ਸ਼ਹਿਣਾ (ਬਿਊਰੋ) - ਪੰਜਾਬ ’ਚ ਲਗਾਤਾਰ ਵਧ ਰਹੇ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਪੰਜਾਬ ਸਰਕਾਰ ਵੱਲੋਂ ਲਗਾਤਾਰ ਨਸ਼ੇ ਦੀ ਪੂਰਨ ਖਾਤਮੇ ਦੇ ਵੱਡੇ ਐਲਾਨ ਕੀਤੇ ਜਾ ਰਹੇ ਹਨ। ਪਿੰਡ ਚੂੰਘਾਂ ਦੇ ਗੁਰਵਿੰਦਰ ਸਿੰਘ (22 ਸਾਲਾ) ਪੁੱਤਰ ਗੁਰਪਾਲ ਸਿੰਘ ਆਪਣੇ ਪਿੰਡ ਦੀ ਧਰਮਸ਼ਾਲਾ ’ਚ ਚਿੱਟੇ ਦਾ ਟੀਕਾ ਲਾਉਣ ਕਾਰਨ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਦੇ ਚਾਚਾ ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਉਸਦਾ ਭਤੀਜਾ ਗੁਰਵਿੰਦਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਆਪਣੀਆਂ ਦੋ ਸਕੀਆਂ ਭੈਣਾਂ ਦਾ ਇਕਲੌਤਾ ਭਰਾ ਸੀ। ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਹੋਣ ਕਾਰਨ ਗੁਰਵਿੰਦਰ ਸਿੰਘ ਘਰ ਦਾ ਸਾਰਾ ਕੰਮਕਾਜ ਆਪ ਦੇਖਦਾ ਸੀ ਅਤੇ ਖੇਤੀ ਕਰਵਾਉਂਦਾ ਸੀ, ਜੋ ਤਿੰਨ ਸਾਲ ਪਹਿਲਾਂ ਚੰਗੀ ਕਬੱਡੀ ਖੇਡ ਰਾਹੀਂ ਪਿੰਡ ਦਾ ਨਾਂ ਰੌਸ਼ਨ ਕਰ ਰਿਹਾ ਸੀ। ਲਾਕਡਾਊਨ ਕਾਰਨ ਕਬੱਡੀ ਖੇਡ ਬੰਦ ਹੋ ਗਈ ਅਤੇ ਰੋਜ਼ਗਾਰ ਨਾ ਮਿਲਣ ਕਾਰਨ ਚੜ੍ਹੇ ਕਰਜ਼ੇ ਕਰ ਕੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ। ਕਰਜ਼ੇ ਕਾਰਨ ਉਹ ਨਸ਼ੇ ਦੀ ਦਲਦਲ ’ਚ ਧਸ ਗਿਆ। ਪਿੰਡ ਦੀ ਧਰਮਸ਼ਾਲਾ ਵਿਖੇ ਬਾਂਹ ’ਚ ਚਿੱਟੇ ਦਾ ਨਸ਼ਾ ਲਾਉਣ ਕਾਰਨ ਉਸ ਦੀ ਹਾਲਾਤ ਵਿਗੜ ਗਈ, ਜਿਸ ਨੂੰ ਤਪਾ ਮੰਡੀ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਪਰ ਰਸਤੇ ’ਚ ਉਸ ਦੀ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਅਤੇ ਪਿੰਡ ਪੰਚਾਇਤ ਆਗੂਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਗੁਰਵਿੰਦਰ ਸਿੰਘ ਘਰ ਦਾ ਇਕਲੌਤਾ ਕਮਾਊ ਸੀ, ਜਿਸ ’ਤੇ ਬੈਂਕਾਂ ਅਤੇ ਲੋਕਾਂ ਦਾ 8 ਲੱਖ ਦੇ ਕਰੀਬ ਕਰਜ਼ਾ ਸੀ। ਪੀੜਤ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਅਤੇ ਪਰਿਵਾਰ ’ਚ ਬਾਕੀ ਰਹਿੰਦੇ ਮਾਤਾ-ਪਿਤਾ ਅਤੇ ਦੋ ਛੋਟੀਆਂ ਭੈਣਾਂ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਘਰ ਦਾ ਗੁਜ਼ਾਰਾ ਚੱਲ ਸਕੇ। ਇਸ ਮਾਮਲੇ ਸਬੰਧੀ ਸਬੰਧਤ ਪੁਲਸ ਥਾਣਾ ਟੱਲੇਵਾਲ ਦੇ ਐੱਸ.ਐੱਚ.ਓ. ਨੇ ਕਿਹਾ ਕਿ ਤਪਾ ਹਸਪਤਾਲ ’ਚੋਂ ਉਨ੍ਹਾਂ ਨੂੰ ਰੁੱਕਾ ਪੁੱਜਿਆ ਹੈ। ਇਸ ਮਾਮਲੇ ’ਤੇ ਬਿਆਨ ਦਰਜ ਕਰ ਕੇ ਬਣਦੀ ਜਾਂਚ ਅਧੀਨ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਰਵਿੰਦ ਕੇਜਰੀਵਾਲ ਦੀ 'ਤਿਰੰਗਾ ਯਾਤਰਾ' ਨੂੰ ਲੈ ਕੇ ਜਲੰਧਰ ਪੁਲਸ ਚੌਕਸ, ਤਸਵੀਰਾਂ 'ਚ ਵੇਖੋ ਤਿਆਰੀਆਂ
NEXT STORY