ਭਵਾਨੀਗੜ੍ਹ (ਵਿਕਾਸ, ਕਾਂਸਲ) : ਬੀਤੀ ਰਾਤ ਅਣਪਛਾਤੇ ਬਦਮਾਸ਼ ਪਿੰਡ ਨੂਰਪੁਰਾ ਨੇੜੇ ਮੋਟਰਸਾਈਕਲ ਰੋਕ ਕੇ ਵਾਸ਼ਰੂਮ ਕਰਨ ਲਈ ਰੁਕੇ ਪਿਓ-ਪੁੱਤ ਕੋਲੋਂ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਘਟਨਾ ਐਤਵਾਰ ਰਾਤ ਕਰੀਬ 11 ਵਜੇ ਦੀ ਹੈ। ਘਟਨਾ ਸਮੇਂ ਮੋਟਰਸਾਈਕਲ ਦੇ ਬੈਗ ’ਚ 25 ਹਜ਼ਾਰ ਰੁਪਏ ਅਤੇ ਜ਼ਰੂਰੀ ਦਸਤਾਵੇਜ਼ ਮੌਜੂਦ ਸਨ। ਸੂਚਨਾ ਮਿਲਣ ’ਤੇ ਪੁਲਸ ਨੇ ਪਰਚਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਸਬੰਧੀ ਚੰਦ ਸਿੰਘ ਵਾਸੀ ਪਿੰਡ ਬਰਸਟ (ਪਟਿਆਲਾ) ਨੇ ਸਥਾਨਕ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਬੀਤੇ ਐਤਵਾਰ ਉਹ ਆਪਣੇ ਵੱਡੇ ਲੜਕੇ ਨਾਲ ਮੋਟਰਸਾਈਕਲ ’ਤੇ ਨੂਰਪੁਰ ਦੀ ਪਲਾਈਵੁੱਡ ਫੈਕਟਰੀ ਦੀ ਕੰਟੀਨ ਬੰਦ ਕਰ ਕੇ ਨਿਕਲਿਆ ਸੀ। ਰਸਤੇ ’ਚ ਪਿੰਡ ਦੇ ਬਿਆਸ ਸਤਿਸੰਗ ਘਰ ਨੇੜੇ ਉਹ ਮੋਟਰਸਾਈਕਲ ’ਚ ਚਾਬੀ ਛੱਡ ਕੇ ਪਿਸ਼ਾਬ ਕਰਨ ਲਈ ਰੁੱਕ ਗਏ ਸਨ।
ਚੰਦ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਦੇ ਬੈਗ ’ਚ ਕੰਟੀਨ ਦੇ 25 ਹਜ਼ਾਰ ਰੁਪਏ, ਟਿਫਨ ਤੇ ਹੋਰ ਦਸਤਾਵੇਜ਼ ਮੌਜੂਦ ਸਨ ਤਾਂ ਇਸ ਦੌਰਾਨ ਮੌਕੇ ’ਤੇ ਆਏ ਕਾਰ ਤੇ ਮੋਟਰਸਾਈਕਲ ਸਵਾਰ 4-5 ਅਣਪਛਾਤੇ ਬਦਮਾਸ਼ਾਂ ਨੇ ਡੰਡੇ ਦੇ ਜ਼ੋਰ ’ਤੇ ਜ਼ਬਰਦਸਤੀ ਉਸ ਕੋਲੋਂ ਮੋਟਰਸਾਈਕਲ ਖੋਹ ਲਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ। ਚੰਦ ਸਿੰਘ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਦੋਵੇਂ ਪਿਓ-ਪੁੱਤ ਕਾਫੀ ਡਰ ਗਏ ਤੇ ਸਵੇਰ ਹੋਣ ’ਤੇ ਉਨ੍ਹਾਂ ਵੱਲੋਂ ਘਟਨਾ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਮਗਰੋਂ ਪੁਲਸ ਨੇ ਚੰਦ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਭਵਾਨੀਗੜ੍ਹ ਵਿਖੇ ਮਾਮਲਾ ਦਰਜ ਕਰ ਕੇ ਅਣਪਛਾਤੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ।
ਕੰਮ ਤੋਂ ਪਰਤ ਰਹੇ ਵਿਅਕਤੀ ਦਾ ਮੋਟਰਸਾਈਕਲ ਲੈ ਗਏ ਲੁਟੇਰੇ
NEXT STORY