ਮੋਕੀ- ਚੀਨ ਦੇ ਮੋਕੀ ਵਿਖੇ ਖੇਡੇ ਜਾ ਰਹੇ ਏ.ਐੱਚ.ਐੱਫ. ਜੂਨੀਅਰ ਏਸ਼ੀਆ ਕੱਪ 2026 ਵਿੱਚ ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਐਤਵਾਰ ਨੂੰ ਮਲੇਸ਼ੀਆ ਨੂੰ 11-1 ਦੇ ਵੱਡੇ ਫਰਕ ਨਾਲ ਕਰਾਰੀ ਸ਼ਿਕਸਤ ਦਿੱਤੀ। ਦੱਖਣੀ ਕੋਰੀਆ ਵਿਰੁੱਧ 4-1 ਦੀ ਜਿੱਤ ਤੋਂ ਬਾਅਦ ਇਹ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ, ਜਿਸ ਨਾਲ ਟੀਮ ਨੇ 6 ਅੰਕਾਂ ਦੇ ਨਾਲ ਅੰਕ ਸੂਚੀ ਵਿੱਚ ਆਪਣਾ ਸਿਖਰਲਾ ਸਥਾਨ ਮਜ਼ਬੂਤ ਕਰ ਲਿਆ ਹੈ।
ਭਾਰਤੀ ਟੀਮ ਨੇ ਮੈਚ ਦੇ ਪਹਿਲੇ ਮਿੰਟ ਤੋਂ ਹੀ ਦਬਾਅ ਬਣਾ ਲਿਆ ਸੀ, ਜਦੋਂ ਪੂਜਾ ਸਾਹੂ ਨੇ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਖਾਤਾ ਖੋਲ੍ਹਿਆ। ਇਸ ਤੋਂ ਬਾਅਦ ਪਹਿਲੇ ਕੁਆਰਟਰ ਵਿੱਚ ਪੂਰਨਿਮਾ ਯਾਦਵ (4ਵੇਂ ਮਿੰਟ), ਬਿਨੀਮਾ ਧਨ (8ਵੇਂ ਮਿੰਟ) ਅਤੇ ਕ੍ਰਿਸ਼ਨਾ ਸ਼ਰਮਾ (14ਵੇਂ ਮਿੰਟ) ਦੇ ਗੋਲਾਂ ਦੀ ਮਦਦ ਨਾਲ ਭਾਰਤ ਨੇ 4-0 ਦੀ ਮਜ਼ਬੂਤ ਲੀਡ ਹਾਸਲ ਕਰ ਲਈ ਸੀ। ਦੂਜੇ ਕੁਆਰਟਰ ਵਿੱਚ ਵੀ ਦਬਾਅ ਜਾਰੀ ਰੱਖਦਿਆਂ ਪੂਰਨਿਮਾ ਯਾਦਵ (17ਵੇਂ ਮਿੰਟ), ਸੁਖਵੀਰ ਕੌਰ (21ਵੇਂ ਮਿੰਟ) ਅਤੇ ਗੀਤਾ ਯਾਦਵ (28ਵੇਂ ਮਿੰਟ) ਨੇ ਗੋਲ ਕੀਤੇ, ਜਿਸ ਸਦਕਾ ਹਾਫ਼-ਟਾਈਮ ਤੱਕ ਭਾਰਤੀ ਟੀਮ 7-0 ਨਾਲ ਅੱਗੇ ਸੀ
ਤੀਜੇ ਕੁਆਰਟਰ ਦੇ 38ਵੇਂ ਮਿੰਟ ਵਿੱਚ ਮਲੇਸ਼ੀਆ ਦੀ ਨੂਰ ਮੁਹੰਮਦ ਨੇ ਇੱਕ ਗੋਲ ਕਰਕੇ ਸਕੋਰ 7-1 ਕੀਤਾ, ਪਰ ਭਾਰਤ ਨੇ ਜਲਦੀ ਹੀ ਵਾਪਸੀ ਕਰਦਿਆਂ ਪੂਜਾ ਸਾਹੂ ਦੇ ਦੂਜੇ ਗੋਲ (42ਵੇਂ ਮਿੰਟ) ਅਤੇ ਸਾਨਿਕਾ ਚੰਦਰਕਾਂਤ ਮਾਨੇ (43ਵੇਂ ਮਿੰਟ) ਦੇ ਗੋਲ ਸਦਕਾ ਲੀਡ 9-1 ਕਰ ਦਿੱਤੀ। ਆਖਰੀ ਕੁਆਰਟਰ ਵਿੱਚ ਗੀਤਾ ਯਾਦਵ ਨੇ 53ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਅਤੇ ਸਾਨਿਕਾ ਚੰਦਰਕਾਂਤ ਮਾਨੇ ਨੇ 58ਵੇਂ ਮਿੰਟ ਵਿੱਚ ਆਪਣੇ-ਆਪਣੇ ਦੂਜੇ ਗੋਲ ਦਾਗ ਕੇ ਭਾਰਤ ਨੂੰ 11-1 ਦੀ ਇਤਿਹਾਸਕ ਜਿੱਤ ਦਿਵਾਈ।।
ਇਸ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਵੱਲੋਂ ਕੁੱਲ ਸੱਤ ਵੱਖ-ਵੱਖ ਖਿਡਾਰੀਆਂ ਨੇ ਗੋਲ ਕੀਤੇ, ਜਿਨ੍ਹਾਂ ਵਿੱਚ ਚਾਰ ਮੈਦਾਨੀ ਗੋਲ, ਪੰਜ ਪੈਨਲਟੀ ਕਾਰਨਰ ਅਤੇ ਦੋ ਪੈਨਲਟੀ ਸਟ੍ਰੋਕ ਸ਼ਾਮਲ ਸਨ। ਲਗਾਤਾਰ ਦੋ ਸ਼ਾਨਦਾਰ ਜਿੱਤਾਂ ਦਰਜ ਕਰਨ ਤੋਂ ਬਾਅਦ, ਹੁਣ ਭਾਰਤੀ ਜੂਨੀਅਰ ਮਹਿਲਾ ਟੀਮ ਦਾ ਸਾਹਮਣਾ 8 ਸਤੰਬਰ ਨੂੰ ਜਾਪਾਨ ਨਾਲ ਹੋਵੇਗਾ, ਜਿੱਥੇ ਉਸਦੀ ਨਜ਼ਰ ਪੂਲ ਪੜਾਅ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਣ 'ਤੇ ਹੋਵੇਗੀ।
ਸ਼ੁਭੰਕਰ ਸ਼ਰਮਾ ਓਮੇਗਾ ਯੂਰਪੀਅਨ ਮਾਸਟਰਜ਼ ਵਿੱਚ ਸਾਂਝੇ 50ਵੇਂ ਸਥਾਨ 'ਤੇ ਖਿਸਕੇ
NEXT STORY