ਬਹਿਰਾਮਪੁਰ (ਗੋਰਾਇਆ) : ਹਲਕਾ ਦੀਨਾਨਗਰ ਅਧੀਨ ਪੈਦੇ ਪਿੰਡ ਅਰਜ਼ੇਚੱਕ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ’ਚ ਪੁਲਸ ਨੇ 2 ਜਨਾਨੀਆਂ ਅਤੇ 4 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਅਤੇ ਚਾਚਾ ਹਰਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸੁਰਿੰਦਰ ਸਿੰਘ (28) ਦਾ ਵਿਆਹ ਕਰੀਬ 3 ਸਾਲ ਪਹਿਲਾਂ ਕੁਲਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਵਾਸੀ ਉਮਰਵਾਲ ਥਾਣਾ ਕਿਲ੍ਹਾ ਲਾਲ ਸਿੰਘ ਨਾਲ ਹੋਇਆ ਸੀ।
ਉਨ੍ਹਾਂ ਦੱਸਿਆ ਕਿ 2 ਮਹੀਨੇ ਪਹਿਲਾਂ ਉਨ੍ਹਾਂ ਦੇ ਪੁੱਤਰ ਘਰ ਇਕ ਪੁੱਤਰ ਨੇ ਜਨਮ ਲਿਆ ਸੀ। ਉਨ੍ਹਾਂ ਦੱਸਿਆ ਕਿ ਨੂੰਹ ਦੀ ਸਹੁਰਾ ਪਰਿਵਾਰ ਨਾਲ ਅਣਬਣ ਰਹਿੰਦੀ ਸੀ। ਇਸ ਦੇ ਚੱਲਦਿਆਂ 22 ਜਨਵਰੀ ਨੂੰ ਉਨ੍ਹਾਂ ਦੇ ਪਿੰਡ ਅਰਜ਼ੇਚੱਕ ਵਿਖੇ ਨੂੰਹ ਦੇ ਪਰਿਵਾਰਕ ਮੈਂਬਰ ਅਤੇ ਕੁੱਝ ਰਿਸ਼ਤੇਦਾਰ ਆਏ ਅਤੇ ਉਨ੍ਹਾਂ ਨੂੰ ਕਾਫੀ ਮੰਦਾ-ਚੰਗਾ ਬੋਲ ਕੇ ਆਪਣੀ ਕੁੜੀ ਨੂੰ ਨਾਲ ਲੈ ਗਏ। ਜਦੋਂ ਇਸ ਸਬੰਧੀ ਉਨ੍ਹਾਂ ਦਾ ਪੁੱਤਰ ਸੁਰਿੰਦਰ ਸਿੰਘ 3 ਫਰਵਰੀ ਨੂੰ ਸਹੁਰੇ ਪਰਿਵਾਰ ਕੋਲ ਗਿਆ ਤਾਂ ਉਨ੍ਹਾਂ ਵੱਲੋਂ ਉਸ ਨੂੰ ਕਾਫ਼ੀ ਜ਼ਲੀਲ ਕੀਤਾ ਗਿਆ, ਜਿਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਸਹੁਰੇ ਪਿੰਡ ਹੀ ਕੋਈ ਜ਼ਹਿਰੀਲੀ ਵਸਤੂ ਖਾ ਲਈ।
ਇਸ ਤੋਂ ਬਾਅਦ ਉਨ੍ਹਾਂ ਨੂੰ ਥਾਣੇ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪੁੱਤਰ ਨੇ ਕੋਈ ਜ਼ਹਿਰੀਲੀ ਵਸਤੂ ਖਾ ਲਈ ਹੈ, ਜਿਸ ਨੂੰ ਸਿਵਲ ਹਸਪਤਾਲ ਬਟਾਲਾ ਵਿਖੇ ਲਿਜਾਇਆ ਗਿਆ ਹੈ। ਜਦੋਂ ਪਰਿਵਾਰਕ ਮੈਂਬਰ ਉੱਥੇ ਗਏ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਸਬੰਧ 'ਚ ਕਿਲ੍ਹਾ ਲਾਲ ਸਿੰਘ ਵਿਖੇ ਦਲਬੀਰ ਕੌਰ ਪਤਨੀ ਪ੍ਰੀਤਮ ਸਿੰਘ ਵਾਸੀ ਉਮਰਵਾਲ, ਕੁਲਜੀਤ ਕੌਰ ਪੁੱਤਰੀ ਪ੍ਰੀਤਮ ਸਿੰਘ ਵਾਸੀ ਉਮਰਵਾਲ, ਜਤਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਉਮਰਵਾਲ, ਨਵਤੇਜ ਸਿੰਘ ਕਾਲਾ ਵਾਸੀ ਧੰਦੋਈ ਥਾਣਾ ਰੰਗੜ ਨੰਗਲ, ਧਰਮਜੋਤ ਸਿੰਘ ਪੁੱਤਰ ਭਗਵੰਤ ਸਿੰਘ ਵਾਸੀ ਰਸੂਲਪੁਰ ਥਾਣਾ ਕਲਾਨੌਰ, ਭਗਵੰਤ ਸਿੰਘ ਵਾਸੀ ਰਸੂਲਪੁਰ ਖ਼ਿਲਾਫ਼ ਪੁਲਸ ਵੱਲੋਂ ਮ੍ਰਿਤਕ ਦੇ ਪਿਤਾ ਕੁਲਵੰਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।
‘ਆਪ’ ਨੇ ਮਨਪ੍ਰੀਤ ਬਾਦਲ ਨੂੰ ਦੱਸਿਆ ਨਿਕੰਮਾ ਵਿੱਤ ਮੰਤਰੀ, ਮੰਗਿਆ ਅਸਤੀਫ਼ਾ
NEXT STORY