ਸਪੋਰਟਸ ਡੈਸਕ: ਭਾਰਤ ਦੇ ਮਹਾਨ ਗੇਂਦਬਾਜ਼ਾਂ ਵਿੱਚੋਂ ਇੱਕ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਰਾਜ ਸਭਾ ਲਈ ਨਾਮਜ਼ਦ ਹਰਭਜਨ ਸਿੰਘ ਨੇ ਓਮਾਨ 'ਚ ਭਾਰਤੀ ਦੂਤਘਰ ਦੇ ਸਹਿਯੋਗ ਨਾਲ ਬਠਿੰਡਾ ਦੀ 21 ਸਾਲਾ ਲੜਕੀ ਕਮਲਜੀਤ ਕੌਰ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਕਮਲਜੀਤ ਕੌਰ ਨੂੰ ਗੈਰ ਕਾਨੂੰਨੀ ਢੰਗ ਨਾਲ ਬੰਦੀ ਬਣਾਇਆ ਗਿਆ ਸੀ। ਉਸ ਦਾ ਪਾਸਪੋਰਟ ਅਤੇ ਸਿਮ ਕਾਰਡ ਵੀ ਜ਼ਬਤ ਕਰ ਲਿਆ ਗਿਆ ਸੀ।
ਇਹ ਵੀ ਪੜ੍ਹੋ : Asia Cup 2022 : ਪਾਕਿ ਦੀ ਹਾਰ 'ਤੇ ਟਿਕੀ ਭਾਰਤ ਦੀ ਕਿਸਮਤ, ਜਾਣੋ ਕਿਵੇਂ ਫਾਈਨਲ 'ਚ ਪੁੱਜ ਸਕਦੀ ਹੈ ਟੀਮ ਇੰਡੀਆ
ਹਰਭਜਨ ਨੇ ਮਾਮਲੇ ਦਾ ਖੁਲਾਸਾ ਕਰਦੇ ਹੋਏ ਕਿਹਾ-ਇਹ ਓਮਾਨ ਸਥਿਤ ਭਾਰਤੀ ਦੂਤਘਰ ਅਤੇ ਸਾਡੇ ਰਾਜਦੂਤ ਅਮਿਤ ਨਾਰੰਗ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਸੀ। ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਰਿਹਾ ਹੈ। ਰਾਜ ਸਭਾ ਮੈਂਬਰ ਹੋਣ ਦੇ ਨਾਤੇ ਲੋੜਵੰਦ ਲੋਕਾਂ ਦੀ ਮਦਦ ਕਰਨਾ ਮੇਰਾ ਫਰਜ਼ ਹੈ। ਸਾਡੇ ਦੇਸ਼ ਦੀ ਇੱਕ ਧੀ ਨੂੰ ਮਦਦ ਦੀ ਲੋੜ ਸੀ। ਮੈਂ ਬਸ ਆਪਣਾ ਕੰਮ ਕੀਤਾ। ਕਮਲਜੀਤ ਪੰਜਾਬ 'ਚ ਘਰ ਵਾਪਸ ਆ ਗਈ ਹੈ। ਉਹ ਸੁਰੱਖਿਅਤ ਹੈ।
ਬਠਿੰਡਾ ਦੇ ਆਪਣੇ ਜੱਦੀ ਪਿੰਡ ਬਰਕੰਡੀ ਪਰਤ ਕੇ, ਕਮਲਜੀਤ ਅਤੇ ਉਸਦੇ ਪਿਤਾ ਸਿਕੰਦਰ ਸਿੰਘ ਨੇ ਪੰਜਾਬ ਵਿੱਚ ਟਰੈਵਲ ਅਤੇ ਪਲੇਸਮੈਂਟ ਏਜੰਟਾਂ ਦੀ ਪੋਲ ਖੋਲ ਦਿੱਤੀ ਹੈ। ਕਮਲਜੀਤ ਨੇ ਕਿਹਾ- ਮੇਰੇ ਪਿਤਾ ਜੀ ਦਿਹਾੜੀਦਾਰ ਮਜ਼ਦੂਰ ਹਨ। ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੀ ਹੋਣ ਕਰਕੇ, ਮੈਂ ਆਪਣੇ ਪਿਤਾ ਦੀ ਮਦਦ ਕਰਨਾ ਚਾਹੁੰਦੀ ਸੀ ਅਤੇ ਮੈਂ ਜਗਸੀਰ ਸਿੰਘ ਨਾਮ ਦੇ ਇੱਕ ਸਥਾਨਕ ਏਜੰਟ ਨਾਲ ਸੰਪਰਕ ਕੀਤਾ। ਉਸ ਨੇ ਮੈਨੂੰ ਓਮਾਨ ਵਿੱਚ ਭਾਰਤੀ ਪਰਿਵਾਰ ਦੇ ਕੋਲ ਇੱਕ ਰਸੋਈਏ ਵਜੋਂ ਨੌਕਰੀ ਦੇਣ ਦਾ ਵਾਅਦਾ ਕੀਤਾ।
ਕਮਲਜੀਤ ਨੇ ਕਿਹਾ- ਮੈਂ ਪਿਛਲੇ ਮਹੀਨੇ ਦੇ ਅੰਤ ਵਿੱਚ ਮਸਕਟ ਪਹੁੰਚੀ ਸੀ। ਮੈਨੂੰ ਕਿਹਾ ਗਿਆ ਕਿ ਜੇਕਰ ਮੇਰੀ ਸੇਵਾ ਚੰਗੀ ਰਹੀ ਤਾਂ ਮੈਨੂੰ ਸਿੰਗਾਪੁਰ ਜਾਂ ਆਸਟ੍ਰੇਲੀਆ ਭੇਜ ਦਿੱਤਾ ਜਾਵੇਗਾ ਜਿੱਥੇ ਪੰਜਾਬੀਆਂ ਦੀ ਆਬਾਦੀ ਜ਼ਿਆਦਾ ਹੈ। ਪਰ ਜਿਵੇਂ ਹੀ ਮੈਂ ਮਸਕਟ ਏਅਰਪੋਰਟ ਪਹੁੰਚੀ। ਮੈਨੂੰ 'ਅਰਬਨ' ਨਾਂ ਦਾ ਓਮਾਨੀ ਏਜੰਟ ਫਲਾਜ ਅਲ-ਕਾਬੀਲ ਨਾਂ ਦੀ ਇਕ ਜਗ੍ਹਾ 'ਤੇ ਲੈ ਗਿਆ ਅਤੇ ਜਿੱਥੇ ਰਹਿਣ ਲਈ ਇਕ ਵੱਡਾ ਕਮਰਾ ਦਿੱਤਾ ਗਿਆ। ਮੈਂ ਮਹਿਸੂਸ ਕੀਤਾ ਕਿ ਇੱਥੇ ਕੁਝ ਗਲਤ ਸੀ। ਉਥੇ ਦੋ ਔਰਤਾਂ ਮਰੀਅਮ ਅਤੇ ਸੀਮਾ ਸਨ ਜੋ ਕਿ 20 ਦੇ ਕਰੀਬ ਔਰਤਾਂ ਦੀਆਂ ਇੰਚਾਰਜ ਸਨ। ਇਹ ਸਾਰੀਆਂ ਭਾਰਤੀ ਸਨ ਅਤੇ ਉੱਥੇ ਕੰਮ ਕਰ ਰਹੀਆਂ ਸਨ। ਉਨ੍ਹਾਂ ਨੇ ਪਹਿਲਾਂ ਮੇਰਾ ਪਾਸਪੋਰਟ ਅਤੇ ਸਿਮ ਕਾਰਡ ਲਿਆ ਪਰ ਇਸ ਦਾ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਮੈਨੂੰ ਬੁਰਕਾ ਪਹਿਨਣ ਅਤੇ ਅਰਬੀ ਭਾਸ਼ਾ ਸਿੱਖਣ ਲਈ ਕਿਹਾ ਗਿਆ। ਮੈਨੂੰ ਭਾਰਤੀ ਪਰਿਵਾਰ ਦੇ ਨਾਲ ਨਹੀਂ ਸਗੋਂ ਇੱਕ ਦਫ਼ਤਰ ਵਿੱਚ ਕੰਮ ਕਰਨਾ ਸੀ।
ਕਮਲਜੀਤ ਨੇ ਕਿਹਾ - ਮੈਂ ਹਿੰਮਤ ਕਰਕੇ ਇੱਕ ਸਿਮ ਕਾਰਡ ਦਾ ਪ੍ਰਬੰਧ ਕੀਤਾ ਅਤੇ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ। ਮੈਂ ਆਪਣੇ ਪਿਤਾ ਜੀ ਨੂੰ ਕਿਹਾ ਕਿ ਇਹ ਲੋਕ ਠੀਕ ਨਹੀਂ ਹਨ। ਮੈਨੂੰ ਇੱਥੋਂ ਬਾਹਰ ਕੱਢੋ। ਇੱਥੇ ਬਹੁਤ ਸਾਰੀਆਂ ਪਰੇਸ਼ਾਨ ਕੁੜੀਆਂ ਹਨ ਜਿਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਹੈ। ਮੈਂ ਬਹੁਤ ਬੇਵੱਸ ਮਹਿਸੂਸ ਕਰ ਰਹੀ ਸੀ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਪਤਾ ਲੱਗਾ ਕਿ ਮੇਰੇ ਕੋਲ ਸਿਮ ਕਾਰਡ ਹੈ। ਉਨ੍ਹਾਂ ਨੇ ਮੈਨੂੰ ਡੰਡਿਆਂ ਨਾਲ ਕੁੱਟਿਆ।
ਇਸ ਦੌਰਾਨ ਜਦੋਂ ਪਿਤਾ ਸਿਕੰਦਰ ਨੇ ਸਥਾਨਕ ਏਜੰਟ ਜਗਸੀਰ ਨਾਲ ਸੰਪਰਕ ਕੀਤਾ ਤਾਂ ਉਸ ਨੇ ਪਾਸਪੋਰਟ ਜਾਰੀ ਕਰਨ ਲਈ ਢਾਈ ਲੱਖ ਰੁਪਏ ਮੰਗੇ। ਸਿਕੰਦਰ ਨੇ ਪ੍ਰੈੱਸ ਕਾਨਫਰੰਸ 'ਚ ਕਿਹਾ- ਮੇਰੀ ਬੇਟੀ ਮੁਸ਼ਕਿਲ 'ਚ ਸੀ। ਮੈਂ ਡਰ ਕੇ ਘਰ ਗਿਰਵੀ ਰੱਖ ਦਿੱਤਾ ਅਤੇ ਪੈਸੇ ਏਜੰਟ ਨੂੰ ਦੇ ਦਿੱਤੇ। ਪੰਜਾਬ ਵਿੱਚ ਮੇਰੇ ਚਾਚਾ ਜੀ ਦਾ ਇੱਕ ਜਾਣਕਾਰ ਐਮ. ਪੀ. ਹਰਭਜਨ ਸਿੰਘ ਜੀ ਨੂੰ ਜਾਣਦਾ ਸੀ। ਜਦੋਂ ਉਨ੍ਹਾਂ ਨੂੰ ਮੇਰੇ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਤੁਰੰਤ ਭਾਰਤੀ ਦੂਤਘਰ ਨਾਲ ਸੰਪਰਕ ਕੀਤਾ।
ਕਮਲਜੀਤ ਨੇ ਕਿਹਾ- ਮੈਂ ਹਰਭਜਨ ਦਾ ਧੰਨਵਾਦ ਨਹੀਂ ਕਰ ਸਕੀ। ਉਨ੍ਹਾਂ ਨੇ ਬਹੁਤ ਮਦਦ ਕੀਤੀ। ਉਨ੍ਹਾਂ ਦੇ ਫੋਨ ਤੋਂ ਬਾਅਦ ਮੈਨੂੰ ਭਾਰਤੀ ਦੂਤਘਰ ਤੋਂ ਫੋਨ ਆਇਆ। ਸਤੰਬਰ ਵਿੱਚ ਮੇਰੀ ਉਡਾਣ ਤੋਂ ਪਹਿਲਾਂ ਮੈਨੂੰ ਮੇਰਾ ਪਾਸਪੋਰਟ ਅਤੇ ਸਿਮ ਕਾਰਡ ਦਿੱਤਾ ਗਿਆ। ਭਾਰਤੀ ਦੂਤਘਰ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਸ ਦੇ ਪਿਤਾ ਨੂੰ ਏਜੰਟ ਨੂੰ ਪੈਸੇ ਦੇਣ ਦੀ ਲੋੜ ਨਹੀਂ ਸੀ। ਜੇਕਰ ਉਹ ਉਨ੍ਹਾਂ ਨੂੰ ਦੱਸਦੇ ਤਾਂ ਉਹ ਓਦਾਂ ਵੀ ਉਸ ਨੂੰ ਆਜ਼ਾਦ ਕਰਾ ਦਿੰਦੇ। ਜਦੋਂ ਮੈਂ ਘਰ ਪਹੁੰਚੀ ਤਾਂ ਦੂਤਘਰ ਦੇ ਅਧਿਕਾਰੀਆਂ ਨੇ ਮੈਨੂੰ ਘਰ ਪਹੁੰਚਣ 'ਤੇ ਵੀ ਫੋਨ ਕੀਤਾ । ਕਮਲਜੀਤ ਨੇ ਕਿਹਾ- ਮੇਰੀ ਸਰਕਾਰ ਨੂੰ ਅਪੀਲ ਹੈ ਕਿ ਉੱਥੇ ਅਜੇ ਵੀ ਕੁੜੀਆਂ ਫਸੀਆਂ ਹੋਈਆਂ ਹਨ, ਜਿਨ੍ਹਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਹਨ ਤੇ ਉਨ੍ਹਾਂ ਦੀ ਮਰਜ਼ੀ ਦੇ ਖ਼ਿਲਾਫ਼ ਕੰਮ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ 'ਚ ਕੀਤੀ ਸ਼ਾਨਦਾਰ ਸ਼ੁਰੂਆਤ
ਇਸ ਦੇ ਨਾਲ ਹੀ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਇਸ ਮਾਮਲੇ ਬਾਰੇ ਕਿਹਾ- ਪੰਜਾਬ ਵਿੱਚ ਕਈ ਅਜਿਹੇ ਪਰਿਵਾਰ ਹਨ ਜੋ ਆਪਣੇ ਬੱਚਿਆਂ ਨੂੰ ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਭੇਜਣ ਲਈ ਸਭ ਕੁਝ ਵੇਚ ਦਿੰਦੇ ਹਨ। ਕਈ ਲੋਕ ਤਾਂ 50 ਲੱਖ ਰੁਪਏ ਵੀ ਖਰਚ ਕਰ ਚੁੱਕੇ ਹਨ। ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਰਥਿਕ ਤੌਰ 'ਤੇ ਠੱਗਿਆ ਜਾ ਰਿਹਾ ਹੈ। ਸਾਨੂੰ ਇਸ ਗਠਜੋੜ ਨੂੰ ਤੋੜਨ ਦੀ ਲੋੜ ਹੈ। ਇਹ ਸਿਰਫ਼ ਇੱਕ ਕਮਲਜੀਤ ਦੇ ਬਾਰੇ 'ਚ ਨਹੀਂ ਹੈ, ਸਗੋਂ ਉਨ੍ਹਾਂ ਸੈਂਕੜੇ ਲੋਕਾਂ ਦੀ ਗੱਲ ਹੈ, ਜਿਨ੍ਹਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਤਸਕਰੀ ਕਰਕੇ ਦੂਜੇ ਦੇਸ਼ਾਂ ਵਿੱਚ ਲਿਜਾਇਆ ਜਾ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਭਾਰਤ ਨੇ ਪਾਕਿਸਤਾਨ ਨੂੰ 3-0 ਨਾਲ ਹਰਾ ਕੇ ਸੈਫ ਚੈਂਪੀਅਨਸ਼ਿਪ 'ਚ ਕੀਤੀ ਸ਼ਾਨਦਾਰ ਸ਼ੁਰੂਆਤ
NEXT STORY