ਮੋਗਾ (ਗੋਪੀ ਰਾਊਕੇ) : ਪੰਜਾਬ ਪੁਲਸ ਦੀ ਭਰਤੀ ਸਬੰਧੀ ਹੋਏ ਲਿਖ਼ਤੀ ਟੈਸਟ ਸਮੇਂ ਤੋਂ ਹੀ ਨੌਜਵਾਨ ਮੁੰਡੇ-ਕੁੜੀਆਂ ’ਚ ਨਿਰਾਸ਼ਾ ਪਾਈ ਜਾ ਰਹੀ ਸੀ ਅਤੇ ਇਹ ਭਰਤੀ ਉਨ੍ਹਾਂ ਦੀਆਂ ਨਜ਼ਰਾਂ ’ਚ ਸ਼ੱਕੀ ਦਾਇਰੇ ਵਿਚ ਸੀ। ਇਸੇ ਸ਼ੱਕ ਦੇ ਆਧਾਰ ’ਤੇ ਨੌਜਵਾਨਾਂ ’ਚ ਰੋਸ ਅਤੇ ਗੁੱਸਾ ਪਨਪ ਰਿਹਾ ਸੀ। ਇਸ ਦੇ ਚੱਲਦਿਆਂ ਪੰਜਾਬ ਪੁਲਸ ਦੀ ਭਰਤੀ ਵਿਚ ਹੋਏ ਘਪਲੇ ਨੂੰ ਲੈ ਕੇ ਮੋਗਾ ਵਿਖੇ ਨੌਜਵਾਨ ਮੁੰਡੇ-ਕੁੜੀਆਂ ਵੱਲੋਂ ਫਿਰੋਜ਼ਪੁਰ-ਲੁਧਿਆਣਾ ਰੋਡ ਵਿਖੇ ਸੜਕ ਜਾਮ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਵਿਚ ਨੌਜਵਾਨ ਭਾਰਤ ਸਭਾ ਵੱਲੋਂ ਅਗਵਾਈ ਕੀਤੀ ਗਈ। ਇਸ ਮੌਕੇ ਮੋਗਾ ਐੱਸ. ਡੀ. ਐੱਮ. ਵੱਲੋਂ ਪ੍ਰਦਰਸ਼ਨ ਵਿਚ ਆ ਕੇ ਮੰਗ ਪੱਤਰ ਲਿਆ ਗਿਆ ਅਤੇ ਮੰਗਾ ਮੰਨਣ ਦੇ ਭਰੋਸੇ ਵੱਜੋਂ ਸੜਕ ਦਾ ਜਾਮ ਖੋਲ੍ਹ ਦਿੱਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਨੌਜਵਾਨ ਭਾਰਤ ਸਭਾ ਤੋਂ ਕਰਮਜੀਤ ਮਾਣੂੰਕੇ, ਮਨਪ੍ਰੀਤ ਧੂੜਕੋਟ, ਸੁਖਦਰਸ਼ਨ ਸਿੰਘ, ਲਵਪ੍ਰੀਤ ਕੌਰ ਸਮਰਾ ਭੰਗਾਲੀ, ਰਮਨਦੀਪ ਕੌਰ ਧਰਮਕੋਟ ਨੇ ਸਾਂਝੇ ਤੌਰ 'ਤੇ ਕਿਹਾ ਕਿ ਪਿਛਲੇ ਦਿਨੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਪੁਲਸ ਦੀ ਭਰਤੀ ਬਾਰੇ ਐਲਾਨ ਕੀਤਾ ਸੀ ਕਿ ਇਸ ਭਰਤੀ ਮੌਕੇ ਕੋਈ ਵੀ ਲਿਖ਼ਤੀ ਪੇਪਰ ਨੂੰ ਆਧਾਰ ਬਣਾ ਕੇ ਭਰਤੀ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਬੇਰਹਿਮ ਗੁਆਂਢਣ ਨੇ ਮਿੱਟੀ 'ਚ ਦੱਬ ਕੇ ਮਾਰ ਦਿੱਤੀ ਢਾਈ ਸਾਲਾਂ ਦੀ ਬੱਚੀ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਸਾਰੇ ਉਮੀਦਵਾਰ ਪੇਪਰ ਤੋਂ ਬਿਨਾਂ ਕਾਬਲ ਨੌਜਵਾਨ ਮੁੰਡੇ-ਕੁੜੀਆਂ ਓਪਨ ਫਿਜ਼ੀਕਲ ਟ੍ਰਾਇਲਾਂ ਦੇ ਆਧਾਰ ’ਤੇ ਸਿੱਧੇ ਭਰਤੀ ਕੀਤੇ ਜਾਣਗੇ ਪਰ ਬੀਤੇ ਦਿਨੀਂ ਜਾਰੀ ਹੋਈ ਭਰਤੀ ਲਿਸਟ ਵਿਚ ਮੈਰਿਟ ਮੁਤਾਬਕ ਯੋਗ ਨੌਜਵਾਨਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਗਏ। ਭਰਤੀ ਸੂਚੀ ਵਿਚ ਦਰਜ ਕੀਤੇ ਵਿਅਕਤੀਆਂ ਕੋਲ ਨੰਬਰ ਵੀ ਨਹੀਂ ਲਿਖੇ ਗਏ, ਜਿਸ ਕਾਰਣ ਇਹ ਖਦਸ਼ਾ ਹੈ ਕਿ ਘੱਟ ਨੰਬਰਾਂ ਵਾਲੇ ਰੱਖ ਕੇ ਵੱਧ ਨੰਬਰਾਂ ਵਾਲੇ ਛੱਡ ਦਿੱਤੇ ਗਏ, ਜਿਸ ਵਿਚ ਬਹੁਤ ਸਾਰੇ ਕਾਬਲ ਅਤੇ ਪੇਪਰ ਕਲੀਅਰ ਕਰਨ ਵਾਲੇ ਉਮੀਦਵਾਰਾਂ ਦਾ ਨਾਂ ਨਹੀਂ ਆਇਆ। ਇਸ ਨਤੀਜੇ ਵਿਚ ਸ਼ਰੇਆਮ ਧੋਖਾ ਕੀਤਾ ਗਿਆ ਹੈ, ਬਹੁਤ ਸਾਰੇ ਐੱਸ. ਸੀ., ਬੀ. ਸੀ. ਅਤੇ ਜਰਨਲ ਸ਼੍ਰੇਣੀਆਂ ਦੇ ਉਮੀਦਵਾਰਾਂ ਦੇ 70 ਨੰਬਰ ਬਣਦੇ ਹਨ, ਪਰ ਉਨ੍ਹਾਂ ਦਾ ਫਿਜ਼ੀਕਲ ਟ੍ਰਾਇਲਾਂ ਲਈ ਨਾਂ ਨਹੀਂ ਆਇਆ।
ਇਹ ਵੀ ਪੜ੍ਹੋ : ਪੰਜਾਬ 'ਚ ਪਹਿਲਾਂ ਨਾਲੋਂ ਜ਼ਿਆਦਾ ਵਧੇਗੀ ਠੰਡ, ਇਸ ਤਾਰੀਖ਼ ਨੂੰ ਪੈ ਸਕਦੈ ਮੀਂਹ
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਰਤੀ ਗ਼ੈਰ ਪਾਰਦਰਸ਼ੀ ਹੈ, ਜਿਸ ਵਿਚ ਆਪਣੇ ਚੁਹੇਤਿਆ ਦਾ ਪੱਖ ਪੂਰਿਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੇਪਰ ਰੱਦ ਕਰ ਕੇ ਖੁੱਲ੍ਹੇ ਤੌਰ 'ਤੇ ਸਾਰੇ ਉਮੀਦਵਾਰਾਂ ਦੇ ਫਿਜ਼ੀਕਲ ਟ੍ਰਾਇਲ ਲਏ ਜਾਣ ਅਤੇ ਭਰਤੀ ਪਾਰਦਰਸ਼ੀ ਤਰੀਕੇ ਨਾਲ ਹੋਵੇ, ਕਿਸੇ ਨਾਲ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕੀਤਾ ਜਾਵੇ। ਜੇਕਰ ਪ੍ਰਸ਼ਾਸਨ ਵੱਲੋਂ ਮੰਗਾਂ ਨੂੰ ਨਾ ਵਿਚਾਰਿਆ ਗਿਆ ਤਾਂ 1 ਤਾਰੀਖ਼ ਨੂੰ ਡੀ. ਸੀ. ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਦਿਲਪ੍ਰੀਤ ਸਿੰਘ ਧੱਲੇਕੇ, ਹਰਮਨ ਘੱਲਕਲਾਂ, ਵਿੱਕੀ, ਰਵੀ ਸਿੰਘਾ ਵਾਲਾ, ਸੋਨੂੰ, ਹਰਜਿੰਦਰ ਸਿੰਘ ਕਿਸ਼ਨਪੁਰਾ ਅਤੇ ਨੌਜਵਾਨ ਭਾਰਤ ਸਭਾ ਤੋਂ ਬਰਜਿਲਾਲ ਆਦਿ ਹਾਜ਼ਰ ਸਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪਹਿਲਾਂ ਫੇਸਬੁੱਕ ’ਤੇ ਲਾਈਵ ਹੋ ਕੇ ਦਿੱਤੀ ਧਮਕੀ, ਫਿਰ ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ
NEXT STORY