ਮਹਿਲ ਕਲਾਂ (ਹਮੀਦੀ)– ਭਾਰਤ ਮਾਲਾ ਪ੍ਰਾਜੈਕਟ ਹੇਠ ਬਣ ਰਹੇ ਜੈਪੁਰ–ਕੱਟੜਾ ਐਕਸਪ੍ਰੈੱਸਵੇਅ ਖ਼ਿਲਾਫ਼ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਦਾ ਸੰਘਰਸ਼ 12ਵੇਂ ਦਿਨ ਵੀ ਲਗਾਤਾਰ ਜਾਰੀ ਹੈ। ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਗਹਿਲ, ਗਾਗੇਵਾਲ, ਸੱਦੋਵਾਲ, ਮੂੰਮ ਸਮੇਤ ਕਰੀਬ ਇਕ ਦਰਜਨ ਪਿੰਡਾਂ ਦੇ ਕਿਸਾਨ ਧਰਨਿਆਂ ‘ਚ ਡਟੇ ਰਹੇ, ਜਿਸ ਕਾਰਨ ਐਕਸਪ੍ਰੈੱਸਵੇਅ ਦੇ ਨਿਰਮਾਣ ਕੰਮ ਪੂਰੀ ਤਰ੍ਹਾਂ ਠੱਪ ਹੈ। ਇਸ ਮੌਕੇ ਸੰਘਰਸ਼ ਰੋਡ ਕਮੇਟੀ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਇਸ ਅੰਦੋਲਨ ਦੌਰਾਨ ਧਰਨਾ ਸਥਲ ‘ਤੇ ਨਾਅਰੇਬਾਜ਼ੀ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਜਾਰੀ ਰਿਹਾ।
ਕਿਸਾਨ ਆਗੂਆਂ ਜਗਸੀਰ ਸਿੰਘ ਗਾਗੇਵਾਲ, ਚਰਨ ਸਿੰਘ ਮੂੰਮ, ਗੁਰਪ੍ਰੀਤ ਸਿੰਘ, ਪਰਮਜੀਤ ਸਿੰਘ, ਵਰਿੰਦਰ ਸਿੰਘ ਅਤੇ ਹੋਰਨਾਂ ਨੇ ਕਿਹਾ ਕਿ ਬਰਨਾਲਾ ਜ਼ਿਲ੍ਹੇ ਦੇ ਕਿਸਾਨਾਂ ਨਾਲ ਮੁਆਵਜ਼ੇ ਵਿਚ ਵੱਡੀ ਨਾਇਨਸਾਫ਼ੀ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਵਿਚ ਜ਼ਮੀਨ ਦਾ ਮੁਆਵਜ਼ਾ 82 ਲੱਖ ਰੁਪਏ ਪ੍ਰਤੀ ਏਕੜ ਦੇ ਅਨੁਪਾਤ ਨਾਲ ਦਿੱਤਾ ਗਿਆ ਹੈ, ਜਦਕਿ ਬਰਨਾਲਾ ਦੇ ਕਿਸਾਨਾਂ ਲਈ ਕੇਵਲ 58 ਲੱਖ ਰੁਪਏ ਪ੍ਰਤੀ ਏਕੜ ਨਿਰਧਾਰਤ ਕਰਨਾ ਸਵੀਕਾਰਯੋਗ ਨਹੀਂ। ਐਕਸਪ੍ਰੈੱਸਵੇਅ ਦੇ ਨਿਰਮਾਣ ਨਾਲ ਖੇਤਾਂ ਦੇ ਟੁਕੜੇ ਹੋਣ, ਸਿੰਚਾਈ ਪ੍ਰਭਾਵਿਤ ਹੋਣ ਅਤੇ ਖੇਤੀ ਦੀ ਲਾਗਤ ਵਧਣ ਦਾ ਸੰਕਟ ਬਣਿਆ ਹੈ। ਕਿਸਾਨਾਂ ਨੇ ਸਪਸ਼ਟ ਕੀਤਾ ਕਿ ਉਹ ਸਿਰਫ਼ ਮੌਖਿਕ ਭਰੋਸਿਆਂ ‘ਤੇ ਸੰਤੁਸ਼ਟ ਨਹੀਂ ਹੋਣਗੇ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਮੁਆਵਜ਼ੇ ਦਾ ਲਿਖਤੀ ਫੈਸਲਾ ਨਹੀਂ ਲੈਂਦੀ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ ਅਤੇ ਐਕਸਪ੍ਰੈੱਸਵੇਅ ਦਾ ਨਿਰਮਾਣ ਮੁੜ ਸ਼ੁਰੂ ਨਹੀਂ ਹੋਵੇਗਾ।
ਧਰਨੇ ‘ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ ਅਤੇ ਹੱਲ ਕੱਢਣ ਦਾ ਭਰੋਸਾ ਦਿੱਤਾ। ਕਿਸਾਨ ਅਡਿੱਗ ਹਨ ਅਤੇ ਲਿਖਤੀ ਫੈਸਲੇ ਤੋਂ ਬਿਨਾਂ ਧਰਨਾ ਖ਼ਤਮ ਕਰਨ ਨੂੰ ਤਿਆਰ ਨਹੀਂ। ਇਸ ਸੰਘਰਸ਼ ਨੇ ਪਿੰਡਾਂ ਅਤੇ ਜ਼ਿਲ੍ਹੇ ਦੇ ਕਿਸਾਨਾਂ ਵਿਚ ਆਪਣੀਆਂ ਜਾਇਜ਼ ਮੰਗਾਂ ਲਈ ਏਕਤਾ ਅਤੇ ਹੌਸਲੇ ਨੂੰ ਦਰਸਾਇਆ ਹੈ।
ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ‘ਚ ਨਿਊਜ਼ੀਲੈਂਡ ਵਾਲੇ ਦਲਜੀਤ ਸਿੰਘ ਦਾ ਸਨਮਾਨ
NEXT STORY