ਜਲੰਧਰ,(ਮਹੇਸ਼): ਸ਼ਹਿਰ 'ਚ 2 ਸਕੇ ਭਰਾਵਾਂ ਸਮੇਤ 3 ਨੌਜਵਾਨਾਂ ਦੇ ਤਾਹਨਿਆਂ ਤੋਂ ਤੰਗ ਆ ਕੇ 23 ਸਾਲ ਦੇ ਰੋਹਿਤ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਪਿੰਡ ਧੀਣਾ, ਥਾਣਾ ਸਦਰ ਜਲੰਧਰ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜਾਨ ਦੇ ਦਿੱਤੀ। ਜਾਣਕਾਰੀ ਮੁਤਾਬਕ ਬੁੱਧਵਾਰ ਜਦੋਂ ਰੋਹਿਤ ਦੇ ਮਾਂ-ਬਾਪ ਨੇ ਉਸ ਦੇ ਕਮਰੇ 'ਚ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਜਿਸ ਤੋਂ ਬਾਅਦ ਉਹ ਬੇਸੁੱਧ ਹੋ ਕੇ ਉਥੇ ਹੀ ਡਿੱਗ ਪਏ ਤੇ ਪਰਿਵਾਰ ਦੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਿਆ। ਪਤਾ ਲੱਗਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਪਿੰਡ ਦੇ ਹੀ ਤਿੰਨ ਨੌਜਵਾਨ ਰੋਹਿਤ ਨੂੰ ਕਿਸੇ ਗੱਲ ਨੂੰ ਲੈ ਕੇ ਤਾਅਨੇ ਦੇ ਰਹੇ ਸਨ, ਜਿਸ ਕਾਰਨ ਉਸ ਨੇ ਦੇਰ ਰਾਤ ਨੂੰ ਆਪਣੇ ਕਮਰੇ ਵਿਚ ਜਾ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਥਾਣਾ ਸਦਰ ਦੀ ਪੁਲਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਾਰਨ ਭੜਕੇ ਪੀੜਤ ਪਰਿਵਾਰ ਨੇ ਰੋਹਿਤ ਦੀ ਲਾਸ਼ ਸੜਕ 'ਤੇ ਰੱਖ ਕੇ ਜਮ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਰੋਹਿਤ ਦੀ ਮੌਤ ਦੇ ਜ਼ਿੰਮੇਦਾਰ ਲੋਕਾਂ 'ਤੇ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨ ਕਰਨ ਵਾਲਿਆਂ 'ਚ ਰੋਹਿਤ ਦੇ ਪਰਿਵਾਰ ਵਾਲਿਆਂ ਤੋਂ ਇਲਾਵਾ ਧੀਣਾ ਦੇ ਕਈ ਲੋਕ ਸ਼ਾਮਲ ਸਨ। ਉਨ੍ਹਾਂ ਦੀ ਮੰਗ ਸੀ ਕਿ ਜਦੋਂ ਤਕ ਮੁਲਜ਼ਮਾਂ 'ਤੇ ਪੁਲਸ ਕਾਰਵਾਈ ਨਹੀਂ ਕਰਦੀ, ਉਹ ਸੜਕ ਤੋਂ ਨਹੀਂ ਹਟਣਗੇ।
ਏ. ਡੀ. ਸੀ. ਪੀ. ਭੰਡਾਲ ਨੇ ਕੀਤਾ ਮਾਹੌਲ ਸ਼ਾਂਤ
ਧੀਣਾ 'ਚ ਵਿਗੜੀ ਹੋਈ ਹਾਲਤ ਦੀ ਸੂਚਨਾ ਮਿਲਦੇ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਏ. ਡੀ. ਸੀ. ਪੀ. ਸਿਟੀ-2 ਪਰਮਿੰਦਰ ਸਿੰਘ ਭੰਡਾਲ ਮੌਕੇ ਨੂੰ ਮੌਕੇ 'ਤੇ ਭੇਜਿਆ, ਜਿਨ੍ਹਾਂ ਨੇ ਰੋਹਿਤ ਦੀ ਮੌਤ ਨਾਲ ਭੜਕੇ ਹੋਏ ਲੋਕਾਂ ਨੂੰ ਇਨਸਾਫ ਦਾ ਭਰੋਸਾ ਦਿੰਦੇ ਹੋਏ ਸ਼ਾਂਤ ਕਰਵਾਇਆ। ਉਨ੍ਹਾਂ ਦੇ ਨਾਲ ਏ. ਸੀ. ਪੀ. ਕੈਂਟ ਰਵਿੰਦਰ ਸਿੰਘ ਅਤੇ ਐੱਸ. ਐੱਚ. ਓ. ਸਦਰ ਸੁਲੱਖਣ ਸਿੰਘ ਵੀ ਮੌਜੂਦ ਸਨ। ਏ. ਡੀ. ਸੀ. ਪੀ. ਭੰਡਾਲ ਦੇ ਭਰੋਸਾ ਦੇਣ ਦੇ ਬਾਅਦ ਲਾਸ਼ ਨੂੰ ਸੜਕ ਤੋਂ ਉਠਾ ਲਿਆ ਗਿਆ।
ਹਨੀ, ਮਨੀ ਅਤੇ ਰਵੀ 'ਤੇ 306 ਦਾ ਕੇਸ ਦਰਜ
ਰੋਹਿਤ ਕੁਮਾਰ ਨੂੰ ਖੁਦਕਸ਼ੀ ਕਰਨ ਲਈ ਮਜਬੂਰ ਕਰਨ ਨੂੰ ਲੈ ਕੇ ਥਾਣਾ ਸਦਰ 'ਚ ਪੁਲਸ ਨੇ 2 ਸਕੇ ਭਰਾਵਾਂ ਹਨੀ ਅਤੇ ਮਨੀ ਪੁੱਤਰ ਦਰਸ਼ਨ ਲਾਲ ਅਤੇ ਰਵੀ ਪੁੱਤਰ ਰੂਪ ਲਾਲ ਖਿਲਾਫ ਮ੍ਰਿਤਕ ਦੇ ਪਿਤਾ ਓਮ ਪ੍ਰਕਾਸ਼ ਦੇ ਬਿਆਨਾਂ 'ਤੇ ਆਈ. ਪੀ. ਸੀ. ਦੀ ਧਾਰਾ 306 ਦਾ ਕੇਸ ਦਰਜ ਕਰ ਲਿਆ ਹੈ । ਸਾਰੇ ਮੁਲਜ਼ਮ ਫਰਾਰ ਹਨ। ਏ. ਡੀ. ਸੀ. ਪੀ. ਭੰਡਾਲ ਨੇ ਕਿਹਾ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰੋਹਿਤ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਦੂਲੋ ਵਲੋਂ ਦਲਿਤ ਭਾਈਚਾਰੇ ਨੂੰ ਆਜ਼ਾਦੀ ਦਿਵਸ 'ਚ ਸ਼ਾਮਲ ਨਾ ਹੋਣ ਦਾ ਸੱਦਾ
NEXT STORY