ਧੂਰੀ (ਜੈਨ) : ਪਿੰਡ ਦੋਹਲਾ ਦੇ ਇਕ ਨੌਜਵਾਨ ਨੂੰ ਕੁਝ ਨੌਜਵਾਨਾਂ ਵੱਲੋਂ ਕੁੱਟਮਾਰ ਕਰਦੇ ਹੋਏ ਘਰੋਂ ਚੁੱਕ ਕੇ ਲੈ ਜਾਣ ਤੋਂ ਬਾਅਦ ਉਸ ਦੀ ਮੌਤ ਹੋਣ ਕਾਰਨ ਥਾਣਾ ਸਦਰ ਧੂਰੀ ਵਿਖੇ ਇਕ ਨਾਮਾਲੂਮ ਸਮੇਤ ਕੁੱਲ 4 ਵਿਅਕਤੀਆਂ ਖ਼ਿਲਾਫ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਇਨ੍ਹਾਂ ਦੋਸ਼ੀ ਦੱਸੇ ਜਾ ਰਹੇ ਚਾਰਾਂ ਵਿਅਕਤੀਆਂ ਖ਼ਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਇਲਾਜ ਦੌਰਾਨ ਉਕਤ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਪੁਲਸ ਵੱਲੋਂ ਦਰਜ ਕੀਤੇ ਇਸ ਮਾਮਲੇ ’ਚ ਵਾਧਾ ਕਰ ਦਿੱਤਾ ਹੈ।
ਇਸ ਸਬੰਧੀ ਮ੍ਰਿਤਕ ਨੌਜਵਾਨ ਸੁਖਪਾਲ ਸਿੰਘ (20) ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਦੋਹਲਾ ਦੀ ਮਾਤਾ ਸਿੰਦਰਪਾਲ ਕੌਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਲੰਘੇ ਸ਼ਨੀਵਾਰ ਦੀ ਰਾਤ ਨੂੰ ਕਰੀਬ 10 ਵਜੇ ਕੁਝ ਨੌਜਵਾਨ ਉਨ੍ਹਾਂ ਦੇ ਘਰ ਦੇ ਗੇਟ ਨੂੰ ਧੱਕਾ ਮਾਰ ਕੇ ਅੰਦਰ ਦਾਖਲ ਹੋਏ ਸਨ ਅਤੇ ਉਨ੍ਹਾਂ ਗਾਲੀ-ਗਲੋਚ ਕਰਦੇ ਹੋਏ ਉਸ ਦੇ ਪੁੱਤਰ ਦੀ ਲੋਹੇ ਦੀ ਰਾਡ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਉਹ ਕੁੱਟਮਾਰ ਕਰਦੇ ਹੋਏ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਘੜੀਸ ਕੇ ਆਪਣੇ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ ਸਨ। ਬਾਅਦ ’ਚ ਉਹ ਉਸ ਦੇ ਪੁੱਤਰ ਨਾਲ ਮੁੜ ਤੋਂ ਕੁੱਟਮਾਰ ਕਰਦੇ ਹੋਏ ਉਸ ਨੂੰ ਦੋਹਲੇ ਵਾਲੇ ਰੇਲਵੇ ਫਾਟਕ ਦੇ ਨਜ਼ਦੀਕ ਸੁੱਟ ਗਏ ਸਨ।
ਇਸ ਸਬੰਧੀ ਥਾਣਾ ਸਦਰ ਧੂਰੀ ਦੇ ਮੁਖੀ ਇੰਸਪੈਕਟਰ ਜਗਦੀਪ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕੱਲ ਪੀ.ਜੀ.ਆਈ. ਚੰਡੀਗੜ੍ਹ ਤੋਂ ਉਕਤ ਨੌਜਵਾਨ ਦੇ ਦਾਖਲ ਹੋਣ ਸਬੰਧੀ ਇਕ ਰੁੱਕਾ ਪ੍ਰਾਪਤ ਹੋਇਆ ਸੀ ਪਰ ਉਕਤ ਨੌਜਵਾਨ ਦੇ ਅਨਫਿੱਟ ਹੋਣ ਦੇ ਚੱਲਦਿਆਂ ਉਸਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਅਮਨਪ੍ਰੀਤ ਸਿੰਘ ਉਰਫ ਵਿੱਕੀ ਪੁੱਤਰ ਰਾਜਪਾਲ, ਹਰਮਨਜੋਤ ਸਿੰਘ ਉਰਫ ਸੰਘਾ ਪੁੱਤਰ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਪੁੱਤਰ ਚਮਕੌਰ ਸਿੰਘ ਵਾਸੀਆਨ ਪਿੰਡ ਦੋਹਲਾ ਅਤੇ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਅੱਜ ਸਵੇਰੇ ਉਕਤ ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਇਸ ਮਾਮਲੇ ’ਚ ਕਤਲ ਦੀ ਧਾਰਾ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਤੋਂ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫਤਾਰ ਕਰਨ ਦੀ ਗੱਲ ਵੀ ਕਹੀ।
ਲੁਧਿਆਣਾ 'ਚ ਨਸ਼ੇੜੀ ਪੁੱਤ ਨੇ ਮਾਰ ਮੁਕਾਇਆ ਪਿਓ, ਮੰਜ਼ਰ ਦੇਖ ਲੋਕਾਂ ਦੇ ਵੀ ਕੰਬ ਗਏ ਦਿਲ
NEXT STORY