ਨਵੀਂ ਦਿੱਲੀ– ਜਾਪਾਨ ਦੇ ਕੀਤਾ ਨਾਕਾਜਿਮਾ ਨੇ ਦਿੱਲੀ ਗੋਲਫ ਕਲੱਬ (ਡੀ. ਸੀ. ਜੀ.) 'ਚ ਖੇਡੀ ਜਾ ਰਹੀ 40 ਲੱਖ ਅਮਰੀਕੀ ਡਾਲਰ ਦੀ ਡੀ. ਪੀ. ਵਰਲਡ ਇੰਡੀਆ ਚੈਂਪੀਅਨਸ਼ਿਪ-2025 ਦੇ ਤੀਜੇ ਰਾਊਂਡ ਤੋਂ ਬਾਅਦ ਸੱਤ ਅੰਡਰ 65 ਦਾ ਸ਼ਾਨਦਾਰ ਸਕੋਰ ਬਣਾ ਕੇ ਦੋ ਸ਼ਾਟਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਸਾਬਕਾ ਇੰਡੀਅਨ ਓਪਨ ਚੈਂਪੀਅਨ, ਨਾਕਾਜਿਮਾ (65-69-65) ਨੇ ਸ਼ਨੀਵਾਰ ਨੂੰ ਬੋਗੀ ਮੁਕਤ ਪ੍ਰਦਰਸ਼ਨ ਤੋਂ ਬਾਅਦ ਕੁੱਲ 17 ਅੰਡਰ 199 ਦਾ ਸਕੋਰ ਬਣਾਇਆ, ਜਿਸ ਨਾਲ ਉਸ ਨੂੰ ਕੱਲ ਦੇ ਚੌਥੇ ਸਥਾਨ ਤੋਂ ਤਿੰਨ ਸਥਾਨਾਂ ਦਾ ਫਾਇਦਾ ਹੋਇਆ। ਕੀਤਾ ਦਾ ਨੇੜਲੇ ਵਿਰੋਧੀ ਅੰਗਰੇਜ਼ ਟਾਮੀ ਫਲੀਟਵੁੱਡ (15 ਅੰਡਰ 201) ਦੂਜੇ ਤੇ ਆਇਰਿਸ਼ ਖਿਡਾਰੀ ਸ਼ੇਨ ਲੋਰੀ (14 ਅੰਡਰ 202) ਤੀਜੇ ਸਥਾਨ ’ਤੇ ਰਹੇ।
ਚੋਟੀ ਦਾ ਸਥਾਨ ਹਾਸਲ ਕਰਨ ਦੀ ਦੌੜ ਵਿਚ ਸ਼ਾਮਲ ਹੋਰ ਖਿਡਾਰੀਆਂ ਵਿਚ ਅਮਰੀਕੀ ਬ੍ਰਾਇਨ ਹਰਮਨ, ਅੰਗਰੇਜ਼ ਐਲਕਸ ਫਿਟਜਪੈਟ੍ਰਿਕ, ਨਿਊਜ਼ੀਲੈਂਡ ਦਾ ਡੈਨੀਅਲ ਹਿਲਿਅਰ ਤੇ ਸਵੀਡਨ ਦੇ ਜੋਨਸ ਡੈਨਟਾਰਪ ਸ਼ਾਮਲ ਸਨ, ਜਿਹੜੇ 13 ਅੰਡਰ 203 ਦੇ ਸੋਕਰ ਨਾਲ ਸਾਂਝੇ ਤੌਰ ’ਤੇ ਚੌਥੇ ਸਥਾਨ ’ਤੇ ਰਹੇ।
ਹੋਰਨਾਂ ਪ੍ਰਮੁੱਖ ਖਿਡਾਰੀਆਂ ਵਿਚ ਨਾਰਵੇ ਦਾ ਵਿਕਟਰ ਹੋਵਲੈਂਡ 12 ਅੰਡਰ 204 ਦੇ ਸਕੋਰ ਨਾਲ ਸਾਂਝੇ ਤੌਰ ’ਤੇ 8ਵੇਂ ਸਥਾਨ ’ਤੇ ਹੈ ਜਦਕਿ 5 ਵਾਰ ਦਾ ਮੇਜਰ ਜੇਤੂ, ਵਿਸ਼ਵ ਦਾ ਦੂਜੇ ਨੰਬਰ ਦਾ ਖਿਡਾਰੀ ਤੇ ਮੌਜੂਦ ਮਾਸਟਰਸ ਚੈਂਪੀਅਨ ਉਤਰੀ ਆਇਰਲੈਂਡ ਦਾ ਰੋਰੀ ਮੈਕਲਰਾਏ 10 ਅੰਡਰ 206 ਦੇ ਸਕੋਰ ਨਾਲ ਸਾਂਝੇ ਤੌਰ ’ਤੇ 15ਵੇਂ ਸਥਾਨ ’ਤੇ ਰਿਹਾ।
ਧਰੁਵ ਸ਼ਯੋਰਣ (68-73-67) ਨੇ ਆਪਣੇ ਤੀਜੇ ਰਾਊਂਡ ਵਿਚ 67 ਦਾ ਸਕੋਰ ਬਣਾ ਕੇ ਵੱਡੀ ਬੜ੍ਹਤ ਹਾਸਲ ਕੀਤੀ ਤੇ 8 ਅੰਡਰ 208 ਦੇ ਸਕੋਰ ਨਾਲ ਸਾਂਝੇ ਤੌਰ ’ਤੇ 25ਵੇਂ ਸਥਾਨ ’ਤੇ ਰਹਿੰਦੇ ਹੋਏ ਭਾਰਤੀਆਂ ਵਿਚਾਲੇ ਚੋਟੀ ’ਤੇ ਰਿਹਾ। ਧਰੁਵ ਦੇ ਇਸ ਰਾਊਂਡ ਵਿਚ ਪੰਜ ਬਰਡੀਆਂ ਤੇ ਇਕ ਬੋਗੀ ਸ਼ਾਮਲ ਸੀ, ਜਿਸ ਨਾਲ ਉਹ ਕੱਲ ਦੇ 41ਵੇਂ ਸਥਾਨ ਤੋਂ 16 ਸਥਾਨ ਉੱਪਰ ਉੱਠ ਗਿਆ। ਸ਼ਿਵ ਕਪੂਰ (70) ਤੇ ਸ਼ੁਭੰਕਰ ਸ਼ਰਮਾ (71) ਪੰਜ ਅੰਡਰ 211 ਦੇ ਸਕੋਰ ਨਾਲ ਸਾਂਝੇ ਤੌਰ ’ਤੇ 42ਵੇਂ ਸਥਾਨ ’ਤੇ ਰਹੇ। ਹੋਰ ਦੋ ਭਾਰਤੀ ਅਨਿਰਬਾਨ ਲਾਹਿੜੀ ਤੇ ਅਭਿਨਵ ਲੋਹਾਨ ਨੇ 73 ਦਾ ਸਕੋਰ ਬਣਾਇਆ ਤੇ ਦਿਨ ਦਾ ਅੰਤ ਕ੍ਰਮਵਾਰ ਸਾਂਝੇ ਤੌਰ ’ਤੇ 58ਵੇਂ ਤੇ ਸਾਂਝੇ ਤੌਰ ’ਤੇ 63ਵੇਂ ਸਥਾਨ ਨਾਲ ਕੀਤਾ।
ਧਰੁਵ ਸ਼ਯੋਰਣ ਨੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ, ‘‘ਮੈਂ ਅੱਜ ਰੇਂਜ ਤੋਂ ਹੀ ਕਾਫੀ ਸ਼ਾਂਤ ਸੀ। ਫਿਰ ਪਟਿੰਗ ਗ੍ਰੀਨ ’ਤੇ ਮੇਰੇ ਪਟ ਸਹੀ ਚੱਲ ਰਹੇ ਸਨ ਤੇ ਮੇਰੇ ਕੋਚ ਨੇ ਮੈਨੂੰ ਸ਼ਾਬਾਸ਼ੀ ਦਿੱਤੀ। ਮੈਂ ਉਸ ਆਤਮਵਿਸ਼ਵਾਸ ਨੂੰ ਕੋਰਸ ’ਤੇ ਵੀ ਲੈ ਗਿਆ ਤੇ ਮੇਰੇ ਲਈ ਸਭ ਕੁਝ ਠੀਕ ਰਿਹਾ। ਮੈਂ ਤੇ ਮੇਰੇ ਕੋਚ ਰਾਹੁਲ ਬਜਾਜ ਰੇਂਜ ’ਤੇ ਕਾਫੀ ਸਮਾਂ ਬਿਤਾ ਰਹੇ ਹਾਂ। ਉਨ੍ਹਾਂ ਨੇ ਕੁਝ ਅਜਿਹੇ ਮੂਵਮੈਂਟਸ ਦਾ ਵਿਸ਼ਲੇਸ਼ਣ ਕੀਤਾ, ਜਿਨ੍ਹਾਂ ਵਿਚ ਮੈਂ ਸੁਧਾਰ ਕਰ ਸਕਦਾ ਸੀ। ਫਿਰ ਮੈਂ ਉਨ੍ਹਾਂ ਬਦਲਾਂ ਨੂੰ ਕੋਰਸ ’ਤੇ ਲਾਗੂ ਕੀਤਾ। ਜਦੋਂ ਮੈਂ ਦੇਖਿਆ ਕਿ ਕੋਰਸ ’ਤੇ ਦਬਾਅ ਵਿਚ ਕੀ ਹੋ ਰਿਹਾ ਹੈ, ਤਾਂ ਇਸ ਨਾਲ ਮੇਰਾ ਹੌਸਲਾ ਵਧਿਆ। ਮੈਂ ਅੱਜ ਰਾਊਂਡ ਦੀ ਸ਼ੁਰੂਆਤ ਵਿਚ ਸਿਕਸ ਅੰਡਰ ਦੇ ਸਕੋਰ ਦੀ ਉਮੀਦ ਕਰ ਰਿਹਾ ਸੀ ਤੇ ਆਪਣੇ ਟੀਚੇ ਦੇ ਕਾਫੀ ਨੇੜੇ ਪਹੁੰਚ ਗਿਆ। ਮੈਂ ਪੂਰੇ ਦਿਨ ਕਾਫੀ ਸ਼ਾਂਤ ਰਿਹਾ ਤੇ ਮੈਂ ਕਾਫੀ ਪਟ ਲਗਾਏ। ਮੈਂ ਇਸ ਹਫਤੇ ਆਪਣੇ 2-ਆਇਰਨ ਤੇ 4-ਆਇਰਨ ਦੇ ਨਾਲ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ।’’
ਸ਼ੁਭੰਕਰ ਸ਼ਰਮਾ ਨੂੰ ਫਰੰਟ ਨਾਈਨ ’ਚ ਥੋੜ੍ਹੀ ਦਿੱਕਤ ਹੋਈ, ਜਿੱਥੇ ਉਸ ਨੇ ਦੋ ਬੋਗੀਆਂ ਤੇ ਇਕ ਬਰਡੀ ਲਗਾਈ। ਹਾਲਾਂਕਿ ਸ਼ੁਭੰਕਰਕ ਦਾ ਬੈਕ-ਨਾਈਨ ਤੁਲਨਾਤਮਕ ਰੂਪ ਨਾਲ ਬਿਹਤਰ ਰਿਹਾ, ਜਿੱਥੇ ਉਸ ਨੇ ਇਕ ਬੋਗੀ ਦੀ ਕੀਮਤ ’ਤੇ ਤਿੰਨ ਬਰਡੀਆਂ ਲਗਾਈਆਂ। ਸ਼ਿਵ ਕਪੂਰ 10 ਹੋਲਾਂ ਤੱਕ ਇਕ ਓਵਰ ’ਤੇ ਸੀ ਪਰ ਉਸ ਨੇ ਆਖਰੀ ਦਿਨ ਹੋਲ ਵਿਚ ਬਰਡੀ ਦੇ ਨਾਲ ਜ਼ੋਰਦਾਰ ਵਾਪਸੀ ਕੀਤੀ।
ਸੁਲਤਾਨ ਜੋਹੋਰ ਕੱਪ : ਭਾਰਤ ਨੂੰ ਹਰਾ ਕੇ ਆਸਟ੍ਰੇਲੀਆ ਬਣਿਆ ਚੈਂਪੀਅਨ
NEXT STORY