ਲਿਖਤੀ ਸ਼ਿਕਾਇਤ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਚੀਫ ਪੋਸਟਮਾਸਟਰ ਚੰਡੀਗੜ੍ਹ ਤੇ ਪੋਸਟਮਾਸਟਰ ਕੁਰਾਲੀ ਨੂੰ ਦਿੱਤੀਆਂ ਲਿਖਤੀ ਸ਼ਿਕਾਇਤ ਦੀਆਂ ਕਾਪੀਆਂ ਜਾਰੀ ਕਰਦੇ ਹੋਏ ਜਸਵਿੰਦਰ ਸਿੰਘ ਪੈਨੀ ਚਤਾਮਲੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਈ ਤਾਇਨਾਤ ਡਾਕੀਏ ਵਲੋਂ ਉਨ੍ਹਾਂ ਨੂੰ ਜ਼ਰੂਰੀ ਰਜਿਸਟਰੀਆਂ ਡੇਢ ਮਹੀਨੇ ਤੋਂ ਬਾਅਦ ਦਿੱਤੀਆਂ ਗਈਆਂ ਹਨ।
ਪੈਨੀ ਨੇ ਦੱਸਿਆ ਕਿ ਉਸ ਦੀ ਮਾਤਾ ਕੁਲਵੰਤ ਕੌਰ ਨੂੰ ਇਨਕਮ ਟੈਕਸ ਵਿਭਾਗ ਵਲੋਂ ਪੈਨ ਕਾਰਡ ਭੇਜਿਆ ਗਿਆ ਸੀ। ਇਹ ਪੈਨ ਕਾਰਡ ਜਦੋਂ ਉਨ੍ਹਾਂ ਨੂੰ ਕਈ ਹਫਤਿਆਂ ਤੋਂ ਬਾਅਦ ਵੀ ਨਾ ਮਿਲਿਆ ਤਾਂ ਉਨ੍ਹਾਂ ਇਨ੍ਹਾਂ ਸਬੰਧੀ ਸਥਾਨਕ ਪੋਸਟ ਆਫਿਸ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਪੈਨ ਕਾਰਡ ਰਜਿਸਟਰੀ ਰਾਹੀਂ 2 ਜੂਨ 2017 ਨੂੰ ਕੁਰਾਲੀ ਦੇ ਡਾਕਘਰ ਤੇ ਫਿਰ ਸਬ ਪੋਸਟ ਆਫਿਸ ਕਾਲੇਵਾਲ ਵਿਖੇ ਪੁੱਜ ਗਿਆ। ਇਸ ਦੇ ਬਾਵਜੂਦ 31 ਜੁਲਾਈ ਤਕ ਵੀ ਇਹ ਪੈਨ ਕਾਰਡ ਉਨ੍ਹਾਂ ਨੂੰ ਨਹੀਂ ਮਿਲਿਆ, ਜਦਕਿ ਕਾਲੇਵਾਲ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਪੈਨ ਕਾਰਡ ਦੀ ਰਜਿਸਟਰੀ ਸਬੰਧਿਤ ਡਾਕੀਏ ਨੂੰ 12 ਜੂਨ ਨੂੰ ਹੀ ਡਲਿਵਰ ਕਰਨ ਲਈ ਦੇ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਸਬੰਧਿਤ ਡਾਕੀਏ ਨਾਲ ਉਸ ਵਲੋਂ ਸੰਪਰਕ ਕੀਤੇ ਜਾਣ ਉਪਰੰਤ 1 ਅਗਸਤ ਨੂੰ ਪੈਨ ਕਾਰਡ ਉਨ੍ਹਾਂ ਨੂੰ ਮਿਲ ਸਕਿਆ ਹੈ। ਇਸ ਕਾਰਨ ਉਨ੍ਹਾਂ ਨੂੰ ਜਿਥੇ ਇਨਕਮ ਟੈਕਸ ਵਿਭਾਗ ਦੀਆਂ ਰਿਟਰਨਾਂ ਭਰਨ ਵਿਚ ਦੇਰੀ ਹੋਈ, ਉਥੇ ਹੀ ਭਾਰੀ ਪ੍ਰੇਸ਼ਾਨੀ ਵੀ ਝੱਲਣੀ ਪਈ।
ਪੈਨੀ ਨੇ ਦੱਸਿਆ ਕਿ ਇਸੇ ਤਰ੍ਹਾਂ ਗੁਰਮੁੱਖ ਸਿੰਘ ਵਾਸੀ ਚਤਾਮਲੀ ਦਾ ਪੈਨ ਕਾਰਡ 1 ਜੁਲਾਈ ਨੂੰ ਰਜਿਸਟਰੀ ਹੋ ਕੇ 10 ਜੁਲਾਈ ਨੂੰ ਪਹਿਲਾਂ ਕੁਰਾਲੀ ਡਾਕਘਰ ਤੇ ਫਿਰ ਕਾਲੇਵਾਲ ਡਾਕਘਰ ਵਿਚ ਪਹੁੰਚਿਆ ਸੀ ਪਰ ਗੁਰਮੁੱਖ ਸਿੰਘ ਨੂੰ 31 ਜੁਲਾਈ ਤਕ ਵੀ ਇਹ ਨਹੀਂ ਮਿਲਿਆ ਤੇ ਡਾਕਘਰ ਵਿਚ ਸੰਪਰਕ ਕਰਨ ਉਪਰੰਤ ਪਹਿਲੀ ਅਗਸਤ ਨੂੰ ਪੈਨ ਕਾਰਡ ਮਿਲਿਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਪੋਸਟਮਾਸਟਰ ਨੂੰ ਦਿੱਤੀ ਸ਼ਿਕਾਇਤ ਉਪਰੰਤ ਸਬੰਧਿਤ ਡਾਕੀਏ ਨੇ ਲਿਖਤੀ ਮੁਆਫੀ ਮੰਗ ਕੇ ਭਵਿੱਖ ਵਿਚ ਅਜਿਹੀ ਅਣਗਹਿਲੀ ਦੁਬਾਰਾ ਨਾ ਕਰਨ ਦਾ ਭਰੋਸਾ ਦਿੱਤਾ। ਜਸਵਿੰਦਰ ਸਿੰਘ ਪੈਨੀ ਨੇ ਦੱਸਿਆ ਕਿ ਇਥੇ ਹੀ ਬਸ ਨਹੀਂ, ਸਗੋਂ ਹੁਣ ਉਸ ਦੀ ਪਤਨੀ ਪ੍ਰੀਤਵੀਰ ਕੌਰ ਦਾ ਡੀ. ਐੱਸ. ਸੀ. ਪੰਜਾਬ ਯੂਨੀਵਰਸਿਟੀ ਵਲੋਂ 20 ਜੁਲਾਈ 2017 ਨੂੰ ਰਜਿਸਟਰੀ ਰਾਹੀਂ ਉਨ੍ਹਾਂ ਦੇ ਪਤੇ 'ਤੇ ਭੇਜਿਆ ਗਿਆ ਸੀ, ਜੋ ਕਿ 22 ਜੁਲਾਈ ਨੂੰ ਕੁਰਾਲੀ ਡਾਕਘਰ ਰਾਹੀਂ ਸਬ ਪੋਸਟ ਆਫਿਸ ਕਾਲੇਵਾਲ ਤੇ ਉਸੇ ਦਿਨ ਫਿਰ ਸਬੰਧਿਤ ਡਾਕੀਏ ਕੋਲ ਪਹੁੰਚ ਗਿਆ ਸੀ ਪਰ 11 ਅਗਸਤ ਤਕ ਵੀ ਉਨ੍ਹਾਂ ਤਕ ਨਹੀਂ ਪਹੁੰਚਿਆ ਹੈ ਤੇ ਨਾ ਹੀ ਡਾਕੀਏ ਵਲੋਂ ਇਸ ਨੂੰ ਵਾਪਿਸ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਡਾਕੀਏ ਦੀ ਇਸ ਲਾਪ੍ਰਵਾਹੀ ਕਾਰਨ ਉਸ ਦੀ ਪਤਨੀ ਨੂੰ ਅਗਲੇਰੀ ਪੜ੍ਹਾਈ ਲਈ ਦਾਖਲਾ ਲੈਣਾ ਅਸੰਭਵ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਸ ਦੀ ਪਤਨੀ ਵਲੋਂ ਬੀਤੀ ਕੱਲ ਲਿਖਤੀ ਸ਼ਿਕਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਅੱਜ ਸ਼ਾਮ ਨੂੰ ਡਾਕੀਏ ਵਲੋਂ ਇਹ ਡੀ. ਐੱਮ. ਸੀ. ਵਾਲੀ ਰਜਿਸਟਰੀ ਉਨ੍ਹਾਂ ਦੇ ਘਰ ਪਹੁੰਚਾਈ ਗਈ।
ਦੁਜੇ ਪਾਸੇ ਇਸ ਸਬੰਧੀ ਸੰਪਰਕ ਕਰਨ 'ਤੇ ਸਥਾਨਕ ਪੋਸਟਮਾਸਟਰ ਦਵਿੰਦਰ ਕੌਰ ਨੇ ਡਾਕੀਏ ਵਿਰੁੱਧ ਮਿਲੀਆਂ ਸ਼ਿਕਾਇਤਾਂ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਰਿਪੋਰਟ ਤਿਆਰ ਕਰਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ।
ਹਰੀਕੇ ਹੈੱਡ ਤੋਂ ਅਚਾਨਕ ਛੱਡੇ ਪਾਣੀ ਨਾਲ ਕਈ ਪਿੰਡਾਂ ਦੀ ਸੈਂਕੜੇ ਏਕੜ ਝੋਨੇ ਦੀ ਫਸਲ ਡੁੱਬੀ
NEXT STORY