ਨੂਰਪੁਰਬੇਦੀ (ਭੰਡਾਰੀ) : 3 ਭਾਰਤੀ ਨੌਜਵਾਨਾਂ ਨੂੰ ਸਾਊਦੀ ਅਰਬ 'ਚ ਬੰਧੂਆ ਮਜ਼ਦੂਰ ਬਣਾਏ ਜਾਣ ਦੇ ਮਾਮਲੇ 'ਚ ਹਰਕਤ ਦਿਖਾਉਂਦਿਆਂ ਸਾਊਦੀ ਅਰਬ ਤੇ ਦਿੱਲੀ 'ਚ ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਵੱਖ-ਵੱਖ ਤੌਰ 'ਤੇ ਨੌਜਵਾਨਾਂ ਦੇ ਮਾਪਿਆਂ ਨਾਲ ਫੋਨ ਕਰ ਕੇ ਸੰਪਰਕ ਸਾਧਿਆ ਹੈ ਅਤੇ ਉਨ੍ਹਾਂ ਸਬੰਧੀ ਸਮੁੱਚੀ ਜਾਣਕਾਰੀ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਨੰਗਲ ਦੇ ਇਕ ਟ੍ਰੈਵਲ ਏਜੰਟ ਵੱਲੋਂ ਬਲਾਕ ਨੂਰਪੁਰਬੇਦੀ ਦੇ ਪਿੰਡ ਮਵਾ ਆਬਾਦੀ ਬਾਹਤੀਆਂ ਨਾਲ ਸਬੰਧਤ 3 ਨੌਜਵਾਨਾਂ ਜਿਨ੍ਹਾਂ ਵਿਚ ਅਜੇ ਸਿੰਘ ਪੁੱਤਰ ਸਗਲੀ ਰਾਮ, ਜਸਵੀਰ ਸਿੰਘ ਪੁੱਤਰ ਸੋਮਨਾਥ ਤੇ ਸੁਰੇਸ਼ ਕੁਮਾਰ ਪੁੱਤਰ ਚੰਨਣ ਰਾਮ ਸ਼ਾਮਲ ਹਨ ਨੂੰ ਕਿਸੇ ਕੰਪਨੀ 'ਚ ਟਰਾਲਾ ਡਰਾਈਵਰ ਰਖਵਾਏ ਜਾਣ ਦਾ ਭਰੋਸਾ ਦੇ ਕੇ ਬੀਤੀ 17 ਨਵੰਬਰ ਨੂੰ ਹਫ਼ਤਾ ਕੁ ਪਹਿਲਾਂ ਸਾਊਦੀ ਅਰਬ ਭੇਜਿਆ ਸੀ ਪਰ ਉੱਥੇ ਦੇ ਇਕ ਤਬੇਲੇ 'ਚ ਬੰਦੂਆ ਮਜ਼ਦੂਰ ਬਣਾ ਕੇ ਉਨ੍ਹਾਂ ਤੋਂ ਜ਼ਬਰਨ ਗਲਤ ਕੰਮ ਕਰਵਾਇਆ ਜਾਣ ਲੱਗਾ ਤੇ ਤਬੇਲੇ ਦੇ ਮਾਲਿਕ ਵੱਲੋਂ ਉਨ੍ਹਾਂ ਦੇ ਪਾਸਪੋਰਟ ਵੀ ਖੋਹ ਲਏ ਗਏ ਜਿਸਤੋਂ ਤੰਗ ਆ ਕੇ ਨੌਜਵਾਨ ਫਰਾਰ ਹੋ ਗਏ ਅਤੇ ਕਿਸੇ ਜੰਗਲ 'ਚ ਪਹੁੰਚ ਕੇ ਭੁੱਖੇ-ਭਾਣੇ ਭਟਕ ਰਹੇ ਹਨ।
ਨੌਜਵਾਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਉੱਥੋਂ ਦੀ ਪੁਲਸ ਨੇ ਹਿਰਾਸਤ 'ਚ ਲੈ ਲਏ ਹਨ ਅਤੇ ਜਿਨ੍ਹਾਂ ਦੀ ਜਾਨ ਨੂੰ ਖਤਰਾ ਹੈ। ਇਸ ਸਬੰਧੀ ਬਕਾਇਦਾ ਉਕਤ ਨੌਜਵਾਨਾਂ ਨੇ ਸਾਊਦੀ ਅਰਬ ਤੋਂ ਇਕ ਵੀਡੀਓ ਭੇਜ ਕੇ ਮਾਪਿਆਂ ਨੂੰ ਆਪਣੀ ਦੁੱਖਭਰੀ ਦਾਸਤਾਨ ਵੀ ਸੁਣਾਈ ਸੀ ਜਿਸਤੋਂ ਤੁਰੰਤ ਬਾਅਦ ਇਹ ਮਾਮਲਾ ਤੂਲ ਫੜ ਗਿਆ ਅਤੇ ਮੀਡੀਆ 'ਚ ਸਮੁੱਚਾ ਘਟਨਾਕ੍ਰਮ ਆਉਣ 'ਤੇ ਭਾਰਤੀ ਦੂਤਾਵਾਸ ਹਰਕਤ 'ਚ ਆ ਗਿਆ। ਉਕਤ ਨੌਜਵਾਨਾਂ 'ਚੋਂ ਇਕ ਨੌਜਵਾਨ ਦੇ ਚਾਚੇ ਦੇ ਲੜਕੇ ਜਸਵੰਤ ਸਿੰਘ, ਸਾਬਕਾ ਸਰਪੰਚ ਪ੍ਰੀਤਮ ਸਿੰਘ ਤੇ ਮਨੋਹਰ ਲਾਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦਿੱਲੀ ਸਥਿਤ ਦੂਤਾਵਾਸ ਤੇ ਫਿਰ ਸਾਊਦੀ ਅਰਬ ਸਥਿਤ ਦੂਤਾਵਾਸ ਦੇ ਅਧਿਕਾਰੀਆਂ ਨੇ ਫੋਨ ਕਰਕੇ ਸਮੁੱਚੀ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੌਜਵਾਨਾਂ ਦੇ ਵੀਜ਼ਾ, ਸੰਪਰਕ ਨੰਬਰ, ਕੰਪਨੀ ਦਾ ਨਾਂ, ਰਹਿਣ ਦਾ ਪਤਾ ਤੇ ਪਾਸਪੋਰਟ ਸਬੰਧੀ ਸਮੁੱਚੀ ਜਾਣਕਾਰੀ ਅਧਿਕਾਰੀਆਂ ਨੂੰ ਮੁਹੱਈਆ ਕਰਵਾਈ ਜਿਸ 'ਤੇ ਉਨ੍ਹਾਂ ਇਸ ਦਿਸ਼ਾ 'ਚ ਯੋਗ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਮੀਲਾਂ ਦੂਰ ਦੂਤਾਵਾਸ ਚਿੰਤਿਤ, ਮਗਰ ਪੁਲਸ ਪ੍ਰਸ਼ਾਸਨ ਸੁਸਤ
ਪਤਾ ਲੱਗਾ ਹੈ ਕਿ ਨੂਰਪੁਰਬੇਦੀ ਪੁਲਸ ਦੇ ਕੁਝ ਮੁਲਾਜ਼ਮ ਇਸ ਮਾਮਲੇ ਨੂੰ ਲੈ ਕੇ ਨੌਜਵਾਨਾਂ ਦੇ ਮਾਪਿਆਂ ਨੂੰ ਵੀ ਮਿਲੇ ਪਰ ਦੂਜੇ ਪਾਸੇ ਥਾਣਾ ਮੁਖੀ ਨੂਰਪੁਰਬੇਦੀ ਕੁਲਵੀਰ ਸਿੰਘ ਕੰਗ ਨੇ ਇਸ ਮਾਮਲੇ 'ਤੇ ਅਣਜਾਨਤਾ ਪ੍ਰਗਟਾਈ ਜਿਸ ਤੋਂ ਸਪੱਸ਼ਟ ਹੈ ਕਿ ਸਾਊਦੀ ਅਰਬ ਤੇ ਦਿੱਲੀ 'ਚ ਮੀਲਾਂ ਦੂਰ ਸਥਿਤ ਦੂਤਾਵਾਸ ਦੇ ਅਧਿਕਾਰੀ ਤਾਂ ਨੌਜਵਾਨਾਂ ਦੇ ਮਾਮਲੇ ਨੂੰ ਲੈ ਕੇ ਚਿੰਤਿਤ ਹਨ ਪਰ ਜ਼ਿਲਾ ਪੁਲਸ ਪ੍ਰਸ਼ਾਸਨ ਰੂਪਨਗਰ ਇਸ ਮਸਲੇ 'ਤੇ ਅਜੇ ਵੀ ਗੰਭੀਰ ਨਾ ਹੋ ਕੇ ਸੁਸਤ ਹੈ।
ਦਿਆਲ ਸਿੰਘ ਕਾਲਜ ਦਾ ਨਾਂ ਬਦਲਣ 'ਤੇ ਸਿਆਸਤ ਗਰਮਾਈ, ਡਿਮਾਂਡ ਕਰਨ ਵਾਲਿਆਂ ਨੂੰ ਹਰਸਿਮਰਤ ਬਾਦਲ ਨੇ ਦਿੱਤੀ ਨਸੀਹਤ
NEXT STORY