ਬਰਨਾਲਾ (ਵਿਵੇਕ ਸਿੰਧਵਾਨੀ, ਰਵੀ): ਜ਼ਿਲ੍ਹਾ ਬਰਨਾਲਾ ਦੇ ਸਿਆਸੀ ਅਖਾੜੇ ਵਿਚ ਉਸ ਵੇਲੇ ਸਰਗਰਮੀ ਤੇਜ਼ ਹੋ ਗਈ ਜਦੋਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਦੇ ਪੋਤਰੇ ਐਡਵੋਕੇਟ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਸਟੇਟ ਆਵਾੜੀ ਅਤੇ ਮਾਰਕੀਟ ਕਮੇਟੀ ਬਰਨਾਲਾ-ਭਦੌੜ ਦੇ ਸਾਬਕਾ ਚੇਅਰਮੈਨ ਭੋਲਾ ਸਿੰਘ ਵਿਰਕ ਨਾਲ ਇਕ ਅਹਿਮ ਮੀਟਿੰਗ ਕੀਤੀ। ਕਰੀਬ ਇਕ ਘੰਟਾ ਚੱਲੀ ਇਸ ਮੁਲਾਕਾਤ ਨੇ ਜਿੱਥੇ ਸ਼ਹਿਰ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ, ਉੱਥੇ ਹੀ ਸਿਆਸੀ ਮਾਹਿਰਾਂ ਵੱਲੋਂ ਇਸ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਬਰਨਾਲਾ ਪਰਿਵਾਰ, ਜਿਸਦਾ ਇਸ ਖੇਤਰ ਵਿੱਚ ਲੰਬੇ ਸਮੇਂ ਤੱਕ ਦਬਦਬਾ ਰਿਹਾ ਸੀ, ਪਿਛਲੇ ਕੁਝ ਸਾਲਾਂ ਤੋਂ ਧੂਰੀ ਹਲਕੇ ਵਿੱਚ ਜ਼ਿਆਦਾ ਸਰਗਰਮ ਰਿਹਾ। ਪਹਿਲਾਂ ਗਗਨਜੀਤ ਸਿੰਘ ਬਰਨਾਲਾ ਅਤੇ ਉਸ ਤੋਂ ਬਾਅਦ ਐਡਵੋਕੇਟ ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਧੂਰੀ ਤੋਂ ਹੀ ਚੋਣਾਂ ਲੜੀਆਂ ਸਨ। ਪਰ ਹੁਣ ਹਾਲਾਤ ਬਦਲਦੇ ਨਜ਼ਰ ਆ ਰਹੇ ਹਨ। ਸਿਮਰ ਪ੍ਰਤਾਪ ਸਿੰਘ ਬਰਨਾਲਾ ਨੇ ਮੁੜ ਤੋਂ ਬਰਨਾਲਾ ਹਲਕੇ ਨੂੰ ਹੀ ਆਪਣੀਆਂ ਸਿਆਸੀ ਗਤੀਵਿਧੀਆਂ ਦਾ ਕੇਂਦਰ ਬਣਾਇਆ ਹੋਇਆ ਹੈ। ਉਹ ਲਗਾਤਾਰ ਸ਼ਹਿਰ ਦੇ ਸਮਾਜਿਕ ਅਤੇ ਧਾਰਮਿਕ ਸਮਾਗਮਾਂ ਵਿਚ ਸ਼ਿਰਕਤ ਕਰ ਰਹੇ ਹਨ ਅਤੇ ਵੱਖ-ਵੱਖ ਵਰਗਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।
ਅੱਜ ਦੀ ਇਸ ਮੁਲਾਕਾਤ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਭੋਲਾ ਸਿੰਘ ਵਿਰਕ ਦਾ ਇਲਾਕੇ ਵਿਚ ਆਪਣਾ ਇਕ ਮਜ਼ਬੂਤ ਆਧਾਰ ਹੈ। ਲੋਕ ਭਲਾਈ ਪਾਰਟੀ ਦੀ ਟਿਕਟ 'ਤੇ ਚੋਣ ਲੜਦਿਆਂ ਉਨ੍ਹਾਂ ਨੇ ਕਰੀਬ 20 ਹਜ਼ਾਰ ਵੋਟਾਂ ਹਾਸਲ ਕੀਤੀਆਂ ਸਨ, ਜੋ ਉਨ੍ਹਾਂ ਦੀ ਨਿੱਜੀ ਲੋਕਪ੍ਰਿਯਤਾ ਦਾ ਸਬੂਤ ਹੈ। ਇਕ ਵਧੀਆ ਸਮਾਜ ਸੇਵੀ ਅਤੇ ਸਟੇਟ ਅਵਾਰਡੀ ਹੋਣ ਦੇ ਨਾਤੇ, ਵਿਰਕ ਦਾ ਹਰ ਵਰਗ ਵਿੱਚ ਸਤਿਕਾਰ ਹੈ।
ਮੁੜ ਸਿਆਸੀ ਜ਼ਮੀਨ ਦੀ ਤਲਾਸ਼
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਬਰਨਾਲਾ ਪਰਿਵਾਰ ਹੁਣ ਮੁੜ ਤੋਂ ਆਪਣੀ ਸਿਆਸੀ ਜਮੀਨ ਵਿਧਾਨ ਸਭਾ ਹਲਕਾ ਬਰਨਾਲਾ ਤੋਂ ਹੀ ਲੱਭਣ ਦੀ ਕੋਸ਼ਿਸ਼ ਵਿੱਚ ਹੈ। ਸਿਮਰ ਪ੍ਰਤਾਪ ਸਿੰਘ ਵੱਲੋਂ ਭੋਲਾ ਸਿੰਘ ਵਿਰਕ ਵਰਗੇ ਜ਼ਮੀਨੀ ਆਗੂਆਂ ਨਾਲ ਕੀਤੀ ਜਾ ਰਹੀ ਇਹ ਮਿਲਣੀ ਸ਼ਹਿਰ ਦੇ ਸਿਆਸੀ ਸਮੀਕਰਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਮੁਲਾਕਾਤ ਨੇ ਸਿਆਸੀ ਲੋਕਾਂ ਨੂੰ ਇਹ ਸੋਚਣ 'ਤੇ ਮਜਬੂਰ ਕਰ ਦਿੱਤਾ ਹੈ ਕਿ ਕੀ ਆਉਣ ਵਾਲੇ ਸਮੇਂ ਵਿਚ ਬਰਨਾਲਾ ਦੀ ਸਿਆਸਤ ਵਿਚ ਕੋਈ ਨਵਾਂ ਗੱਠਜੋੜ ਦੇਖਣ ਨੂੰ ਮਿਲੇਗਾ। ਫਿਲਹਾਲ, ਇਸ ਮੁਲਾਕਾਤ ਤੋਂ ਬਾਅਦ ਸ਼ਹਿਰ ਵਿਚ ਨਵੀਂ ਸਿਆਸੀ ਚਰਚਾ ਛਿੜ ਗਈ ਹੈ ਅਤੇ ਹਰ ਕੋਈ ਬਰਨਾਲਾ ਪਰਿਵਾਰ ਦੇ ਅਗਲੇ ਕਦਮਾਂ 'ਤੇ ਨਜ਼ਰ ਰੱਖ ਰਿਹਾ ਹੈ।
27 ਘੰਟਿਆਂ ਬਾਅਦ ਪਾਣੀ ਵਾਲੀ ਟੈਂਕੀ ਤੋਂ ਉਤਰੇ ਸਰਪੰਚ ਜਗਜੀਵਨ ਸਿੰਘ, ਪ੍ਰਸ਼ਾਸਨ ਨਾਲ ਬਣੀ ਸਹਿਮਤੀ
NEXT STORY