ਅਜਨਾਲਾ (ਵਰਿੰਦਰ) : ਪਰਿਵਾਰ ਦੀ ਗਰੀਬੀ ਦੂਰ ਕਰਨ ਅਤੇ ਰੋਜ਼ੀ ਰੋਟੀ ਦੀ ਭਾਲ 'ਚ ਵਿਦੇਸ਼ ਜਾ ਰਹੇ ਇਥੋਂ ਨੇੜਲੇ ਪਿੰਡ ਨੰਗਲ ਵੰਝਾਂਵਾਲਾ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਸਿਵਲ ਹਸਪਤਾਲ 'ਚ ਹਾੜੂ ਸਿੰਘ ਪੁੱਤਰ ਪਰਗਟ ਸਿੰਘ ਵਾਸੀ ਨੰਗਲ ਵੰਝਾਂਵਾਲਾ ਨੇ ਦੱਸਿਆ ਕਿ ਉਸਦਾ ਭਰਾ ਦੀਪ ਸਿੰਘ (28) ਜੋ ਕਿ ਮਿਹਨਤ ਮਜ਼ਦੂਰੀ ਕਰਨ ਲਈ ਵਿਦੇਸ਼ ਗਿਆ ਸੀ ਪਰ ਕੁਝ ਮਹੀਨੇ ਬਾਅਦ ਆਪਣੇ ਪਿੰਡ ਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਦੀਪ ਸਿੰਘ ਮੁੜ ਦੋਹਾ ਕਤਰ ਲਈ ਗਿਆ ਸੀ ਜਿਸਨੂੰ ਉਹ ਖੁਦ ਅਜਨਾਲਾ ਅੱਡੇ ਤੋਂ ਬੱਸ ਵਿਚ ਬਿਠਾ ਕੇ ਆਇਆ ਸੀ। ਕੁਝ ਸਮੇਂ ਬਾਅਦ ਹੀ ਨਜ਼ਦੀਕੀ ਰਿਸ਼ਤੇਦਾਰ ਦਾ ਫੋਨ ਆਇਆ ਕਿ ਦੀਪ ਸਿੰਘ ਦੀ ਮੌਤ ਹੋ ਗਈ ਹੈ ਅਤੇ ਉਸਦੀ ਲਾਸ਼ ਪਿੰਡ ਰਾਏਪੁਰ ਖੁਰਦ ਨਜ਼ਦੀਕ ਨਹਿਰ ਦੇ ਪੁਲ 'ਤੇ ਪਈ ਹੈ।
ਮ੍ਰਿਤਕ ਦੇ ਭਰਾ ਨੇ ਅੱਗੇ ਦੱਸਿਆ ਕਿ ਜਦ ਉਨ੍ਹਾਂ ਮੌਕੇ 'ਤੇ ਜਾ ਕੇ ਦੇਖਿਆ ਤਾਂ ਦੀਪ ਸਿੰਘ ਦੀ ਲਾਸ਼ ਉਥੇ ਪਈ ਸੀ ਪਰ ਉਸਦਾ ਬੈਗ, ਪਾਸਪੋਰਟ, ਮੋਬਾਇਲ ਤੇ ਹੋਰ ਕੀਮਤੀ ਸਮਾਨ ਗਾਇਬ ਸੀ ਜਿਸ ਦੀ ਸੂਚਨਾ ਉਨ੍ਹਾਂ ਥਾਣਾ ਅਜਨਾਲਾ ਦੀ ਪੁਲਸ ਨੂੰ ਦਿੱਤੀ ਅਤੇ ਲਾਸ਼ ਨੂੰ ਸਿਵਲ ਹਸਪਤਾਲ ਦੇ ਪੋਸਟ ਮਾਰਟਮ ਹਾਊਸ 'ਚ ਰੱਖ ਦਿੱਤਾ। ਇਸ ਮਾਮਲੇ ਦੀ ਜਾਂਚ ਕਰਨ ਪੁੱਜੇ ਐੱਸ.ਪੀ ਡੀ ਹਰਪਾਲ ਸਿੰਘ ਨੇ ਦੱਸਿਆ ਕਿ ਨੌਜਵਾਨ ਦੀ ਮੌਤ ਸੰਬੰਧੀ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਅਜਨਾਲਾ ਮਨਜਿੰਦਰ ਸਿੰਘ ਵੱਲੋਂ ਮੌਕੇ 'ਤੇ ਜਾ ਕੇ ਕੀਤੀ ਪੜਤਾਲ 'ਚ ਪਤਾ ਲੱਗਾ ਹੈ ਕਿ ਦੀਪ ਸਿੰਘ ਦੇ ਸਰੀਰ ਤੇ ਕੁਝ ਰਗੜਾਂ ਦੇ ਨਿਸ਼ਾਨ ਹਨ ਅਤੇ ਉਸਦੇ ਮੂੰਹ ਵਿਚੋਂ ਸ਼ਰਾਬ ਦੀ ਬਦਬੂ ਆਉਂਦੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੀਪ ਸਿੰਘ ਦਾ ਸਰਕਾਰੀ ਹਸਪਤਾਲ ਅਜਨਾਲਾ ਵਿਚੋਂ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟ ਮਾਰਟਮ ਕਰਵਾਇਆ ਜਾਵੇਗਾ ਅਤੇ ਉਸ ਉਪਰੰਤ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
ਜਲੰਧਰ ਤੋਂ ਅਕਾਲੀ ਦਲ ਵੱਲੋਂ ਚਰਨਜੀਤ ਅਟਵਾਲ ਲੜਨਗੇ ਚੋਣ
NEXT STORY