ਲੁਧਿਆਣਾ (ਅਨਿਲ) : ਥਾਣਾ ਮਿਹਰਬਾਨ ਦੀ ਪੁਲਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਹੁਸਨ ਲਾਲ ਦੀ ਪੁਲਸ ਟੀਮ ਗਸ਼ਤ ਦੌਰਾਨ ਮਾਡਲ ਕਾਲੋਨੀ ’ਚ ਮੌਜੂਦ ਸੀ ਅਤੇ ਉਸੇ ਸਮੇਂ ਸਾਹਮਣਿਓਂ ਇਕ ਨੌਜਵਾਨ ਮੋਟਰਸਾਈਕਲ ’ਤੇ ਆਉਂਦਾ ਦਿਖਾਈ ਦਿੱਤਾ।
ਜਦੋਂ ਪੁਲਸ ਟੀਮ ਨੇ ਉਕਤ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਨੇ ਪੁਲਸ ਨੂੰ ਦੇਖ ਕੇ ਇਕਦਮ ਆਪਣਾ ਮੋਟਰਸਾਈਕਲ ਪਿੱਛੇ ਮੋੜ ਕੇ ਭੱਜਣ ਦਾ ਯਤਨ ਕੀਤਾ ਪਰ ਪੁਲਸ ਦੀ ਮੁਸਤੈਦੀ ਕਾਰਨ ਤੁਰੰਤ ਉਸ ਨੂੰ ਕਾਬੂ ਕਰ ਕੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 16 ਗ੍ਰਾਮ ਹੈਰੋਇਨ ਅਤੇ 3200 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ, ਜੋ ਉਸ ਨੇ ਹੈਰੋਇਨ ਵੇਚ ਕੇ ਕਮਾਈ ਸੀ। ਪੁਲਸ ਨੇ ਤੁਰੰਤ ਉਸ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੀ ਪਛਾਣ ਮਨਦੀਪ ਪੁੱਤਰ ਗਿਰੀਸ਼ ਪਾਂਡੇ ਵਾਸੀ ਮਾਡਲ ਕਾਲੋਨੀ ਦੇ ਰੂਪ ’ਚ ਕੀਤੀ।
ਮੁਲਜ਼ਮ ਖ਼ਿਲਾਫ਼ ਥਾਣਾ ਮਿਹਰਬਾਨ ’ਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਨਸ਼ਾ ਸਮੱਗਲਰ ਪਿਛਲੇ ਕਾਫੀ ਸਮੇਂ ਤੋਂ ਇਲਾਕੇ ’ਚ ਨਸ਼ੇ ਦਾ ਕੰਮ ਕਰ ਰਿਹਾ ਸੀ, ਜੋ ਪੁਲਸ ਨੂੰ ਕਈ ਵਾਰ ਧੋਖਾ ਦੇ ਚੁੱਕਾ ਹੈ। ਮੁਲਜ਼ਮ ਖ਼ੁਦ ਵੀ ਨਸ਼ੇੜੀ ਹੈ। ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ, ਤਾਂ ਕਿ ਉਸ ਦੇ ਬਾਕੀ ਸਾਥੀਆਂ ਅਤੇ ਗਾਹਕਾਂ ਸਬੰਧੀ ਪੁੱਛਗਿੱਛ ਕੀਤੀ ਜਾ ਸਕੇ।
ਬਗੈਰ ਮੀਂਹ ਦੇ ਮੌਸਮ ਤੋਂ ਬਿਆਸ ਦਰਿਆ ’ਚ ਵਧਿਆ ਪਾਣੀ ਦਾ ਪੱਧਰ, ਹਜ਼ਾਰਾਂ ਏਕੜ ਫਸਲ ਖਰਾਬ
NEXT STORY