ਰਾਹੁਲ ਗਾਂਧੀ ਵਲੋਂ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਪ੍ਰਧਾਨਗੀ ਅਹੁਦੇ ਦੀ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨ ਨਾਲ ਪਹਿਲਾਂ ਤੋਂ ਹੀ ਤੈਅ ਗੱਲ ਨੂੰ ਰਸਮੀ ਰੂਪ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਨਾਮਜ਼ਦਗੀ ਪੱਤਰਾਂ ਦਾ ਸਿਰਫ ਇਕ ਹੀ ਸੈੱਟ ਦਾਇਰ ਹੋਣ ਕਾਰਨ 11 ਦਸੰਬਰ 2017 ਨੂੰ ਰਾਹੁਲ ਗਾਂਧੀ ਦਾ ਕਾਂਗਰਸ ਪ੍ਰਧਾਨ ਵਜੋਂ ਐਲਾਨ ਸਿਰਫ ਇਕ ਤਕਨੀਕੀ ਰਸਮ ਬਣ ਕੇ ਰਹਿ ਗਿਆ ਹੈ। ਉਂਝ ਤਾਂ ਪਾਰਟੀ ਦੇ ਉਪ ਪ੍ਰਧਾਨ ਬਣਨ ਵਾਲੇ ਦਿਨ ਤੋਂ ਹੀ ਉਹ ਪਾਰਟੀ ਦੇ ਅਸਲੀ ਨੇਤਾ ਵਜੋਂ ਕੰਮ ਕਰ ਰਹੇ ਸਨ ਪਰ ਹੁਣ ਇਹ ਤੱਥ ਕਾਨੂੰਨੀ ਰੂਪ ਧਾਰਨ ਕਰਨ ਜਾ ਰਿਹਾ ਹੈ। ਨਹਿਰੂ-ਗਾਂਧੀ ਪਰਿਵਾਰ ਦੇ 6ਵੇਂ ਮੈਂਬਰ ਨੂੰ ਕਮਾਨ ਸੰਭਾਲੇ ਜਾਣ ਨਾਲ ਪਾਰਟੀ ਸੰਗਠਨ ਅੰਦਰ ਇਸ ਦਾ ਸਰੂਪ ਬਦਲਣ ਵਾਲੀਆਂ ਤਬਦੀਲੀਆਂ ਹੋਣ ਦੀ ਉਮੀਦ ਹੈ ਅਤੇ ਇਨ੍ਹਾਂ ਤਬਦੀਲੀਆਂ ਨਾਲ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 2014 ਤੋਂ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਦਾ ਜੋ ਪਤਨ ਸ਼ੁਰੂ ਹੋਇਆ ਹੈ, ਉਹ ਸ਼ਾਇਦ ਰੁਕ ਸਕੇਗਾ।
ਪਾਰਟੀ ਪ੍ਰਧਾਨ ਵਜੋਂ ਰਾਹੁਲ ਦੀ ਤਰੱਕੀ ਨਾਲ ਇਹ ਉਮੀਦ ਹੈ ਕਿ ਪਾਰਟੀ ਸੰਗਠਨ ਹੁਣ ਆਧੁਨਿਕ, ਪ੍ਰਗਤੀਸ਼ੀਲ ਅਤੇ ਲੋਕਤੰਤਰਿਕ ਭਾਰਤ ਦੀਆਂ ਇੱਛਾਵਾਂ ਨਾਲ ਤਾਲਮੇਲ ਬਿਠਾ ਸਕੇਗਾ। ਕੌਮੀ ਪੱਧਰ 'ਤੇ ਮੋਦੀ ਦੀ ਅਗਵਾਈ ਵਾਲੀ ਭਾਜਪਾ ਪ੍ਰਤੀ ਮੋਹ-ਭੰਗ ਵਧਣ ਕਾਰਨ ਇਕ ਸਪੱਸ਼ਟ ਸਿਆਸੀ ਬਦਲ ਦੀ ਲੋੜ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤੀ ਜਾ ਰਹੀ ਹੈ।
ਇਸ ਸੰਦਰਭ ਵਿਚ ਰਾਹੁਲ ਗਾਂਧੀ ਸਾਹਮਣੇ ਕਾਂਗਰਸ ਦਾ ਅਤੀਤ ਵਾਲਾ ਮਾਣ ਬਹਾਲ ਕਰਨ ਦੇ ਨਾਲ-ਨਾਲ ਭਾਰਤ ਦੀ ਗਣਤੰਤਰਿਕ ਆਤਮਾ 'ਤੇ ਹੋ ਰਹੇ ਸਿੱਧੇ ਹਮਲੇ ਨੂੰ ਨਾਕਾਮ ਬਣਾਉਣ ਦੀ ਭਾਰੀ ਚੁਣੌਤੀ ਹੋਵੇਗੀ। ਇਹ ਕੰਮ ਕਰਨ ਲਈ ਰਾਹੁਲ ਨੂੰ ਦਿਲ ਤੇ ਦਿਮਾਗ ਦੋਹਾਂ ਨਾਲ ਪਾਰਟੀ ਦੀ ਅਗਵਾਈ ਕਰਨੀ ਪਵੇਗੀ ਤਾਂ ਕਿ ਉਹ ਭਾਰਤ ਦੇ ਲੋਕਾਂ ਵਿਚ ਉਤਸ਼ਾਹ ਜਗਾ ਸਕਣ ਤੇ ਉਨ੍ਹਾਂ ਦਾ ਭਰੋਸਾ ਹਾਸਿਲ ਕਰ ਸਕਣ।
ਨਾਮਜ਼ਦ ਪ੍ਰਧਾਨ ਨੂੰ ਇਹ ਮੁਸ਼ਕਿਲ ਬਦਲ ਚੁਣਨੇ ਪੈਣਗੇ ਕਿ ਠੀਕ ਕੀ ਹੈ ਅਤੇ ਕਿਸ ਗੱਲ ਨਾਲ ਸਿਆਸੀ ਮਜਬੂਰੀਆਂ ਉੱਤੇ ਪਾਰ ਪਾਇਆ ਜਾ ਸਕਦਾ ਹੈ। ਜਿਸ ਗਾਂਧੀਵਾਦੀ ਰਵਾਇਤ ਦਾ ਝੰਡਾ ਬੁਲੰਦ ਰੱਖਣ ਦੀ ਸਹੁੰ ਖਾਧੀ ਗਈ ਹੈ, ਉਸ ਰਵਾਇਤ ਦੀ ਭਾਵਨਾ ਮੁਤਾਬਿਕ ਜ਼ਰੂਰੀ ਫੈਸਲੇ ਲੈਂਦਿਆਂ ਉਨ੍ਹਾਂ ਨੂੰ ਹਰ ਹਾਲ ਵਿਚ ਇਹ ਯਾਦ ਰੱਖਣਾ ਪਵੇਗਾ ਕਿ ਜੋ ਗੱਲ ਨੈਤਿਕ ਨਜ਼ਰੀਏ ਤੋਂ ਸਹੀ ਹੈ, ਜ਼ਰੂਰੀ ਨਹੀਂ ਉਹ ਸਿਆਸੀ ਨਜ਼ਰੀਏ ਤੋਂ ਵੀ ਸਹੀ ਹੋਵੇ।
ਥੋੜ੍ਹਚਿਰੇ ਸਿਆਸੀ ਲਾਭਾਂ ਦੇ ਲਾਲਚ ਵਿਚ ਫਸਣ ਦੀ ਬਜਾਏ ਉਨ੍ਹਾਂ ਨੂੰ ਜ਼ਰੂਰ ਹੀ ਦ੍ਰਿੜ੍ਹਤਾ ਨਾਲ ਸਿਧਾਂਤਾਂ 'ਤੇ ਪਹਿਰਾ ਦੇਣਾ ਪਵੇਗਾ। ਅਸਲ ਵਿਚ ਉਨ੍ਹਾਂ ਦੀ ਅਗਵਾਈ ਸਹੀ ਕੰਮ ਕਰਨ, ਦੇਸ਼ ਭਰ ਵਿਚ ਲੋਕਾਂ ਤੋਂ ਸਮਰਥਨ ਹਾਸਿਲ ਕਰਨ ਦਾ ਨੈਤਿਕ ਅਧਿਕਾਰ ਮਿਲਣ ਦੀ ਮਜਬੂਰੀ 'ਚੋਂ ਹੀ ਉੱਭਰਨੀ ਚਾਹੀਦੀ ਹੈ। ਉਨ੍ਹਾਂ ਨੂੰ ਮਹਾਤਮਾ ਗਾਂਧੀ ਦੀ ਇਸ ਨਸੀਹਤ ਤੋਂ ਜ਼ਰੂਰ ਹੀ ਲਾਭ ਉਠਾਉਣਾ ਪਵੇਗਾ ਕਿ ''ਇਕ ਨੇਤਾ ਨੂੰ ਆਪਣੇ ਆਚਰਣ ਦੀ ਸ਼ੁੱਧਤਾ, ਮਿਸ਼ਨ ਦੇ ਨਿਰਸੁਆਰਥਪੁਣੇ ਅਤੇ ਦੂਰਅੰਦੇਸ਼ੀ ਦੇ ਆਧਾਰ 'ਤੇ ਹੀ ਪਰਖਿਆ ਜਾਂਦਾ ਹੈ।''
ਅਸਲੀ ਸਿਆਸਤ ਦੇ ਰਾਹ 'ਤੇ ਚੱਲਣ ਵਾਲਿਆਂ ਵਲੋਂ ਬੇਸ਼ੱਕ ਸਿਆਸੀ ਵਿਵਹਾਰਵਾਦ ਦੀ ਵਕਾਲਤ ਵਾਰ-ਵਾਰ ਕੀਤੀ ਜਾ ਰਹੀ ਹੈ, ਤਾਂ ਵੀ ਰਾਹੁਲ ਗਾਂਧੀ ਨੂੰ ਸੱਤਾ ਆਦਰਸ਼ਵਾਦ ਦੇ ਸਿਧਾਂਤਾਂ 'ਤੇ ਡਟੇ ਰਹਿਣ ਨਾਲ ਹੀ ਹਾਸਿਲ ਹੋਵੇਗੀ। ਉਹ ਆਪਣੇ ਪੜਨਾਨੇ ਤੇ ਪਿਤਾ ਵਲੋਂ ਸਥਾਪਿਤ ਮਿਸਾਲਾਂ ਨਾਲ ਸੱਤਾ ਹਾਸਿਲ ਕਰ ਸਕਦੇ ਹਨ, ਜਿਨ੍ਹਾਂ ਨੇ ਸਿਆਸੀ ਨੈਤਿਕਤਾ ਅਤੇ ਨਿਆਂਪਸੰਦੀ ਦੇ ਉੱਚ ਪੈਮਾਨਿਆਂ ਦੇ ਸਹਾਰੇ ਹੀ ਆਪਣੀ ਸਿਆਸਤ ਚਲਾਈ।
ਜਿਵੇਂ-ਜਿਵੇਂ ਰਾਹੁਲ ਗਾਂਧੀ 132 ਸਾਲ ਪੁਰਾਣੀ ਕਾਂਗਰਸ ਪਾਰਟੀ ਦੀਆਂ ਉਲਝਣਾਂ ਸੁਲਝਾਉਣਗੇ, ਪਾਰਟੀ ਅੰਦਰ ਚੱਲ ਰਹੀ ਖਿੱਚੋਤਾਣ ਨੂੰ ਦੂਰ ਕਰਨਗੇ, ਤਿਵੇਂ-ਤਿਵੇਂ ਉਨ੍ਹਾਂ ਦਾ ਅਕਸ ਇਕ ਅਜਿਹੇ ਨਿਰਪੱਖ ਆਗੂ ਵਾਲਾ ਬਣ ਜਾਵੇਗਾ, ਜੋ ਪਾਰਟੀ ਦੇ ਸਾਰੇ ਲੋਕਾਂ ਦੀ ਆਵਾਜ਼ ਸੁਣਨਾ ਅਤੇ ਉਨ੍ਹਾਂ ਦੇ ਵੱਕਾਰ ਨੂੰ ਬਣਾਈ ਰੱਖਣਾ ਯਕੀਨੀ ਬਣਾਉਂਦਾ ਹੈ।
ਜਿਸ ਤਰ੍ਹਾਂ ਸੋਨੀਆ ਗਾਂਧੀ ਹਮੇਸ਼ਾ ਪਾਰਟੀ ਅੰਦਰ ਸਰਵਸੰਮਤੀ ਬਣਾਈ ਰੱਖਣ ਦੀ ਇੱਛਾ ਰੱਖਦੀ ਆਈ ਹੈ ਅਤੇ ਜਿਸ ਦੇ ਦਮ 'ਤੇ ਉਹ ਬੁਰੇ ਦਿਨਾਂ ਵਿਚ ਵੀ ਪਾਰਟੀ ਨੂੰ ਇਕਜੁੱਟ ਰੱਖਣ ਵਿਚ ਸਫਲ ਰਹੀ ਹੈ, ਰਾਹੁਲ ਗਾਂਧੀ ਨੂੰ ਵੀ ਹਰ ਹਾਲ ਵਿਚ ਉਸੇ ਰਵਾਇਤ ਨੂੰ ਅੱਗੇ ਵਧਾਉਣਾ ਪਵੇਗਾ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਲੋਕਾਂ ਦੀ ਪਰਖ ਕਰਦੇ ਸਮੇਂ ਉਨ੍ਹਾਂ ਨੂੰ ਜ਼ਰੂਰ ਹੀ ਈਮਾਨਦਾਰ ਲੋਕਾਂ ਦੀ ਪਛਾਣ ਕਰਨੀ ਪਵੇਗੀ। ਜੋ ਲੋਕ ਬਹੁਗਿਣਤੀ ਰਾਏ ਦੇ ਸਾਹਮਣੇ ਵੀ ਆਪਣੀ ਆਤਮਾ ਦੀ ਆਵਾਜ਼ 'ਤੇ ਪਹਿਰਾ ਦਿੰਦਿਆਂ ਵਿਚਾਰ ਪ੍ਰਗਟਾਉਂਦੇ ਹਨ, ਉਨ੍ਹਾਂ ਦੇ ਮਾਮਲੇ ਵਿਚ ਰਾਹੁਲ ਗਾਂਧੀ ਨੂੰ ਵਿਚਾਰ-ਵਟਾਂਦਰੇ, ਵਾਦ-ਵਿਵਾਦ ਅਤੇ ਗੱਲਬਾਤ ਨੂੰ ਉਤਸ਼ਾਹਿਤ ਕਰਨਾ ਪਵੇਗਾ ਅਤੇ ਨਾਲ ਹੀ ਅਜਿਹਾ ਮਾਹੌਲ ਯਕੀਨੀ ਬਣਾਉਣਾ ਪਵੇਗਾ ਕਿ ਪਾਰਟੀ ਵਰਕਰ ਅਤੇ ਨੇਤਾ ਕਿਸੇ ਸਿਆਸੀ ਬਦਲਾਖੋਰੀ ਦੇ ਡਰ ਤੋਂ ਮੁਕਤ ਹੋ ਕੇ ਆਪਣੇ ਵਿਚਾਰ ਰੱਖ ਸਕਣ।
ਇਹ ਤਾਂ ਹੀ ਹੋ ਸਕੇਗਾ, ਜੇ ਉਨ੍ਹਾਂ ਲਈ ਪਾਰਟੀ ਪ੍ਰਧਾਨ ਤਕ ਪਹੁੰਚਣਾ ਸੁਖਾਲਾ ਹੋਵੇਗਾ। ਅਜਿਹੀ ਸਥਿਤੀ ਪੈਦਾ ਹੋਣ ਨਾਲ ਪਾਰਟੀ ਪ੍ਰਧਾਨ ਵੀ ਕੋਈ ਫੈਸਲਾ ਲੈਣ ਤੋਂ ਪਹਿਲਾਂ ਵੱਖ-ਵੱਖ ਵਿਚਾਰਾਂ ਤੋਂ ਜਾਣੂ ਹੋ ਸਕਣਗੇ। ਲੋੜ ਇਸ ਗੱਲ ਦੀ ਹੈ ਕਿ ਵਰਕਰ ਅਤੇ ਨੇਤਾ ਰਾਹੁਲ ਨੂੰ ਉਸੇ ਤਰ੍ਹਾਂ ਪਿਆਰ ਨਾਲ ਦੇਖਣ, ਜਿਸ ਤਰ੍ਹਾਂ ਉਹ ਉਨ੍ਹਾਂ ਦੇ ਪਿਤਾ ਰਾਜੀਵ ਗਾਂਧੀ (ਸਵ.) ਨੂੰ ਦੇਖਦੇ ਸਨ। ਸਨੇਹਸ਼ੀਲਤਾ, ਨਿਮਰਤਾ ਅਤੇ ਰਹਿਮ ਦੀ ਭਾਵਨਾ ਹਰ ਹਾਲਤ ਵਿਚ ਉਨ੍ਹਾਂ ਦੀ ਲੀਡਰਸ਼ਿਪ ਦੀਆਂ ਖੂਬੀਆਂ ਵਿਚ ਸ਼ਾਮਿਲ ਹੋਣੀ ਚਾਹੀਦੀ ਹੈ।
ਇਕ ਨੌਜਵਾਨ ਪਾਰਟੀ ਪ੍ਰਧਾਨ ਦਾ ਅਹੁਦਾ ਸੰਭਾਲੇਗਾ ਤਾਂ ਇਹ ਉਮੀਦ ਕਰਨੀ ਬਣਦੀ ਹੈ ਕਿ ਪਾਰਟੀ ਦਾ ਕਾਇਆ-ਕਲਪ ਅਜਿਹੇ ਸਮੇਂ 'ਚ ਕਰਨਾ ਪਵੇਗਾ, ਜਦੋਂ ਲੋਕਤੰਤਰਿਕ ਕਦਰਾਂ-ਕੀਮਤਾਂ 'ਤੇ ਖਤਰਾ ਮੰਡਰਾ ਰਿਹਾ ਹੈ। ਜਾਤ, ਫਿਰਕੇ ਅਤੇ ਇਲਾਕਾਵਾਦ 'ਤੇ ਆਧਾਰਿਤ ਗਿਣਤੀਆਂ-ਮਿਣਤੀਆਂ ਦੇ ਨਾਲ-ਨਾਲ ਸਮਾਜਿਕ ਤੇ ਆਰਥਿਕ ਸੰਕਟਾਂ ਨੇ ਸਿਆਸੀ ਸੰਕਟ ਨੂੰ ਤਾਰ-ਤਾਰ ਕਰ ਦਿੱਤਾ ਹੈ।
ਅਜਿਹੀ ਸਥਿਤੀ ਵਿਚ ਰਾਹੁਲ ਦੀ ਅਗਵਾਈ ਵਾਲੀ ਕਾਂਗਰਸ ਸਾਹਮਣੇ ਇਹ ਚੁਣੌਤੀ ਹੋਵੇਗੀ ਕਿ ਉਹ ਨਾ ਸਿਰਫ ਇਨ੍ਹਾਂ ਪਾੜਿਆਂ ਨੂੰ ਮਿਟਾ ਦੇਵੇ, ਸਗੋਂ ਸਿਆਸੀ ਸੰਵਾਦ ਦੇ ਨਿਯਮਾਂ ਨੂੰ ਵੀ ਮੁੜ ਤੋਂ ਪਰਿਭਾਸ਼ਿਤ ਕਰੇ। ਸ਼ੁਰੂਆਤੀ ਰੂਪ ਵਿਚ ਉਨ੍ਹਾਂ ਨੂੰ ਜ਼ਰੂਰ ਹੀ ਜਨਤਕ ਸੰਵਾਦ ਦਾ ਪੱਧਰ ਉੱਚਾ ਚੁੱਕਣਾ ਪਵੇਗਾ ਅਤੇ ਦੂਜਿਆਂ ਲਈ ਇਕ ਮਿਸਾਲ ਕਾਇਮ ਕਰਨੀ ਪਵੇਗੀ, ਜਿਵੇਂ ਕਿ ਉਹ ਗੁਜਰਾਤ ਵਿਚ ਆਪਣੀ ਜ਼ਬਰਦਸਤ ਚੋਣ ਮੁਹਿੰਮ ਚਲਾ ਕੇ ਕਰ ਰਹੇ ਹਨ।
ਸਪੱਸ਼ਟ ਹੈ ਕਿ ਸਾਨੂੰ ਸਿਆਸੀ ਸੰਵਾਦ ਦਾ ਅਜਿਹਾ ਮੁਹਾਵਰਾ ਅਪਣਾਉਣਾ ਪਵੇਗਾ, ਜੋ ਉਦਾਰਵਾਦ, ਸੈਕੁਲਰਿਜ਼ਮ ਅਤੇ ਸਮਾਜਿਕ ਨਿਆਂ 'ਤੇ ਕੇਂਦ੍ਰਿਤ ਹੋਵੇ ਅਤੇ ਸਾਨੂੰ ਵੈਰ-ਵਿਰੋਧ, ਤੋਹਮਤਬਾਜ਼ੀ 'ਤੇ ਕੇਂਦਰਿਤ ਵਿਚਾਰ-ਵਟਾਂਦਰੇ ਤੋਂ ਦੂਰ ਲੈ ਜਾਵੇ। ਰਾਹੁਲ ਗਾਂਧੀ ਨੂੰ ਅਜਿਹੀ ਲੀਡਰਸ਼ਿਪ ਦਾ ਪ੍ਰਤੀਕ ਬਣਨਾ ਪਵੇਗਾ, ਜੋ ਰਾਸ਼ਟਰ ਦੇ ਨਵੀਨੀਕਰਨ ਪ੍ਰਤੀ ਡਟਵੀਂ ਵਚਨਬੱਧਤਾ ਅਤੇ ਸਵਾਰਥਹੀਣਤਾ ਨਾਲ ਸੱਤਾ ਹਾਸਿਲ ਕਰਨ ਵਾਲੀ ਹੋਵੇ।
ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦੇ ਨੇਤਾ ਵਜੋਂ ਉਨ੍ਹਾਂ ਤੋਂ ਇਹ ਉਮੀਦ ਹੈ ਕਿ ਉਹ ਨਰਮਪੰਥੀ ਕੇਂਦਰਵਾਦ ਦੇ ਰਾਹ 'ਤੇ ਚੱਲਣਗੇ ਅਤੇ ਵਿਚਾਰਕ ਤਿੱਖੇਪਣ ਤੋਂ ਪ੍ਰਹੇਜ਼ ਕਰਨਗੇ। ਉਨ੍ਹਾਂ ਦੀ ਲੀਡਰਸ਼ਿਪ ਅਜਿਹੀ ਹੋਣੀ ਚਾਹੀਦੀ ਹੈ, ਜੋ ਹਾਸ਼ੀਏ 'ਤੇ ਰਹਿਣ ਵਾਲੇ ਅਤੇ ਲਤਾੜੇ ਲੋਕਾਂ ਦੇ ਮਨ ਵਿਚ ਆਸ ਦੇ ਦੀਵੇ ਜਗਾਏ। ਉਨ੍ਹਾਂ ਨੂੰ ਦੇਸ਼ ਦੀ ਇੱਛਾ ਸ਼ਕਤੀ ਨੂੰ ਜਗਾਉਣ ਵਾਲੇ ਪ੍ਰਵਰਤਕ ਬਣਨਾ ਪਵੇਗਾ ਅਤੇ ਇੱਛਾ ਸ਼ਕਤੀ ਨੂੰ ਅਮਲੀ ਰੂਪ ਦੇਣ ਦੀ ਅਗਵਾਈ ਕਰਨੀ ਪਵੇਗੀ। ਇਸ ਵੱਡੇ ਕੰਮ ਲਈ ਰਾਸ਼ਟਰ ਨੂੰ ਜ਼ਰੂਰ ਹੀ ਉਨ੍ਹਾਂ ਨੂੰ ਸ਼ੁੱਭ-ਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ।
drashwanikumaroffice@gmail.com
ਹਾਰਦਿਕ ਪਟੇਲ ਨਾਲ ਖੜ੍ਹੀ ਭੀੜ ਤਮਾਸ਼ਬੀਨ ਹੈ ਜਾਂ ਵੋਟਾਂ ਵਿਚ ਬਦਲੇਗੀ
NEXT STORY