ਕੁਰਾਲੀ,(ਬਠਲਾ)- ਸਥਾਨਕ ਮੋਰਿੰਡਾ ਰੋਡ ’ਤੇ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਜਾ ਰਹੇ ਨੌਜਵਾਨ ਨੂੰ 2 ਨੌਜਵਾਨਾਂ ਨੇ ਅਗਵਾ ਕਰ ਲਿਆ ਪਰ ਨੌਜਵਾਨ ਅਗਵਾਕਾਰਾਂ ਦੇ ਚੁੰਗਲ ’ਚੋਂ ਬਚ ਕੇ ਨਿਕਲਣ ਵਿਚ ਸਫਲ ਹੋ ਗਿਆ ।
ਸਥਾਨਕ ਚੰਡੀਗੜ੍ਹ ਰੋਡ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਗੁਰਚਰਨ ਸਿੰਘ ਟੌਹੜਾ ਨੇ ਦੱਸਿਆ ਕਿ ਉਹ ਮੋਰਿੰਡਾ ਰੋਡ ’ਤੇ ਸਥਿਤ ਗੁਰਦੁਆਰਾ ਸਾਹਿਬ ਵਿਚ ਮੱਥਾ ਟੇਕਣ ਲਈ ਪੈਦਲ ਜਾ ਰਿਹਾ ਸੀ, ਕਿ ਪਿੱਛਿਓਂ ਬੁਲੇਟ ਮੋਟਰਸਾਈਕਲ ’ਤੇ ਆਏ 2 ਨੌਜਵਾਨਾਂ ਨੇ ਉਸ ਕੋਲੋਂ ਨਿਹੋਲਕਾ ਨੂੰ ਜਾਣ ਦਾ ਰਸਤਾ ਪੁੱਛਿਆ। ਉਸ ਨੇ ਦੱਸਿਆ ਕਿ ਨੌਜਵਾਨਾਂ ਨੇ ਉਸ ਨੂੰ ਥਾਪੀ ਦੇ ਕੇ ਧੰਨਵਾਦ ਕੀਤਾ, ਜਿਸ ਤੋਂ ਬਾਅਦ ਉਹ ਬੇਸੁੱਧ ਹੋ ਗਿਆ। ਜਦੋਂ ਉਸ ਨੂੰ ਹੋਸ਼ ਆਇਆ ਤਾਂ ਉਹ ਖੇਤਾਂ ਵਿਚ ਇਕ ਮੋਟਰ ਵਾਲੇ ਕਮਰੇ ਵਿਚ ਸੀ ਅਤੇ ਉਥੇ 2 ਨੌਜਵਾਨਾਂ ਨੇ ਉਸ ਨੂੰ ਘੇਰ ਕੇ ਰੱਖਿਆ ਹੋਇਆ ਸੀ। ਉਕਤ ਨੌਜਵਾਨਾਂ ਨੇ ਉਸ ਤੋਂ 50 ਹਜ਼ਾਰ ਰੁਪਏ ਦੇਣ ਦੀ ਮੰਗ ਕੀਤੀ ਅਤੇ ਜਦੋਂ ਮੈਂ ਪੈਸੇ ਨਾ ਹੋਣ ਦੀ ਗੱਲ ਕਹੀ ਤਾਂ ਉਨ੍ਹਾਂ ਨੇ ਮੈਨੂੰ ਪੇ ਟੀ. ਐੱਮ. ਰਾਹੀਂ ਪੈਸੇ ਮੰਗਵਾਉਣ ਦੀ ਗੱਲ ਕਹੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੂੰ ਕੋਲੋਂ ਲੋਕਾਂ ਦੇ ਲੰਘਣ ਦਾ ਅਹਿਸਾਸ ਹੋਇਆ ਤਾਂ ਉਸ ਨੇ ਰੌਲਾ ਪਾ ਦਿੱਤਾ, ਜਿਸ ਕਾਰਣ ਅਗਵਾਕਾਰ ਫਰਾਰ ਹੋ ਗਏ ਅਤੇ ਉਹ ਮੌਕਾ ਪਾ ਕੇ ਉਥੋਂ ਭੱਜ ਨਿਕਲਿਆ। ਘਟਨਾ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ।
ਇਸ ਬਾਰੇ ਐੱਸ. ਐੱਚ. ਓ. ਬਲਜੀਤ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ ।
ਹਰਿਆਣਾ ਦੇ ਕਿਸਾਨਾਂ ਦੇ ਸਮਰਥਨ ’ਚ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਸੂਬੇ ’ਚ ਕਰਨਗੀਆਂ ਚੱਕਾ ਜਾਮ
NEXT STORY