ਫਰੀਦਕੋਟ (ਜਗਤਾਰ) : ਫਰੀਦਕੋਟ ਸ਼ਹਿਰ ਵਿਚ ਗੁੰਡਾ ਅਨਸਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਦੀਵਾਲੀ ਵਾਲੀ ਰਾਤ ਦਾ। ਦਰਅਸਲ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਨੂੰ ਘੇਰ ਕੇ 10-12 ਨੌਜਵਾਨਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਨੌਜਵਾਨ ਖੁਦ ਨੂੰ ਬਚਾਉਣ ਲਈ ਇਧਰ-ਉਧਰ ਭੱਜ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੀੜਤ ਨੌਜਵਾਨ ਦਾ ਪਰਿਵਾਰ ਵੀ ਮੀਡੀਆ ਸਾਹਮਣੇ ਆਇਆ ਹੈ ਜਿਨ੍ਹਾਂ ਨੇ ਵੱਡੇ ਖੁਲਾਸੇ ਕੀਤੇ ਹਨ। ਪੀੜਤ ਲੜਕੇ ਦੇ ਪਰਿਵਾਰ ਨੇ ਜਿੱਥੇ ਪੁਲਸ ’ਤੇ ਕੋਈ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਹਨ, ਉਥੇ ਹੀ ਉਨ੍ਹਾਂ ਕਿਹਾ ਕਿ ਅਜਿਹੇ ਮਾੜੇ ਅਨਸਰਾਂ ਨੂੰ ਸਿਆਸੀ ਸ਼ਹਿ ਪ੍ਰਾਪਤ ਹੈ, ਇਸੇ ਲਈ ਪੁਲਸ ਉਨ੍ਹਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਕਰ ਰਹੀ।
ਇਹ ਵੀ ਪੜ੍ਹੋ : ਡੇਰਾ ਬਿਆਸ ਜਾ ਰਹੀ ਸੰਗਤ ਨਾਲ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ-ਚਿਹਾੜਾ, 1 ਦੀ ਮੌਤ
ਗੱਲਬਾਤ ਕਰਦਿਆਂ ਪੀੜਤ ਲੜਕੇ ਦੇ ਪਿਤਾ ਅਤੇ ਮਾਤਾ ਨੇ ਦੱਸਿਆ ਕਿ ਕਰੀਬ 2 ਸਾਲ ਪਹਿਲਾਂ ਬਸੰਤ ਵਾਲੇ ਦਿਨ ਡੀ. ਜੇ. ਲਗਾਉਣ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋਇਆ ਸੀ ਅਤੇ ਉਦੋਂ ਤੋਂ ਹੀ ਦੂਜੀ ਧਿਰ ਵਾਲੇ ਉਨ੍ਹਾਂ ਦੇ ਪਰਿਵਾਰ ਦੇ ਦੁਸ਼ਮਣ ਬਣੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕਈ ਵਾਰ ਉਨ੍ਹਾਂ ’ਤੇ ਹਮਲਾ ਹੋਇਆ ਪਰ ਪੁਲਸ ਕੋਲ ਵਾਰ-ਵਾਰ ਦਰਖ਼ਾਸਤ ਦਿੱਤੇ ਜਾਣ ’ਤੇ ਵੀ ਪੁਲਸ ਦੋਸ਼ੀਆਂ ਖ਼ਿਲਾਫ ਕੋਈ ਕਾਰਵਾਈ ਨਹੀਂ ਕਰਦੀ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰ ਵਿਆਹ ’ਚ ਵੀ ਉਕਤ ਦੋਸ਼ੀਆਂ ਨੇ ਖਲਲ ਪਾਇਆ ਸੀ, ਜਿਸ ਵੀਡੀਓ ਵੀ ਉਨ੍ਹਾਂ ਨੇ ਪੁਲਸ ਨੂੰ ਦਿੱਤੀ ਸੀ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਐੱਸ. ਪੀ ਅਤੇ ਦੋ ਡੀ. ਐੱਸ. ਪੀਜ਼ ਸਣੇ ਸੱਤ ਪੁਲਸ ਅਧਿਕਾਰੀ ਮੁਅੱਤਲ
ਉਨ੍ਹਾਂ ਦੱਸਿਆ ਕਿ ਦੀਵਾਲੀ ਵਾਲੀ ਸ਼ਾਮ ਉਨ੍ਹਾਂ ਦਾ ਵੱਡਾ ਲੜਕਾ ਜਦੋਂ ਬਾਜ਼ਾਰ ਜਾ ਰਿਹਾ ਸੀ ਤਾਂ ਉਕਤ ਦੋਸ਼ੀਆਂ ਨੇ ਉਸ ਨੂੰ ਜ਼ਿਲ੍ਹਾ ਕਚਿਹਰੀ ਦੇ ਗੇਟ ਸਾਹਮਣੇ ਘੇਰ ਕੇ ਤੇਜ਼ਧਾਰ ਹਥਿਆਰਾਂ ਨਾਲ ਉਸ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਅਤੇ ਉਸ ਦੇ ਵਹੀਕਲ ਦੀ ਵੀ ਬੁਰੀ ਤਰ੍ਹਾਂ ਭੰਨ ਤੋੜ ਕੀਤੀ ਜਿਸ ਨੂੰ ਇਲਾਜ ਲਈ ਫਰੀਦਕੋਟ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ, ਜਿਥੇ ਉਸ ਦੀ ਜਾਨ ਮਸਾਂ ਬਚ ਪਾਈ।
ਇਹ ਵੀ ਪੜ੍ਹੋ : ਸ਼ਰਾਬ ਨੂੰ ਲੈ ਕੇ ਨਵੀਂ ਰਣਨੀਤੀ ਬਣਾਉਣ ਦੀ ਤਿਆਰੀ ’ਚ ਪੰਜਾਬ ਸਰਕਾਰ, ਚੁੱਕਿਆ ਜਾ ਰਿਹੈ ਵੱਡਾ ਕਦਮ
ਕੀ ਕਹਿਣਾ ਹੈ ਡੀ. ਐੱਸ. ਪੀ. ਦਾ
ਇਸ ਪੂਰੇ ਮਾਮਲੇ ਬਾਰੇ ਜਦੋਂ ਡੀ. ਐੱਸ. ਪੀ. ਫਰੀਦਕੋਟ ਆਸਵੰਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਸੁਖਜੀਤ ਸਿੰਘ ਦੀਵਾਲੀ ਵਾਲੇ ਦਿਨ ਜਦੋਂ ਬਾਜ਼ਾਰ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਉਸ ਨੂੰ ਰਸਤੇ ਵਿਚ ਘੇਰ ਕਿ ਉਸ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਮਾਂਵਾਂ ਦਾ ਕਾਲਜਾ ਆ ਗਿਆ ਬਾਹਰ, 3 ਪੁੱਤਾਂ ਦੇ ਸਿਹਰੇ ਲਾ ਕੇ ਇਕੱਠਿਆਂ ਬਾਲਿਆ ਸਿਵਾ, ਦੇਖੋ ਵੀਡੀਓ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਰਨਤਾਰਨ ਪੁਲਸ ਨੇ ਲੁਟੇਰਿਆਂ ਦਾ ਕੀਤਾ ਐਨਕਾਊਂਟਰ, ਦੋਵੇਂ ਪਾਸੋਂ ਚੱਲੀਆਂ ਗੋਲੀਆਂ
NEXT STORY