ਸਪੋਰਟਸ ਡੈਸਕ : ਤਾਜ ਮਹੱਲ ਤੋਂ ਕੁਝ ਦੂਰੀ ’ਤੇ ਬਣੇ ਫਿਰੋਜ਼ਾਬਾਦ ਦੇ ਬਾਹਰੀ ਇਲਾਕੇ ’ਚ ਜੰਮੀ-ਪਲੀ ਸੋਨਮ ਯਾਦਵ ਮਹਿਲਾ ਪ੍ਰੀਮੀਅਰ ਲੀਗ (ਡਬਲਯੂ. ਪੀ. ਐੱਲ.) ਦੀ ਸਭ ਤੋਂ ਨੌਜਵਾਨ ਕ੍ਰਿਕਟਰ ਹੈ। 15 ਸਾਲ ਦੀ ਸੋਨਮ ਨੂੰ ਮੁੰਬਈ ਇੰਡੀਅਨਜ਼ ਨੇ 12 ਹਜ਼ਾਰ ਡਾਲਰ ਨਾਲ ਆਪਣੀ ਟੀਮ ’ਚ ਸ਼ਾਮਲ ਕੀਤਾ ਹੈ। ਭਾਵੇਂ ਹੀ ਉਸਦਾ ਕਰਾਰ ਪੁਰਸ਼ਾਂ ਦੀ ਇੰਡੀਅਨ ਪ੍ਰੀਮੀਅਰ ਲੀਗ ਦੇ ਮਾਪਦੰਡਾਂ ਤੋਂ ਬਹੁਤ ਛੋਟਾ ਹੈ ਪਰ ਉਸਦੇ ਪਿਤਾ ਦੀ ਮਾਸਿਕ ਤਨਖਾਹ ਤੋਂ ਇਹ 100 ਗੁਣਾ ਵੱਧ ਹੈ, ਜਿਹੜੇ ਇਕ ਗਲਾਸ ਫੈਕਟਰੀ ਵਿਚ ਕੰਮ ਕਰਦੇ ਹਨ।
6 ਭੈਣ-ਭਰਾਵਾਂ ’ਚ ਸਭ ਤੋਂ ਛੋਟੀ ਸੋਨਮ ਜਦੋਂ ਵੱਡਾ ਕਰਾਰ ਹਾਸਲ ਕਰਨ ਤੋਂ ਬਾਅਦ ਪਿੰਡ ਪਰਤੀ ਤਾਂ ਉੱਥੇ ਜਸ਼ਨ ਦੀ ਲਹਿਰ ਦੌੜ ਗਈ। ਸੋਨਮ ਨੇ ਕਿਹਾ ਕਿ ਮੇਰੇ ਪਿਤਾ ਦੀ ਤਨਖਾਹ ਨਾਲ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਸੀ। ਮੇਰੇ ਕਈ ਸੁਪਨੇ ਹਨ, ਮੈਂ ਆਪਣੇ ਪਰਿਵਾਰ ਨੂੰ ਡਿਨਰ ’ਤੇ ਲੈ ਕੇ ਜਾਣਾ ਚਾਹੁੰਦੀ ਹਾਂ ਤੇ ਆਪਣੇ ਪਿਤਾ ਨੂੰ ਇਕ ਵੱਡੀ ਕਾਰ ਦੇਣਾ ਚਾਹੁੰਦੀ ਹਾਂ। ਬੇਹੱਦ ਖਰਾਬ ਹਾਲਤ ਦਾ ਘਰ ਜਿੱਥੋਂ ਦਾ ਪਲੱਸਤਰ ਵੀ ਉਖੜ ਚੁੱਕਾ ਹੈ, ਬਿਜਲੀ ਕਦੇ-ਕਦਾਈਂ ਆਉਂਦੀ ਹੈ, ਵਿਚ ਆਪਣੀਆਂ ਯਾਦਗਾਰ ਚੀਜ਼ਾਂ ਨੂੰ ਦੇਖ ਕੇ ਸੋਨਮ ਨੇ ਅੱਗੇ ਵੱਧਣ ਦੀ ਪ੍ਰੇਰਣਾ ਲਈ ਹੈ।
53 ਸਾਲਾ ਪਿਤਾ ਮੁਕੇਸ਼ ਕੁਮਾਰ ਨੇ ਕਿਹਾ ਕਿ ਬੇਟੀ ਨੇ 10 ਸਾਲ ਦੀ ਉਮਰ ਤੋਂ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਅਸੀਂ ਉਸਦੇ ਲਈ ਮਹਿੰਗਾ ਕ੍ਰਿਕਟ ਸਾਜੋ-ਸਾਮਾਨ ਨਹੀਂ ਖਰੀਦ ਸਕਦੇ ਸੀ। ਮੈਂ ਡਬਲ ਸ਼ਿਫਟ ’ਚ ਕੰਮ ਕੀਤਾ। ਬੇਟੇ ਨੇ ਸਕੂਲ ਛੱਡਿਆ ਤੇ ਨਿੱਜੀ ਨੌਕਰੀ ਕੀਤੀ ਤਾਂ ਕਿ ਸੋਨਮ ਨੂੰ ਸਹਿਯੋਗ ਹੋ ਸਕੇ। ਹੁਣ ਉਹ ਆਪਣੇ ਸੁਪਨੇ ਪੂਰੇ ਕਰ ਸਕਦੀ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਜਨਵਰੀ ਵਿਚ 572.5 ਮਿਲੀਅਨ ਡਾਲਰ ’ਚ 5 ਸ਼ੁਰੂਆਤੀ ਟੀਮਾਂ ਦੇ ਫ੍ਰੈਂਚਾਈਜ਼ੀ ਅਧਿਕਾਰਾਂ ਦੀ ਨਿਲਾਮੀ ਕੀਤੀ ਸੀ। ਇਸਦੇ ਪਹਿਲੇ ਸੈਸ਼ਨ ਦੇ ਮੀਡੀਆ ਅਧਿਕਾਰ 116.7 ਮਿਲੀਅਨ ਡਾਲਰ ’ਚ ਵੇਚੇ ਸਨ। ਰਿਪੋਰਟਾਂ ਮੁਤਾਬਕ ਸੰਯੁਕਤ ਰਾਜ ਅਮਰੀਕਾ ’ਚ ਡਬਲਯੂ. ਐੱਨ. ਬੀ. ਏ. ਬਾਸਕਟਬਾਲ ਤੋਂ ਬਾਅਦ ਇਹ ਦੁਨੀਆ ਦੀ ਦੂਜੀ ਸਭ ਤੋਂ ਮਹਿੰਗੀ ਮਹਿਲਾ ਖੇਡ ਲੀਗ ਬਣ ਗਈ ਹੈ।
NZ vs ENG : ਫਾਲੋਆਨ ਤੋਂ ਬਾਅਦ ਜਿੱਤ ਦਰਜ ਕਰਨ ਵਾਲੀ ਤੀਜੀ ਟੈਸਟ ਟੀਮ ਬਣੀ ਨਿਊਜ਼ੀਲੈਂਡ
NEXT STORY