ਅੰਮ੍ਰਿਤਸਰ (ਸਰਬਜੀਤ) - ਪਿਛਲੇ ਦਿਨੀਂ ਗੁਰਧਾਮਾਂ ਦੀ ਯਾਤਰਾ ਕਰ ਕੇ ਵਾਪਸ ਪਰਤ ਰਹੇ 8 ਨੌਜਵਾਨਾਂ ਦੀ ਮੌਤ ਹੋ ਗਈ ਸੀ। ਹਿਮਾਚਲ ਪ੍ਰਦੇਸ਼ ਨੇੜੇ ਇਨੋਵਾ ਗੱਡੀ ਖੱਡ 'ਚ ਡਿੱਗਣ ਕਾਰਨ ਪ੍ਰਦੀਪ ਸਿੰਘ ਛੇਹਰਟਾ, ਦਵਿੰਦਰ ਸਿੰਘ, ਜਸਬੀਰ ਸਿੰਘ, ਗੁਪਿੰਦਰ ਸਿੰਘ, ਕੰਵਲਜੀਤ ਸਿੰਘ, ਬਲਜੀਤ ਸਿੰਘ (ਸਾਰੇ ਵਾਸੀ ਕਾਲੇ ਪਿੰਡ), ਮਨਦੀਪ ਸਿੰਘ ਬੋਪਾਰਾਏ ਤੇ ਕੰਵਲਜੀਤ ਸਿੰਘ ਰਾਜਾਸਾਂਸੀ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸੰਗਤਸਰ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਦੀਵਾਨ ਹਾਲ ਵਿਖੇ ਹੋਈ। ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਕੀਰਤ ਸਿੰਘ ਤੇ ਭਾਈ ਰਾਏ ਸਿੰਘ ਦੇ ਜਥਿਆਂ ਨੇ ਵੈਰਾਗਮਈ ਕੀਰਤਨ ਕੀਤਾ। ਭਾਈ ਰਾਜਦੀਪ ਸਿੰਘ ਨੇ ਨੌਜਵਾਨਾਂ ਦੀ ਆਤਮਿਕ ਸ਼ਾਂਤੀ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ। ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਵੱਲੋਂ ਹੁਕਮਨਾਮਾ ਪੜ੍ਹਿਆ ਗਿਆ।
ਇਸ ਦੁੱਖ ਦੀ ਘੜੀ 'ਚ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਅਤੇ ਵਿਛੜੀਆਂ ਰੂਹਾਂ ਨੂੰ ਪੰਜਾਬ ਪ੍ਰਧਾਨ ਸੁਨੀਲ ਜਾਖੜ, ਮੈਂਬਰ ਪਰਾਲੀਮੈਂਟ ਗੁਰਜੀਤ ਸਿੰਘ ਔਜਲਾ, ਪ੍ਰਜਾਪਤ ਸਮਾਜ ਦੇ ਕੌਮੀ ਪ੍ਰਧਾਨ ਰਘਬੀਰ ਸਿੰਘ ਰਾਜਾਸਾਂਸੀ, ਵਿਧਾਇਕ ਓ. ਪੀ. ਸੋਨੀ, ਡਾ. ਰਾਜ ਕੁਮਾਰ ਵੇਰਕਾ, ਜੁਗਲ ਕਿਸ਼ੋਰ ਸ਼ਰਮਾ, ਮੇਅਰ ਕਰਮਜੀਤ ਸਿੰਘ ਰਿੰਟੂ, ਭਗਵੰਤਪਾਲ ਸਿੰਘ ਸੱਚਰ, ਸਾਬਕਾ ਵਿਧਾਇਕ ਵੀਰ ਸਿੰਘ ਲੋਪੋਕੇ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਗੁਰਪ੍ਰਤਾਪ ਸਿੰਘ ਟਿੱਕਾ, ਰਜਿੰਦਰ ਮੋਹਨ ਸਿੰਘ ਛੀਨਾ ਤੇ ਹਰਪਾਲ ਸਿੰਘ ਜੱਲਾ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਦੌਰਾਨ ਜਾਖੜ ਨੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦੇਣ ਦਾ ਭਰੋਸਾ ਦਿੱਤਾ ਅਤੇ ਇਨ੍ਹਾਂ ਪਰਿਵਾਰਾਂ ਨੂੰ ਹੋਰ ਵੀ ਸਰਕਾਰੀ ਸਹੂਲਤ ਦਿਵਾਉਣ ਲਈ ਕਿਹਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉਦਮਾਂ ਸਦਕਾ ਪਰਿਵਾਰਾਂ ਨੂੰ 50-50 ਹਜ਼ਾਰ ਦੇ ਚੈੱਕ ਅਤੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭਾਈ ਰਾਮ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਜਸਵਿੰਦਰ ਸਿੰਘ ਐਡਵੋਕੇਟ (ਤਿੰਨੋਂ ਮੈਂਬਰ ਸ਼੍ਰੋਮਣੀ ਕਮੇਟੀ), ਸਕੱਤਰ ਡਾ. ਰੂਪ ਸਿੰਘ, ਮੈਨੇਜਰ ਸੁਲੱਖਣ ਸਿੰਘ ਤੇ ਸਕੱਤਰ ਮਨਜੀਤ ਸਿੰਘ ਵੱਲੋਂ ਭੇਟ ਕੀਤੇ ਗਏ। ਇਸ ਤੋਂ ਇਲਾਵਾ ਪਿੰਡ ਕਾਲੇ ਦੇ ਕੌਂਸਲਰ ਸੁਰਜੀਤ ਸਿੰਘ ਪਹਿਲਵਾਨ ਨੇ 20-20 ਹਜ਼ਾਰ ਦੇ ਚੈੱਕ ਪਿੰਡ ਦੇ ਪੀੜਤ ਪਰਿਵਾਰਾਂ ਨੂੰ ਦਿੱਤੇ ਤੇ ਜ਼ਿਲਾ ਪ੍ਰਜਾਪਤ ਅੰਮ੍ਰਿਤਸਰ ਵੱਲੋਂ ਵੀ ਪਰਿਵਾਰਾਂ ਨੂੰ 5-5 ਹਜ਼ਾਰ ਦੀ ਰਾਸ਼ੀ ਦਿੱਤੀ ਗਈ। ਇਸ ਤੋਂ ਇਲਾਵਾ ਹਲਕਾ ਮਜੀਠਾ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ।
ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਸਾਰੀ ਸੇਵਾ ਅਤੇ ਲੰਗਰਾਂ ਦੀ ਸੇਵਾ ਵੀ ਕੀਤੀ ਗਈ। ਅੰਤ ਵਿਚ ਸ਼੍ਰੋਮਣੀ ਕਮੇਟੀ ਦੇ ਸਾਬਕਾ ਸਕੱਤਰ ਰਘਬੀਰ ਸਿੰਘ ਰਾਜਾਸਾਂਸੀ ਨੇ ਰਾਜਨੀਤਕ, ਸਮਾਜਕ ਅਤੇ ਧਾਰਮਕ ਆਗੂਆਂ ਦਾ ਇਸ ਦੁੱਖ ਦੀ ਘੜੀ 'ਚ ਸ਼ਾਮਲ ਹੋਣ 'ਤੇ ਤਹਿ-ਦਿਲੋਂ ਧੰਨਵਾਦ ਕੀਤਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਨ੍ਹਾਂ ਪਰਿਵਾਰਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਇਸ ਮੌਕੇ ਉਪਕਾਰ ਸਿੰਘ ਸੰਧੂ, ਗੁਰਿੰਦਰ ਰਿਸ਼ੀ, ਦਿਹਾਤੀ ਪ੍ਰਧਾਨ ਮੇਵਾ ਸਿੰਘ, ਰਾਜਾ ਲਦੇਹ, ਕੁਲਵਿੰਦਰ ਸਿੰਘ ਬ੍ਰਦਰਜ਼, ਬਲਬੀਰ ਸਿੰਘ ਪੰਜਵੜ, ਮਨਜੀਤ ਸਿੰਘ ਵੇਰਕਾ, ਇੰਦਰਜੀਤ ਸਿੰਘ ਬਾਸਰਕੇ, ਕਿਰਨਪ੍ਰੀਤ ਸਿੰਘ ਮੋਨੂੰ, ਸ਼ਮਸ਼ੇਰ ਸਿੰਘ ਸ਼ੇਰਾ ਤੇ ਦਿਨੇਸ਼ ਬੱਸੀ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।
ਮੁਕਤਸਰ ਸਾਹਿਬ ਦੇ ਅਨੇਕਾਂ ਪਿੰਡ ਸਰਕਾਰੀ ਸਿਹਤ ਡਿਸਪੈਂਸਰੀਆਂ ਅਤੇ ਪਸ਼ੂ ਹਸਪਤਾਲਾਂ ਤੋਂ ਹਨ ਸੱਖਣੇ
NEXT STORY