ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਤੇ ਕਾਂਗਰਸ ਵਿਚਾਲੇ ਫਸਵੀਂ ਟੱਕਰ ਹੈ। ਦੋਹਾਂ ਪਾਰਟੀਆਂ ਦੀਆਂ ਨਜ਼ਰਾਂ ਇਕ ਕਰੋੜ ਪਾਟੀਦਾਰਾਂ 'ਤੇ ਹਨ, ਜਿਨ੍ਹਾਂ ਦੀਆਂ ਵੋਟਾਂ ਫੈਸਲਾਕੁੰਨ ਸਿੱਧ ਹੋਣਗੀਆਂ ਪਰ ਕੀ ਪਿੰਡਾਂ ਅਤੇ ਸ਼ਹਿਰਾਂ ਦੇ ਪਾਟੀਦਾਰ, ਅਮੀਰ ਤੇ ਗਰੀਬ ਪਾਟੀਦਾਰ ਇਕੋ ਜਿਹਾ ਸੋਚਦੇ ਹਨ? ਕੀ ਪਾਟੀਦਾਰਾਂ ਲਈ ਖੇਤੀ ਦਾ ਮੁੱਦਾ ਵੱਡਾ ਹੈ ਜਾਂ ਰਾਖਵੇਂਕਰਨ ਦਾ? ਕੀ ਪਾਟੀਦਾਰ ਭਾਜਪਾ ਨੂੰ ਹਰਾਉਣਾ ਚਾਹੁੰਦੇ ਹਨ ਜਾਂ ਫਿਰ ਸਬਕ ਸਿਖਾਉਣਾ ਚਾਹੁੰਦੇ ਹਨ? ਕੀ ਹਾਰਦਿਕ ਪਟੇਲ ਨਾਲ ਖੜ੍ਹੀ ਭੀੜ ਤਮਾਸ਼ਬੀਨ ਹੈ ਜਾਂ ਇਹ ਵੋਟਾਂ ਵਿਚ ਬਦਲ ਜਾਵੇਗੀ?
ਉਕਤ ਸਾਰੇ ਸਵਾਲ ਤੁਹਾਨੂੰ ਪ੍ਰੇਸ਼ਾਨ ਕਰ ਰਹੇ ਹੋਣਗੇ। ਆਓ, ਇਨ੍ਹਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰੀਏ : ਅਹਿਮਦਾਬਾਦ-ਰਾਜਕੋਟ ਰਾਜਮਾਰਗ 'ਤੇ ਨੀਬੜੀ ਵਿਧਾਨ ਸਭਾ ਹਲਕੇ ਦੇ ਤਹਿਤ ਆਉਂਦਾ ਹੈ ਮੋਰਵਾੜ ਪਿੰਡ, ਜਿਥੋਂ ਦੇ ਖੇਤ ਮਜ਼ਦੂਰ ਬਾਬੂ ਭਾਈ ਦਾ ਕਹਿਣਾ ਹੈ ਕਿ ਪਾਣੀ ਦੀ ਘਾਟ ਕਾਰਨ ਕਪਾਹ ਦੇ ਪੌਦੇ ਸੁੱਕ ਗਏ ਹਨ ਅਤੇ ਉਪਰੋਂ ਜਿਸ ਕਪਾਹ ਦੀ ਕੀਮਤ ਪਹਿਲਾਂ 1000 ਰੁਪਏ ਪ੍ਰਤੀ 20 ਕਿਲੋ ਸੀ, ਉਹ ਹੁਣ ਘਟ ਕੇ 900 ਰੁਪਏ ਰਹਿ ਗਈ ਹੈ। ਬਾਬੂ ਭਾਈ ਦੇ ਪੂਰੇ ਪਰਿਵਾਰ ਦਾ ਪੇਟ ਇਸੇ ਕਪਾਹ ਦੀ ਖੇਤੀ ਨਾਲ ਭਰਦਾ ਹੈ ਪਰ ਇਸ ਵਾਰ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਿਲ ਨਜ਼ਰ ਆਉਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾਂ ਕਪਾਹ ਦੇ ਭਾਅ 1200 ਰੁਪਏ ਤੋਂ 1400 ਰੁਪਏ ਤਕ ਸਨ, ਜੋ ਹੁਣ ਘਟ ਕੇ 900 ਰੁਪਏ 'ਤੇ ਆ ਗਏ ਹਨ। ਬਾਬੂ ਭਾਈ ਦਾ ਕਹਿਣਾ ਹੈ ਕਿ ਭਾਜਪਾ ਨਰਮਦਾ ਦਾ ਪਾਣੀ ਹਰੇਕ ਪਿੰਡ ਵਿਚ ਪਹੁੰਚਾਉਣ ਦਾ ਦਾਅਵਾ ਕਰਦੀ ਹੈ ਪਰ ਉਨ੍ਹਾਂ ਦੇ ਖੇਤਾਂ ਵਿਚ ਤਾਂ ਪਾਣੀ ਦੀ ਘਾਟ ਕਾਰਨ ਫਸਲਾਂ ਸੁੱਕ ਰਹੀਆਂ ਹਨ। ਬਾਬੂ ਭਾਈ ਪਿਛਲੇ 22 ਸਾਲਾਂ ਤੋਂ ਭਾਜਪਾ ਨੂੰ ਵੋਟ ਦਿੰਦੇ ਆ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਕਹਿਣਾ ਹੈ ਕਿ ਵੋਟਾਂ ਉਸੇ ਪਾਰਟੀ ਨੂੰ ਦਿਆਂਗੇ, ਜਿਹੜੀ ਕਿਸਾਨਾਂ ਦਾ ਭਲਾ ਕਰੇ ਤੇ ਉਨ੍ਹਾਂ ਦੀ ਨਜ਼ਰ ਵਿਚ ਅਜਿਹੀ ਪਾਰਟੀ ਹੁਣ ਕਾਂਗਰਸ ਹੈ।
ਇਸੇ ਤਰ੍ਹਾਂ ਰਾਜਕੋਟ ਵੱਲ ਜਾਂਦਿਆਂ ਰਾਹ ਵਿਚ ਆਉਂਦਾ ਹੈ ਪਿੰਡ ਨਵਾਂ ਸੁਦਾਮੜਾ। ਇਹ ਪਿੰਡ ਵੀ ਨੀਬੜੀ ਵਿਧਾਨ ਸਭਾ ਦੇ ਤਹਿਤ ਆਉਂਦਾ ਹੈ। ਸੁਰਿੰਦਰ ਨਗਰ ਜ਼ਿਲੇ ਵਿਚ ਪੈਂਦੇ ਇਸ ਪਿੰਡ ਵਿਚ ਲੱਗਭਗ 500 ਲੋਕ ਰਹਿੰਦੇ ਹਨ ਅਤੇ 95 ਫੀਸਦੀ ਪਾਟੀਦਾਰ ਹਨ, ਜੋ ਖੇਤੀਬਾੜੀ ਦਾ ਧੰਦਾ ਕਰਦੇ ਹਨ। ਉਂਝ ਵੀ ਗੁਜਰਾਤ ਵਿਚ ਕਿਹਾ ਜਾਂਦਾ ਹੈ ਕਿ ਵਿਧਾਨ ਸਭਾ ਚੋਣਾਂ ਦੀ ਚਾਬੀ ਪਾਟੀਦਾਰਾਂ ਕੋਲ ਹੈ। ਕੁਲ 182 ਸੀਟਾਂ 'ਚੋਂ ਲੱਗਭਗ 80 ਪਾਟੀਦਾਰ ਸੀਟਾਂ ਅਖਵਾਉਂਦੀਆਂ ਹਨ।
ਹੁਣ ਤਕ 80 ਫੀਸਦੀ ਪਾਟੀਦਾਰ ਭਾਜਪਾ ਨੂੰ ਹੀ ਵੋਟ ਦਿੰਦੇ ਆਏ ਹਨ ਪਰ ਇਸ ਵਾਰ ਉਹ ਭਾਜਪਾ ਤੋਂ ਨਾਰਾਜ਼ ਲੱਗਦੇ ਹਨ। ਅਜਿਹੀ ਸਥਿਤੀ ਵਿਚ ਪੂਰੀਆਂ ਚੋਣਾਂ ਪਾਟੀਦਾਰ ਬਨਾਮ ਭਾਜਪਾ ਜਾਂ ਇੰਝ ਕਹੋ ਕਿ ਪਾਟੀਦਾਰ ਬਨਾਮ ਪ੍ਰਧਾਨ ਮੰਤਰੀ ਮੋਦੀ ਬਣਦੀਆਂ ਜਾ ਰਹੀਆਂ ਹਨ। ਪਾਟੀਦਾਰਾਂ ਦੀ ਨਾਰਾਜ਼ਗੀ ਸਾਫ ਦਿਖਾਈ ਦਿੰਦੀ ਹੈ ਪਰ ਕੀ ਮੋਦੀ ਉਨ੍ਹਾਂ ਦੀ ਇਸ ਨਾਰਾਜ਼ਗੀ ਨੂੰ ਘੱਟ ਕਰ ਸਕਣਗੇ?
4 ਏਕੜ ਜ਼ਮੀਨ 'ਤੇ ਕਪਾਹ ਅਤੇ ਮੂੰਗਫਲੀ ਦੀ ਖੇਤੀ ਕਰਨ ਵਾਲੇ 60 ਸਾਲਾ ਪੁਰਸ਼ੋਤਮ ਭਾਈ ਪਟੇਲ ਕਹਿੰਦੇ ਹਨ ਕਿ ਖੇਤੀ ਕਰਨਾ ਲਗਾਤਾਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਮੀਂਹ ਵੀ ਘੱਟ ਪੈਂਦਾ ਹੈ, ਸਿੰਜਾਈ ਦੀ ਕੋਈ ਸਹੂਲਤ ਨਹੀਂ ਹੈ। ਕਈ ਵਾਰ ਤਾਂ ਅਕਾਲ ਜਾਂ ਸੋਕਾ ਪੈਣ 'ਤੇ ਮਜ਼ਦੂਰੀ ਤਕ ਕਰਨੀ ਪੈਂਦੀ ਹੈ।
ਪੁਰਸ਼ੋਤਮ ਦਾ ਕਹਿਣਾ ਹੈ ਕਿ ਮੋਦੀ ਦਿੱਲੀ ਚਲੇ ਗਏ ਤੇ ਸਾਨੂੰ ਭੁੱਲ ਗਏ। ਉਨ੍ਹਾਂ ਤੋਂ ਬਾਅਦ ਜਿਹੜਾ ਵੀ ਮੁੱਖ ਮੰਤਰੀ ਬਣਿਆ, ਉਸ ਨੇ ਕਿਸਾਨਾਂ ਦੇ ਹਿੱਤ ਲਈ ਕੁਝ ਨਹੀਂ ਕੀਤਾ। ਮੋਦੀ ਤੋਂ ਵੀ ਸੱਚਾਈ ਲੁਕੋਈ ਜਾ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ''ਅਸੀਂ ਚਾਹੁੰਦੇ ਹਾਂ ਕਿ 85-90 ਸੀਟਾਂ ਨਾਲ ਹੀ ਭਾਜਪਾ ਦੀ ਸਰਕਾਰ ਬਣਨੀ ਚਾਹੀਦੀ ਹੈ ਤਾਂ ਕਿ ਉਹ ਹਮੇਸ਼ਾ ਸੱਤਾ ਖੁੱਸਣ ਦੇ ਦਬਾਅ ਵਿਚ ਰਹੇ ਅਤੇ ਕਿਸਾਨਾਂ ਦੇ ਭਲੇ ਲਈ ਕੰਮ ਕਰੇ।''
ਪੁਰਸ਼ੋਤਮ ਭਾਈ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਭਾਜਪਾ ਦੇ ਇਕ ਕੱਟੜ ਸਮਰਥਕ ਰਹੇ ਜਸਰਾਜ ਭਾਈ ਪਟੇਲ ਦਾ ਕਹਿਣਾ ਹੈ ਕਿ ਕਪਾਹ ਦੀ ਫਸਲ ਦੇ ਚੰਗੇ ਭਾਅ ਨਹੀਂ ਮਿਲ ਰਹੇ, ਨਰਮਦਾ ਨਦੀ ਤੋਂ ਪਾਣੀ ਨਹੀਂ ਮਿਲ ਰਿਹਾ ਤੇ ਨੌਜਵਾਨਾਂ ਲਈ ਰੋਜ਼ਗਾਰ ਦਾ ਸੰਕਟ ਹੈ। ਉਹ ਇਸ ਵਾਰ ਵੋਟਾਂ ਵਾਲੇ ਦਿਨ ਜਾਂ ਤਾਂ ਘਰ ਰਹਿਣਗੇ ਜਾਂ ਫਿਰ 'ਨੋਟਾ' ਵਾਲਾ ਬਟਨ ਦਬਾ ਕੇ ਆ ਜਾਣਗੇ।
8 ਏਕੜ ਜ਼ਮੀਨ ਦੇ ਮਾਲਕ ਰਘੂਭਾਈ ਪਟੇਲ ਮੂੰਗਫਲੀ ਤੇ ਕਪਾਹ ਦੀ ਖੇਤੀ ਕਰਦੇ ਹਨ। ਉਨ੍ਹਾਂ ਦਾ ਵੀ ਕਹਿਣਾ ਹੈ ਕਿ ਖੇਤੀ ਵਿਚ ਹੁਣ ਮੁਨਾਫਾ ਨਹੀਂ ਰਿਹਾ। ਖਰਚਾ ਮਸਾਂ ਨਿਕਲਦਾ ਹੈ। ਉਨ੍ਹਾਂ ਦੀ ਸੋਚ ਹੈ ਕਿ ਇਸ ਵਾਰ ਕਾਂਗਰਸ ਨੂੰ ਮੌਕਾ ਦੇਣਾ ਚਾਹੀਦਾ ਹੈ।
ਏ. ਬੀ. ਪੀ. ਨਿਊਜ਼ ਦਾ ਸਰਵੇ ਦੱਸਦਾ ਹੈ ਕਿ ਬਜ਼ੁਰਗ ਪਾਟੀਦਾਰ ਭਾਜਪਾ ਤੋਂ ਓਨੇ ਖਫ਼ਾ ਨਹੀਂ, ਜਿੰਨੇ ਨੌਜਵਾਨ ਖ਼ਫ਼ਾ ਹਨ ਪਰ ਨਵਾਂ ਸੁਦਾਮੜਾ ਵਰਗੇ ਪਿੰਡਾਂ ਵਿਚ ਦੋਵੇਂ ਵਰਗ ਕਾਫੀ ਨਾਰਾਜ਼ ਨਜ਼ਰ ਆਉਂਦੇ ਹਨ। 8ਵੀਂ ਪਾਸ 30 ਸਾਲਾ ਸੰਜੇ ਪਟੇਲ ਕੋਲ 20 ਵਿੱਘੇ ਜ਼ਮੀਨ ਹੈ। ਉਸ ਦਾ ਕਹਿਣਾ ਹੈ ਕਿ ਰੋਜ਼ਗਾਰ ਨਹੀਂ ਹੈ, ਮਜਬੂਰੀ ਵਿਚ ਖੇਤੀ ਕਰਨੀ ਪੈਂਦੀ ਹੈ, ਜਿਸ ਨਾਲ ਘਰ ਦਾ ਖਾਣਾ-ਪੀਣਾ ਹੀ ਚੱਲਦਾ ਹੈ। ਸੰਜੇ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਦੀ ਪਟੇਲਾਂ ਲਈ ਰਾਖਵੇਂਕਰਨ ਵਾਲੀ ਮੰਗ ਬਿਲਕੁਲ ਠੀਕ ਹੈ ਅਤੇ ਕਾਂਗਰਸ ਵਾਅਦਾ ਪੂਰਾ ਕਰੇਗੀ। ਕਿਸੇ ਪਾਰਟੀ ਨੂੰ ਵੋਟ ਦੇਣ ਬਾਰੇ ਉਨ੍ਹਾਂ ਨੇ ਮੂੰਹ ਨਹੀਂ ਖੋਲ੍ਹਿਆ।
ਰਮੇਸ਼ ਭਾਈ ਪਟੇਲ ਦਾ ਕਹਿਣਾ ਹੈ ਕਿ ਮੋਦੀ ਸਹੀ ਕਹਿੰਦੇ ਹਨ ਕਿ ਉਹ ਨਰਮਦਾ ਦਾ ਪਾਣੀ ਅਮਰੇਲੀ ਅਤੇ ਕਛ ਤਕ ਲੈ ਗਏ ਹਨ ਪਰ ਵਿਚਕਾਰ ਕੁਝ ਪਿੰਡ ਰਹਿ ਗਏ ਹਨ। ਵੱਡੀ ਨਹਿਰ ਨਾਲ ਪਿੰਡਾਂ ਨੂੰ ਜੋੜਨ ਵਾਲੀਆਂ ਉਪ-ਨਹਿਰਾਂ ਬਣਨੀਆਂ ਚਾਹੀਦੀਆਂ ਸਨ, ਜੋ ਅਜੇ ਤਕ ਨਹੀਂ ਬਣੀਆਂ। ਮੋਦੀ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਸੀ।
ਨੌਜਵਾਨ ਪਾਟੀਦਾਰ ਉਮੇਸ਼ ਭਾਈ ਪਟੇਲ ਦਾ ਕਹਿਣਾ ਹੈ ਕਿ ਭਾਜਪਾ ਨੇ ਰਾਖਵੇਂਕਰਨ ਦਾ ਲਾਲੀਪਾਪ ਦਿੱਤਾ ਸੀ ਅਤੇ ਹੁਣ ਕਾਂਗਰਸ ਨੇ ਵੀ ਦੇ ਦਿੱਤਾ ਹੈ। ਜੇ ਗੱਲ ਨਾ ਬਣੀ ਤਾਂ ਅੰਦੋਲਨ ਜਾਰੀ ਰਹੇਗਾ। ਕਾਂਗਰਸ ਨੇ ਆਪਣੇ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਤਰ੍ਹਾਂ ਉਖਾੜਾਂਗੇ ਕਿ ਉਹ ਫਿਰ 50 ਸਾਲ ਸੱਤਾ ਵਿਚ ਨਹੀਂ ਆ ਸਕੇਗੀ।
ਗੁਜਰਾਤ ਵਿਚ ਕਹਾਵਤ ਹੈ ਕਿ ਪਾਟੀਦਾਰ ਪੈਦਾ ਹੁੰਦਿਆਂ ਹੀ ਪਾਰਟੀ ਨਾਲ ਕਮਲ ਨਿਗਲ ਲੈਂਦੇ ਹਨ, ਭਾਵ ਉਹ 'ਕਮਲ' ਦੇ ਹੋ ਜਾਂਦੇ ਹਨ ਅਤੇ ਕਮਲ ਉਨ੍ਹਾਂ ਦਾ ਹੋ ਜਾਂਦਾ ਹੈ। ਯੁਵਰਾਜ ਭਾਈ ਪਟੇਲ ਨੇ ਇਹ ਸੁਣਦਿਆਂ ਹੀ ਕਿਹਾ ਕਿ ਇਸ ਵਾਰ ਕਮਲ ਨੂੰ ਪਾਣੀ ਵਿਚ ਹੀ ਡੁਬੋ ਦਿਆਂਗੇ। ਬਖਤੂਪੁਰ ਪਿੰਡ ਦੇ ਪੁਰਸ਼ੋਤਮ ਭਾਈ ਪਟੇਲ ਦਾ ਕਹਿਣਾ ਹੈ ਕਿ ਪਟੇਲ ਅਜੇ ਵੀ ਭਾਜਪਾ ਦੇ ਨਾਲ ਹਨ। ਬੇਸ਼ੱਕ ਸਿੰਜਾਈ ਲਈ ਪਾਣੀ ਨਹੀਂ ਪਹੁੰਚਿਆ ਪਰ ਪਿੰਡਾਂ ਵਿਚ ਤਾਂ ਪੀਣ ਵਾਲਾ ਪਾਣੀ ਪਹੁੰਚ ਗਿਆ ਹੈ, ਸੜਕਾਂ ਬਣ ਗਈਆਂ ਹਨ ਤੇ ਬਿਜਲੀ ਵੀ ਆ ਗਈ ਹੈ।
ਅਜਿਹਾ ਨਹੀਂ ਕਿ ਪੂਰੇ ਗੁਜਰਾਤ ਦੇ ਪਾਟੀਦਾਰ ਭਾਜਪਾ ਤੋਂ ਖ਼ਫ਼ਾ ਹਨ। ਸੌਰਾਸ਼ਟਰ ਦੇ ਸ਼ਹਿਰੀ ਇਲਾਕਿਆਂ ਵਿਚ ਪਾਟੀਦਾਰ ਭਾਜਪਾ ਨਾਲ ਖੜ੍ਹੇ ਨਜ਼ਰ ਆਉਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਪਿਛਲੇ 22 ਸਾਲਾਂ ਵਿਚ ਭਾਜਪਾ ਨੇ ਗੁਜਰਾਤ ਦਾ ਬਹੁਤ ਵਿਕਾਸ ਕੀਤਾ ਹੈ ਤੇ ਵਿਕਾਸ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਕੁਝ ਦਾ ਕਹਿਣਾ ਹੈ ਕਿ ਕਾਂਗਰਸ ਜਾਤ ਦੇ ਨਾਂ 'ਤੇ ਚੋਣਾਂ ਲੜ ਰਹੀ ਹੈ ਤੇ ਭਾਜਪਾ ਵਿਕਾਸ ਦੇ ਨਾਂ 'ਤੇ।
ਰਾਖਵੇਂਕਰਨ ਦੇ ਮਸਲੇ 'ਤੇ ਨੌਜਵਾਨ ਪਾਟੀਦਾਰ ਭਾਜਪਾ ਤੋਂ ਨਾਰਾਜ਼ ਨਜ਼ਰ ਆਉਂਦੇ ਹਨ। ਰਾਜਕੋਟ ਦੇ 25 ਸਾਲਾ ਪਾਟੀਦਾਰ ਉਮੇਸ਼ ਭਾਈ ਦਾ ਕਹਿਣਾ ਹੈ ਕਿ ਜਦ ਕਾਂਗਰਸ ਨੇ ਰਾਖਵੇਂਕਰਨ ਦਾ ਫਾਰਮੂਲਾ ਦਿੱਤਾ ਤਾਂ ਭਾਜਪਾ ਨੇ ਕਿਹਾ ਕਿ ਸੰਵਿਧਾਨ ਵਿਚ 50 ਫੀਸਦੀ ਤੋਂ ਜ਼ਿਆਦਾ ਰਾਖਵਾਂਕਰਨ ਦੇਣ ਦੀ ਵਿਵਸਥਾ ਨਹੀਂ ਹੈ ਪਰ ਜਦੋਂ 3 ਸਾਲ ਪਹਿਲਾਂ ਭਾਜਪਾ ਨੇ ਰਾਖਵੇਂਕਰਨ ਦਾ ਬਿੱਲ ਵਿਧਾਨ ਸਭਾ ਵਿਚ ਪਾਸ ਕਰਵਾਇਆ ਸੀ, ਉਦੋਂ ਵੀ ਤਾਂ ਹੱਦ 50 ਫੀਸਦੀ ਪਾਰ ਕਰ ਰਹੀ ਸੀ, ਫਿਰ ਭਾਜਪਾ ਨੇ ਸੱਚਾਈ ਕਿਉਂ ਲੁਕੋਈ?
ਕੁਝ ਲੋਕਾਂ ਦਾ ਕਹਿਣਾ ਹੈ ਕਿ ਹਾਰਦਿਕ ਪਟੇਲ ਨੇ ਕਾਂਗਰਸ ਨਾਲ ਹੱਥ ਮਿਲਾ ਕੇ ਆਪਣੀ ਸਾਖ ਗੁਆ ਲਈ ਹੈ। ਹਾਰਦਿਕ ਪਟੇਲ ਆਪਣੀਆਂ ਰੈਲੀਆਂ ਵਿਚ ਭਾਵਨਾਤਮਕ ਤੌਰ 'ਤੇ ਨੌਜਵਾਨ ਪਾਟੀਦਾਰਾਂ ਨੂੰ ਬੇਵਕੂਫ ਬਣਾ ਰਹੇ ਹਨ। ਪੜ੍ਹੇ-ਲਿਖੇ ਲੋਕ ਵੀ ਨਹੀਂ ਸਮਝ ਰਹੇ ਕਿ ਉਨ੍ਹਾਂ ਨੂੰ ਰਾਖਵਾਂਕਰਨ ਨਹੀਂ ਮਿਲਣ ਵਾਲਾ।
ਮੋਦੀ ਸਰਕਾਰ ਨੇ ਜੋ ਨਵਾਂ ਓ. ਬੀ. ਸੀ. ਕਮਿਸ਼ਨ ਬਣਾਇਆ ਹੈ ਅਤੇ ਉਸ ਨੂੰ ਸੰਵਿਧਾਨਿਕ ਦਰਜਾ ਦਿੱਤਾ ਹੈ, ਉਸ ਨਾਲ ਹੀ ਪਟੇਲਾਂ ਅਤੇ ਹੋਰਨਾਂ ਜਾਤਾਂ ਦੇ ਲੋਕਾਂ ਨੂੰ ਰਾਖਵਾਂਕਰਨ ਮਿਲ ਸਕਦਾ ਹੈ। ਲੋਕਾਂ ਦੀ ਨਜ਼ਰ ਵਿਚ ਹਾਰਦਿਕ ਪਟੇਲ ਦੀ ਸਿਆਸਤ ਸਮਾਜ ਨੂੰ ਵੰਡਣ ਵਾਲੀ ਹੈ। ਹਾਰਦਿਕ ਪਟੇਲ ਦੇ ਨਾਲ ਨਾ ਤਾਂ ਸਾਰੇ ਪਾਟੀਦਾਰ ਹਨ ਅਤੇ ਨਾ ਹੀ ਆਮ ਲੋਕ।
ਉਂਝ ਹਾਰਦਿਕ ਪਟੇਲ ਦੀਆਂ ਰੈਲੀਆਂ ਚੋਣਾਂ ਵਿਚ ਵੱਖਰੀਆਂ ਹੀ ਨਜ਼ਰ ਆਉਂਦੀਆਂ ਹਨ। ਲੋਕ ਤਾਂ ਇਥੋਂ ਤਕ ਕਹਿੰਦੇ ਹਨ ਕਿ ਰਾਹੁਲ ਗਾਂਧੀ ਦੀਆਂ ਰੈਲੀਆਂ ਵਿਚ ਵੀ ਹਾਰਦਿਕ ਪਟੇਲ ਦੇ ਬੰਦੇ ਜਾ ਰਹੇ ਹਨ, ਇਸ ਲਈ ਉਥੇ ਭੀੜ ਨਜ਼ਰ ਆ ਰਹੀ ਹੈ। ਹਾਰਦਿਕ ਦੀਆਂ ਰੈਲੀਆਂ ਅੱਗੇ ਮੋਦੀ ਦੀਆਂ ਰੈਲੀਆਂ ਫਿੱਕੀਆਂ ਹੀ ਨਜ਼ਰ ਆਉਂਦੀਆਂ ਹਨ। ਕਈ ਜਗ੍ਹਾ ਤਾਂ 10-15 ਹਜ਼ਾਰ ਲੋਕਾਂ ਦੀ ਹੀ ਭੀੜ ਜੁੜਨ ਦੀਆਂ ਖ਼ਬਰਾਂ ਆਈਆਂ ਹਨ।
ਹਾਰਦਿਕ ਪਟੇਲ ਦੀਆਂ ਰੈਲੀਆਂ ਵਿਚ ਨੌਜਵਾਨ ਜ਼ਿਆਦਾ ਆਉਂਦੇ ਹਨ ਅਤੇ ਉਤਸ਼ਾਹ ਵਿਚ 'ਜੈ ਸਰਦਾਰ' ਦੇ ਨਾਅਰੇ ਲਾਉਂਦੇ ਹਨ, 'ਚੱਕ ਦੇ ਇੰਡੀਆ' ਫਿਲਮ ਦਾ ਗਾਣਾ ਚੱਲਦਾ ਰਹਿੰਦਾ ਹੈ ਤੇ ਹਾਰਦਿਕ ਦੀ ਇਕ-ਇਕ ਗੱਲ 'ਤੇ ਤਾੜੀਆਂ ਵੱਜਦੀਆਂ ਹਨ। ਹਾਰਦਿਕ ਦੇ ਇਕ ਇਸ਼ਾਰੇ 'ਤੇ ਲੋਕ ਮੋਬਾਈਲ ਦੀ ਲਾਈਟ ਜਗਾਉਂਦੇ ਹਨ ਤੇ ਰਾਖਵੇਂਕਰਨ ਦੇ ਹੱਕ ਵਿਚ ਨਾਅਰੇ ਲਾਉਂਦੇ ਹਨ।
ਜੇ ਅਜਿਹੀ ਭੀੜ ਸਿਰਫ ਤਮਾਸ਼ਾ ਦੇਖਣ ਆਉਂਦੀ ਹੈ ਤਾਂ ਭਾਜਪਾ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਪਰ ਜੇ ਇਹੋ ਭੀੜ ਵੋਟਾਂ ਵਿਚ ਬਦਲਦੀ ਹੈ, ਤਾਂ ਫਿਰ ਭਾਜਪਾ ਨੂੰ ਭਾਰੀ ਪੈ ਸਕਦੀ ਹੈ।
ਗੁਜਰਾਤ ਵਿਚ ਲੱਗਭਗ 1 ਕਰੋੜ ਪਾਟੀਦਾਰ ਵੋਟਰ ਹਨ, ਜਿਨ੍ਹਾਂ 'ਚੋਂ 90 ਫੀਸਦੀ ਦੇ ਕਰੀਬ ਭਾਜਪਾ ਨੂੰ ਵੋਟਾਂ ਦਿੰਦੇ ਰਹੇ ਹਨ। ਜੇ ਇਨ੍ਹਾਂ 90 ਫੀਸਦੀ 'ਚੋਂ 40 ਫੀਸਦੀ ਟੁੱਟ ਜਾਂਦੇ ਹਨ ਤਾਂ ਫਿਰ ਕਾਂਗਰਸ ਸੱਤਾ ਵਿਚ ਆ ਸਕਦੀ ਹੈ। vijayv@abpnews.in
ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ 'ਚੋਣ' ਦੀ ਡਰਾਮੇਬਾਜ਼ੀ
NEXT STORY