ਭਵਾਨੀਗੜ੍ਹ (ਵਿਕਾਸ) : ਪਿੰਡ ਕਪਿਆਲ ਵਿਖੇ ਸਕੂਲ 'ਚ ਅਧਿਆਪਕਾਂ, ਡਿਸਪੈਂਸਰੀ ਤੇ ਪਸ਼ੂ ਹਸਪਤਾਲ 'ਚ ਸਟਾਫ਼ ਦੀ ਵੱਡੀ ਘਾਟ ਤੋਂ ਭੜਕੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ ਤੇ ਪਿੰਡ ਦੇ ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਇੱਥੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ 'ਚ 250 ਦੇ ਕਰੀਬ ਵਿਦਿਆਰਥੀ ਪੜ੍ਹਦੇ ਹਨ ਜੋ ਨੇੜਲੇ ਪਿੰਡਾਂ 'ਚੋਂ ਆਉਂਦੇ ਹਨ ਪਰ ਹਾਲਾਤ ਇਹ ਹਨ ਕਿ ਇਨ੍ਹਾਂ ਬੱਚਿਆਂ ਨੂੰ ਪੜ੍ਹਾਉਣ ਲਈ ਸਕੂਲ 'ਚ ਸਿਰਫ਼ ਇੱਕ ਹੀ ਅਧਿਆਪਕ ਤਾਇਨਾਤ ਹੈ।
ਇਹ ਵੀ ਪੜ੍ਹੋ : ਡੀ.ਟੀ.ਐੱਫ. ਨੇ ਸੇਵਾ ਨਿਯਮਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
ਇਸ ਤੋਂ ਇਲਾਵਾ ਸਕੂਲ ਵਿੱਚ ਪ੍ਰਿੰਸੀਪਲ ਦੀ ਸਮੇਤ ਹਿਸਟਰੀ, ਪੰਜਾਬੀ ਲੈਕਚਰਾਰ, ਆਰਟ ਐਂਡ ਕਰਾਫਟ, ਡੀ.ਪੀ.ਈ ਆਦਿ ਦੀਆਂ ਸਾਰੀਆਂ ਪੋਸਟਾਂ ਵੀ ਖਾਲੀ ਪਈਆਂ ਹਨ। ਜਿਸ ਕਾਰਨ ਬੱਚਿਆਂ ਦੀ ਪੜ੍ਹਾਈ ਵੱਡੇ ਪੱਧਰ 'ਤੇ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਨੇ ਦੱਸਿਆ ਕਿ ਸਕੂਲ ਵਿੱਚ ਅਧਿਆਪਕਾਂ ਦੀ ਘਾਟ ਦੇ ਨਾਲ-ਨਾਲ ਪਿੰਡ 'ਚ ਸਥਿਤ ਡਿਸਪੈਂਸਰੀ ਤੇ ਪਸ਼ੂ ਹਸਪਤਾਲ 'ਚ ਡਾਕਟਰਾਂ ਦੀ ਘਾਟ ਕਾਰਨ ਪਸ਼ੂ ਹਸਪਤਾਲ ਖੰਡਰ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡਿਸਪੈਂਸਰੀ ਤੇ ਪਸ਼ੂ ਹਸਪਤਾਲ ਵਿੱਚ ਨੇੜਲੇ ਦਰਜਨਾਂ ਪਿੰਡਾਂ ਦੇ ਲੋਕ ਦਵਾਈ ਲੈਣ ਆਉਂਦੇ ਹਨ ਪਰ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਝੱਲਣੀ ਪੈ ਰਹੀ ਹੈ ਤੇ ਲੋਕ ਪ੍ਰਾਈਵੇਟ ਹਸਪਤਾਲਾਂ 'ਚ ਜਾ ਕੇ ਆਪਣੀ ਲੁੱਟ ਕਰਵਾਉਣ ਲਈ ਮਜਬੂਰ ਹੋ ਰਹੇ ਹਨ।
ਇਸ ਮੌਕੇ ਲੋਕਾਂ ਨੇ 'ਆਪ' ਸਰਕਾਰ ਪ੍ਰਤੀ ਰੋਸ ਜਤਾਉੰਦਿਆਂ ਕਿਹਾ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਆਉਂਦੀ 15 ਅਗਸਤ ਤੋਂ ਪਿੰਡਾਂ ਤੇ ਸ਼ਹਿਰਾਂ 'ਚ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਤੇ ਦੂਜੇ ਪਾਸੇ ਪਿੰਡਾਂ 'ਚ ਪਹਿਲਾਂ ਤੋਂ ਹੀ ਚੱਲ ਰਹੀਆਂ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਘਾਟ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਪਸ਼ੂਆਂ 'ਚ ਫੈਲੇ ਚਰਮ ਰੋਗ ਨਾਲ ਨਜਿੱਠਣ ਲਈ ਇੱਕ ਪਾਸੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਗਠਿਤ ਕਰਕੇ ਪਿੰਡਾਂ ਸ਼ਹਿਰਾਂ 'ਚ ਭੇਜਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਉਨ੍ਹਾਂ ਦੇ ਪਿੰਡ ਦਾ ਪਸ਼ੂ ਹਸਪਤਾਲ ਬੰਦ ਪਿਆ ਹੈ। ਜਿਸ ਕਾਰਨ ਪਸ਼ੂ ਪਾਲਕਾਂ ਨੂੰ ਆਪਣੇ ਪਸ਼ੂਆਂ ਨੂੰ ਦਵਾਈ ਦਵਾਉਣ ਵਾਸਤੇ 6-7 ਕਿਲੋਮੀਟਰ ਦੂਰ ਜਾਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਵੱਲੋਂ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ
ਉਨ੍ਹਾਂ ਕਿਹਾ ਕਿ ਸਮੱਸਿਆਵਾਂ ਦੇ ਹੱਲ ਸਬੰਧੀ ਕਈ ਵਾਰ ਹਲਕਾ ਵਿਧਾਇਕ ਨੂੰ ਮਿਲ ਕੇ ਲੋਕ ਬੇਨਤੀ ਕਰ ਚੁੱਕੇ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੋਈ। ਪਿੰਡ ਵਾਸੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪਿੰਡ ਦੀਆਂ ਸਮੱਸਿਆਵਾਂ ਵੱਲ ਜਲਦ ਧਿਆਨ ਨਹੀਂ ਦਿੱਤਾ ਤਾਂ ਆਉਂਦੇ ਦਿਨਾਂ 'ਚ ਲੋਕ ਸਕੂਲ ਦੇ ਗੇਟ ਨੂੰ ਪੱਕੇ ਤੌਰ 'ਤੇ ਜ਼ਿੰਦਾ ਲਾ ਕੇ ਸਰਕਾਰ ਖਿਲਾਫ਼ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਸਰਬਜੀਤ ਸਿੰਘ, ਤੇਜਾ ਸਿੰਘ,ਅਜਮੇਰ ਸਿੰਘ, ਸਤਨਾਮ ਸਿੰਘ, ਸੰਦੀਪ ਸਿੰਘ, ਅਜੈ ਕੁਮਾਰ, ਪ੍ਰਦੀਪ ਸਿੰਘ, ਗੱਜਣ ਸਿੰਘ, ਰਣ ਸਿੰਘ, ਲੱਖਾ ਸਿੰਘ, ਸ਼ਿੰਦਰ ਕੌਰ, ਪਰਮਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਕਰਕੇ ਸਾਂਝੇ ਕਰੋ।
ਡੀ.ਟੀ.ਐੱਫ. ਨੇ ਸੇਵਾ ਨਿਯਮਾਂ ਦੀਆਂ ਕਾਪੀਆਂ ਸਾੜ ਕੇ ਪੰਜਾਬ ਸਰਕਾਰ ਵਿਰੁੱਧ ਕੀਤਾ ਰੋਸ ਪ੍ਰਦਰਸ਼ਨ
NEXT STORY