ਨਵੀਂ ਦਿੱਲੀ- ਲਗਾਤਾਰ ਦੋ ਓਲੰਪਿਕ ਵਿਚ ਵਿਅਕਤੀਗਤ ਤਮਗੇ ਜਿੱਤਣ ਵਾਲਾ ਦੇਸ਼ ਦਾ ਇਕਲੌਤਾ ਪਹਿਲਵਾਨ ਸੁਸ਼ੀਲ ਕੁਮਾਰ ਐਤਵਾਰ ਨੂੰ 37 ਸਾਲਾਂ ਦਾ ਹੋ ਗਿਆ ਤੇ ਉਸਦੇ ਜਨਮ ਦਿਨ 'ਤੇ ਦੇਸ਼ ਦੀਆਂ ਖੇਡ ਹਸਤੀਆਂ ਨੇ ਉਸ ਨੂੰ ਵਧਾਈ ਦਿੱਤੀ ਹੈ। ਸੁਸ਼ੀਲ ਨੇ 2008 ਦੀਆਂ ਬੀਜਿੰਗ ਓਲੰਪਿਕ ਵਿਚ 66 ਕਿ.ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਕਾਂਸੀ ਤਮਗਾ ਤੇ 2012 ਦੀਆਂ ਲੰਡਨ ਓਲੰਪਿਕ ਵਿਚ 66 ਕਿ. ਗ੍ਰਾ. ਫ੍ਰੀ ਸਟਾਈਲ ਵਰਗ ਵਿਚ ਹੀ ਚਾਂਦੀ ਤਮਗਾ ਜਿੱਤਿਆ ਸੀ। ਉਸ ਨੇ 2010 ਦੀ ਮਾਸਕੋ ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਹਾਸਲ ਕੀਤਾ ਸੀ।
ਉਹ ਲਗਾਤਾਰ ਤਿੰਨ ਰਾਸ਼ਟਰਮੰਡਲ ਖੇਡਾਂ 2010, 2014 ਤੇ 2018 ਵਿਚ ਸੋਨ ਤਮਗਾ ਜਿੱਤ ਚੁੱਕਾ ਹੈ। ਉਸ ਦੇ ਨਾਂ ਏਸ਼ੀਆਈ ਚੈਂਪੀਅਨਸ਼ਿਪ ਵਿਚ 1 ਸੋਨ, 2 ਚਾਂਦੀ ਤੇ 1 ਕਾਂਸੀ, ਏਸ਼ੀਆਈ ਖੇਡਾਂ ਵਿਚ ਇਕ ਕਾਂਸੀ ਅਤੇ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ 5 ਸੋਨ ਤੇ ਇਕ ਕਾਂਸੀ ਤਮਗਾ ਹੈ। ਇਸ ਧਾਕੜ ਪਹਿਲਵਾਨ ਦੇ ਗੁਰੂ ਮਹਾਬਲੀ ਸਤਪਾਲ ਨੇ ਆਪਣੇ ਚੇਲੇ ਨੂੰ ਜਨਮ ਦਿਨ ਦੀ ਵਧਾਈ ਦਿੰਦਿਆਂ ਉਮੀਦ ਜਤਾਈ ਹੈ ਕਿ ਉਹ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਵਿਚ ਦੇਸ਼ ਲਈ ਸੋਨ ਤਮਗਾ ਜਿੱਤੇਗਾ।
ਸੁਸ਼ੀਲ 12 ਸਾਲ ਦੀ ਉਮਰ ਵਿਚ ਮਹਾਬਲੀ ਸਤਪਾਲ ਕੋਲ ਆਇਆ ਸੀ, ਜਿਸ ਨੇ ਉਸ ਨੂੰ ਨਿਖਾਰ ਕੇ ਵਿਸ਼ਵ ਜੇਤੂ ਪਹਿਲਵਾਨ ਬਣਾਇਆ। ਸੁਸ਼ੀਲ ਦੇ ਛਤਰਸਾਲ ਸਟੇਡੀਅਮ ਅਖਾੜੇ ਵਿਚ ਅੱਜ ਹਵਨ ਕੀਤਾ ਗਿਆ, ਜਿਸ ਵਿਚ ਅਖਾੜੇ ਦੇ 400 ਪਹਿਲਵਾਨਾਂ ਤੇ ਪੁਰਾਣੇ ਪਹਿਲਵਾਨਾਂ ਨੇ ਆਹੂਤੀ ਪਾਈ ਕਿ ਸੁਸ਼ੀਲ ਅਗਲੀਆਂ ਟੋਕੀਓ ਓਲੰਪਿਕ ਵਿਚ ਉਤਰੇ ਤੇ ਸੋਨ ਤਮਗਾ ਜਿੱਤੇ। ਸਤਪਾਲ ਨੇ ਦੱਸਿਆ ਕਿ ਸੁਸ਼ੀਲ ਨੇ ਆਪਣੀਆਂ ਓਲੰਪਿਕ ਤਿਆਰੀਆਂ ਲਈ ਇਕ ਰੂਸੀ ਕੋਚ ਨੂੰ 6 ਮਹੀਨਿਆਂ ਲਈ ਹਾਲ ਹੀ ਵਿਚ ਕਰਾਰਬੱਧ ਕੀਤਾ ਹੈ, ਜਿਹੜਾ ਉਸਦੀਆਂ ਤਿਆਰੀਆਂ ਨੂੰ ਨਵੇਂ ਸਿਰੇ ਤੋਂ ਨਿਖਾਰੇਗਾ ਤੇ ਇਨ੍ਹਾਂ ਤਿਆਰੀਆਂ ਨੂੰ ਮਜ਼ਬੂਤੀ ਦੇਵੇਗਾ।
ਜੈਵਰਧਨੇ ਨੇ ਸ਼੍ਰੀਲੰਕਾ ਕ੍ਰਿਕਟ ਦੀ ਵਿਸ਼ਵ ਕੱਪ ਨਾਲ ਜੁੜੀ ਪੇਸ਼ਕਸ਼ ਠੁਕਰਾਈ
NEXT STORY