ਸਪੋਰਟਸ ਡੈਸਕ : ਪ੍ਰਿਥਵੀ ਸ਼ਾਹ ਨੇ ਬੁੱਧਵਾਰ 9 ਅਗਸਤ ਨੂੰ ਰਾਇਲ ਲੰਦਨ ਵਨਡੇ ਕੱਪ 'ਚ ਸਮਰਸੈਟ ਖ਼ਿਲਾਫ਼ 153 ਗੇਂਦਾਂ ਵਿੱਚ 244 ਦੌੜਾਂ ਦੀ ਆਪਣੀ ਇਤਿਹਾਸਕ ਪਾਰੀ ਨਾਲ ਰਿਕਾਰਡ ਤੋੜ ਦਿੱਤੇ। ਪ੍ਰਤਿਭਾਸ਼ਾਲੀ ਭਾਰਤੀ ਕ੍ਰਿਕਟਰ ਨੇ ਲਿਸਟ ਏ ਕ੍ਰਿਕਟ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਦਰਜ ਕਰਕੇ ਦਰਸ਼ਕਾਂ ਨੂੰ ਖੁਸ਼ ਕਰ ਦਿੱਤਾ। ਨਾਰਥੈਂਪਟਨਸ਼ਾਇਰ ਲਈ ਖੇਡਦੇ ਹੋਏ ਉਸਨੇ 28 ਚੌਕੇ ਅਤੇ 11 ਛੱਕਿਆਂ ਦੀ ਮਦਦ ਨਾਲ ਧਮਾਲ ਮਚਾਇਆ। ਪ੍ਰਿਥਵੀ ਦੀ ਅਸਾਧਾਰਨ ਪਾਰੀ ਦੇ ਦਮ 'ਤੇ ਨਾਰਥੈਂਪਟਨਸ਼ਾਇਰ ਨੇ 50 ਓਵਰਾਂ ਵਿੱਚ 415/8 ਦੌੜਾਂ ਬਣਾਈਆਂ ਅਤੇ ਸਮਰਸੈਟ ਨੂੰ 87 ਦੌੜਾਂ ਨਾਲ ਹਰਾਇਆ।
23 ਸਾਲਾ ਖਿਡਾਰੀ ਜੋ ਆਖਰੀ ਵਾਰ ਜੁਲਾਈ 2021 'ਚ ਭਾਰਤ ਲਈ ਖੇਡਿਆ ਸੀ, ਨੇ ਸ਼ਾਨਦਾਰ ਪਾਰੀ 'ਤੋਂ ਬਾਅਦ ਕਿਹਾ ਕਿ ਉਹ ਭਾਰਤੀ ਟੀਮ ਵਿੱਚ ਆਪਣੀ ਵਾਪਸੀ ਬਾਰੇ ਜ਼ਿਆਦਾ ਨਹੀਂ ਸੋਚ ਰਿਹਾ ਅਤੇ ਇਸਦੀ ਜਗ੍ਹਾ ਉਹ ਇੰਗਲੈਂਡ ਵਿੱਚ ਆਪਣੇ ਸਮੇਂ ਦਾ ਮਜ਼ਾ ਲੈਣ ਅਤੇ ਤਜਰਬੇ ਨਾਲ ਸਿੱਖਣ 'ਤੇ ਧਿਆਨ ਦੇ ਰਿਹਾ ਹੈ। ਸ਼ਾਹ ਨੇ ਕਿਹਾ , 'ਯਕੀਨੀ ਤੌਰ 'ਤੇ ਤਜਰਬਾ। ਮੈਂ ਸੱਚਮੁਚ ਅਜਿਹਾ ਨਹੀਂ ਸੋਚ ਰਿਹਾ ਕਿ ਭਾਰਤੀ ਚੋਣਕਰਤਾ ਕੀ ਸੋਚ ਰਹੇ ਹੋਣਗੇ , ਬਸ ਮੈਂ ਇੱਥੇ ਆਪਣਾ ਚੰਗਾ ਸਮਾਂ ਬਿਤਾਉਣਾ ਚਾਹੁੰਦਾ ਹਾਂ। ਨਾਰਥੈਂਪਟਨਸ਼ਾਇਰ ਨੇ ਮੈਨੂੰ ਮੌਕਾ ਦਿੱਤਾ ਹੈ। ਉਹ ਮੇਰੀ ਦੇਖਭਾਲ ਕਰ ਰਹੇ ਹਨ। ਮੈਂ ਇਸਦਾ ਆਨੰਦ ਮਾਣ ਰਿਹਾ ਹਾਂ।'
ਇਹ ਵੀ ਪੜ੍ਹੋ : ਸਟਾਰ ਕ੍ਰਿਕਟਰ ਸ਼ਿਖਰ ਧਵਨ ਹੋਏ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਗੁਰੂਘਰ 'ਚ ਸੇਵਾ ਕਰਦੇ ਆਏ ਨਜ਼ਰ
ਉਸ ਨੇ ਕਿਹਾ, ' ਸੂਰਜ ਨਿਕਲਿਆ ਹੋਇਆ ਸੀ , ਇਹ ਅੱਜ ਦੇ ਭਾਰਤੀ ਮੌਸਮ ਵਰਗਾ ਸੀ ਇਸ ਲਈ ਇਹ ਵਧੀਆ ਲੱਗ ਰਿਹਾ ਸੀ। ਤੁਸੀਂ ਜਾਣਦੇ ਹੋ ਕਿ ਜਦ ਕੋਈ ਬਾਹਰੀ ਕਿਨਾਰਾ ਮੈਨੂੰ ਆਊਟ ਨਹੀਂ ਕਰ ਸਕਦਾ ਤਾਂ ਇਹ ਦਿਨ ਮੇਰੇ ਲਈ ਹੁੰਦਾ ਹੈ। ਤੁਹਾਨੂੰ ਕਦੀ-ਕਦੀ ਕਿਸਮਤ ਵਾਲੇ ਹੋਣਾ ਪੈਂਦਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਦਿਨ ਮੇਰਾ ਸੀ। ਇਸ ਮਹੱਤਵਪੂਰਨ ਪਾਰੀ ਦੇ ਨਾਲ ਸ਼ਾਹ ਮੌਜੂਦਾ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਿਖ਼ਰ 'ਤੇ ਪਹੁੰਚ ਗਿਆ ਹੈ।
ਉਸਨੇ ਤਿੰਨ ਮੈਚਾਂ ਵਿੱਚ 101.33 ਦੀ ਔਸਤ ਅਤੇ 148.29 ਦੇ ਸਟ੍ਰਾਈਕ ਰੇਟ ਨਾਲ 304 ਦੌੜਾਂ ਬਣਾਈਆਂ ਹਨ। ਸ਼ਾਹ ਨੇ ਅੱਗੇ ਕਿਹਾ ,' ਇਮਾਨਦਾਰੀ ਨਾਲ ਕਹਾਂ ਤਾਂ 227 ਮੇਰੇ ਦਿਮਾਗ 'ਚ ਸੀ। ਮੈਂ ਵ੍ਹਾਈਟੀ (ਵ੍ਹਾਈਟਮੈਨ) ਨਾਲ ਗੱਲ ਕੀਤੀ ਜਦ ਉਹ ਉੱਥੇ ਸੀ ਅਤੇ ਮੈਂ ਉਸਨੂੰ ਦੱਸਿਆ ਕਿ ਇਹ 227 ਹੈ , ਜੋ ਮੇਰਾ ਸਭ 'ਤੋਂ ਵੱਡਾ ਸਕੋਰ ਹੈ। ਪਰ ਇਹ ਹਰ ਪਾਸਿਓਂ ਇੱਕ ਚੰਗਾ ਟੀਮ ਯਤਨ ਸੀ। ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਮੈਚ ਜਿੱਤਾਂ। ਟੀਮ ਤੇ ਮੈਂ ਅਜਿਹੇ ਖਿਡਾਰੀ ਹਨ ਜੋ ਆਪਣੀ ਟੀਮ ਨੂੰ ਪਹਿਲਾਂ ਰੱਖਦੇ ਹਨ ਅਤੇ ਖ਼ੁਦ ਨੂੰ ਬਾਅਦ 'ਚ। ਜੇ ਇਸ ਤਰ੍ਹਾਂ ਖੇਡਣ ਨਾਲ ਮੇਰੀ ਟੀਮ ਨੂੰ ਜਿੱਤਣ ਵਿੱਚ ਮਦਦ ਮਿਲਦੀ ਹੈ , ਤਾਂ ਮੈਨੂੰ ਇਹ ਜਾਰੀ ਰੱਖਣਾ ਚਾਹੀਦਾ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਟਾਰ ਕ੍ਰਿਕਟਰ ਸ਼ਿਖਰ ਧਵਨ ਹੋਏ ਹਰਿਮੰਦਰ ਸਾਹਿਬ ਵਿਖੇ ਨਤਮਸਤਕ, ਗੁਰੂਘਰ 'ਚ ਸੇਵਾ ਕਰਦੇ ਆਏ ਨਜ਼ਰ
NEXT STORY