ਮਹਿਲ ਕਲਾਂ (ਹਮੀਦੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਕਲਾਲਮਾਜਰਾ ਵਿੱਚ ਪੰਚਾਇਤੀ ਅਧਿਕਾਰਾਂ ਨੂੰ ਲੈ ਕੇ ਚੱਲ ਰਿਹਾ ਸੰਘਰਸ਼ ਉਸ ਵੇਲੇ ਸਮਾਪਤ ਹੋਇਆ ਜਦੋਂ ਸਰਪੰਚ ਜਗਜੀਵਨ ਸਿੰਘ ਨੂੰ 27 ਘੰਟਿਆਂ ਬਾਅਦ ਵਾਟਰ ਵਰਕਸ ਦੀ ਟੈਂਕੀ ਤੋਂ ਸੁਰੱਖਿਅਤ ਥੱਲੇ ਉਤਾਰ ਲਿਆ ਗਿਆ। ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਬਣੀ ਸਹਿਮਤੀ ਨੂੰ ਪਿੰਡ ਵਾਸੀਆਂ, ਪੰਚਾਇਤ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਹੱਥ ਖੜੇ ਕਰਕੇ ਮਨਜ਼ੂਰੀ ਦਿੱਤੀ ਗਈ ਅਤੇ ਇਸ ਨੂੰ ਸੰਘਰਸ਼ ਦੀ ਵੱਡੀ ਜਿੱਤ ਕਰਾਰ ਦਿੱਤਾ ਗਿਆ।ਬੀਤੇ ਦਿਨੀਂ ਸਰਪੰਚ ਜਗਜੀਵਨ ਸਿੰਘ ਨੇ ਪੰਚਾਂ ਸਮੇਤ ਵਾਟਰ ਵਰਕਸ ਦੀ ਟੈਂਕੀ ਉੱਤੇ ਚੜ੍ਹ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਸੀ ਕਿ ਜਦੋਂ ਤੱਕ ਪਿੰਡ ਦੇ ਪੰਚਾਇਤੀ ਕੰਮਾਂ ਲਈ ਲਗਾਏ ਗਏ ਪ੍ਰਬੰਧਕ ਨੂੰ ਹਟਾ ਕੇ ਵਿਕਾਸ ਕਾਰਜ ਪੰਚਾਇਤ ਰਾਹੀਂ ਸ਼ੁਰੂ ਨਹੀਂ ਕਰਵਾਏ ਜਾਂਦੇ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਭਾਈ ਲਾਲੋ ਪੰਜਾਬੀ ਮੰਚ ਦੇ ਆਗੂ ਹਰਜੀਤ ਸਿੰਘ ਖਿਆਲੀ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ, ਮੀਤ ਪ੍ਰਧਾਨ ਕੌਰ ਸਿੰਘ ਕਲਾਲਮਾਜਰਾ ਅਤੇ ਸਮਾਜ ਸੇਵੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਇੱਕ ਪਾਸੇ ਸਰਕਾਰਾਂ ਪੰਚਾਇਤਾਂ ਨੂੰ ਵੱਧ ਅਧਿਕਾਰ ਦੇਣ ਦੇ ਦਾਅਵੇ ਕਰਦੀਆਂ ਹਨ, ਜਦਕਿ ਦੂਜੇ ਪਾਸੇ ਚੁਣੇ ਹੋਏ ਸਰਪੰਚਾਂ ਦੇ ਕੰਮਾਂ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਪੰਚਾਂ ਨਾਲ ਹੋ ਰਹੀ ਧੱਕੇਸ਼ਾਹੀ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਚਾਇਤਾਂ ਦੇ ਹੱਕਾਂ ਦੀ ਲੜਾਈ ਜਾਰੀ ਰਹੇਗੀ।ਪ੍ਰਸ਼ਾਸਨ ਨਾਲ ਗੱਲਬਾਤ ਤੋਂ ਬਾਅਦ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ, ਤਹਿਸੀਲਦਾਰ ਸੁਖਬੀਰ ਸਿੰਘ ਅਤੇ ਥਾਣਾ ਮਹਿਲ ਕਲਾਂ ਦੇ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਭਰੇ ਇਕੱਠ ਵਿੱਚ ਪਹੁੰਚੇ ਅਤੇ ਭਰੋਸਾ ਦਿੱਤਾ ਕਿ ਸਰਪੰਚ ਜਗਜੀਵਨ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਵੇਗੀ ਅਤੇ ਨਾ ਹੀ ਪਿੰਡ ਵਿਚ ਕੋਈ ਪ੍ਰਬੰਧਕ ਲਗਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਗ੍ਰਾਮ ਪੰਚਾਇਤ ਕੋਰਮ ਪੂਰਾ ਕਰਕੇ ਪਿੰਡ ਦੇ ਵਿਕਾਸ ਕੰਮ ਅੱਗੇ ਵਧਾਏ।ਸਹਿਮਤੀ ਤੋਂ ਬਾਅਦ ਅਧਿਕਾਰੀਆਂ ਵੱਲੋਂ ਟੈਂਕੀ ਉੱਤੇ ਚੜ੍ਹ ਕੇ ਸਰਪੰਚ ਜਗਜੀਵਨ ਸਿੰਘ ਨੂੰ ਜੂਸ ਪਿਲਾਇਆ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਥੱਲੇ ਉਤਾਰਿਆ ਗਿਆ। ਟੈਂਕੀ ਤੋਂ ਥੱਲੇ ਉਤਰਦੇ ਹੀ ਪਿੰਡ ਵਾਸੀਆਂ ਨੇ ਹਾਰ ਪਾ ਕੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ। ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਇਸਨੂੰ ਸੰਘਰਸ਼ ਦੀ ਜਿੱਤ ਦੱਸਦਿਆਂ ਕਿਹਾ ਕਿ ਸਰਕਾਰ ਦੀਆਂ ਧੱਕੇਸ਼ਾਹੀਆਂ ਨੂੰ ਅੱਗੇ ਵੀ ਡੱਟ ਕੇ ਟੱਕਰ ਦਿੱਤੀ ਜਾਵੇਗੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਕੁੱਲਵੰਤ ਸਿੰਘ ਟਿੱਬਾ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂ ਡਾ. ਸੁਖਦੀਪ ਸਿੰਘ ਗਿੱਲ ਸਮੇਤ ਪੰਚ ਗੁਰਚਰਨ ਸਿੰਘ, ਫਿਰੋਜ਼ ਖਾਨ, ਭੂਰਾ ਸਿੰਘ, ਜਗਤਾਰ ਸਿੰਘ, ਅਵਤਾਰ ਸਿੰਘ, ਬਲਦੇਵ ਸਿੰਘ, ਗੁਰਮੁਖ ਸਿੰਘ, ਮਨਜਿੰਦਰ ਸਿੰਘ ਸੇਖੋ, ਏਕਮ ਸਿੰਘ ਧਾਲੀਵਾਲ, ਜਸਨਪ੍ਰੀਤ ਸਿੰਘ ਗਿੱਲ, ਚੰਦ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ। ਅੰਤ ਵਿੱਚ ਪਿੰਡ ਵਾਸੀਆਂ ਅਤੇ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦਾ ਧੰਨਵਾਦ ਵੀ ਕੀਤਾ ਗਿਆ।
ਪੰਜਾਬ 'ਚ ਅਫ਼ਸਰਾਂ ਦੇ ਹੋ ਗਏ ਤਬਾਦਲੇ! ਪੜ੍ਹੋ ਪੂਰੀ LIST
NEXT STORY