ਸੋਨੀਪਤ : ਵਿਸ਼ਵ ਦੀ ਸਾਬਕਾ ਨੰਬਰ ਇੱਕ ਤੀਰਅੰਦਾਜ਼ ਦੀਪਿਕਾ ਕੁਮਾਰੀ ਇਸ ਸਾਲ ਹੋਣ ਵਾਲੀਆਂ ਏਸ਼ੀਆਈ ਖੇਡਾਂ, ਵਿਸ਼ਵ ਕੱਪ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਇੱਥੇ ਭਾਰਤੀ ਟੀਮ ਵਿੱਚ ਜਗ੍ਹਾ ਪੱਕੀ ਕਰਨ ਤੋਂ ਖੁੰਝ ਗਈ। ਵਿਸ਼ਵ ਕੱਪ ਵਿੱਚ ਕਈ ਸੋਨ ਤਗ਼ਮੇ ਜਿੱਤਣ ਵਾਲੀ ਦੀਪਿਕਾ ਇੱਥੇ ਸਪੋਰਟਸ ਅਥਾਰਿਟੀ ਆਫ ਇੰਡੀਆ (ਐੱਸਏਆਈ) ਕੇਂਦਰ ਵਿੱਚ ਕਰਵਾਏ ਗਏ ਰੀਕਰਵ ਵਰਗ ਦੀ ਤੀਰਅੰਦਾਜ਼ੀ ਲਈ ਤਿੰਨ ਦਿਨਾਂ ਦੇ ਟਰਾਇਲਜ਼ ਦੌਰਾਨ ਸਿਖਰਲੇ ਅੱਠ ਵਿੱਚ ਜਗ੍ਹਾ ਬਣਾਉਣ ਤੋਂ ਖੁੰਝ ਗਈ।
ਉਹ ਪਿਛਲੇ ਮਹੀਨੇ ਕੋਲਕਾਤਾ ਵਿੱਚ ਹੋਏ ਟਰਾਇਲ ਵਿੱਚ ਸੱਤਵੇਂ ਸਥਾਨ ’ਤੇ ਰਹੀ ਸੀ। ਭਜਨ ਕੌਰ, ਅਦਿਤੀ ਜੈਸਵਾਲ, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਨੇ ਸਿਖਰਲੇ ਚਾਰ ਤੀਰਅੰਦਾਜ਼ਾਂ ਵਿੱਚ ਜਗ੍ਹਾ ਪੱਕੀ ਕੀਤੀ, ਜੋ ਇਸ ਸਾਲ ਸਾਰੇ ਛੇ ਪ੍ਰਮੁੱਖ ਟੂਰਨਾਮੈਂਟਾਂ ਵਿੱਚ ਆਪਣੀ ਖੇਡ ਦਾ ਪ੍ਰਦਰਸ਼ਨ ਕਰਨਗੇ।
ਪੁਰਸ਼ ਵਰਗ ਵਿੱਚ ਦੀਪਿਕਾ ਦੇ ਪਤੀ ਅਤਨੂ ਦਾਸ ਦੀ ਇੱਕ ਸਾਲ ਮਗਰੋਂ ਨੈਸ਼ਨਲ ਟੀਮ ਵਿੱਚ ਵਾਪਸੀ ਹੋਈ ਹੈ। ਅਤਨੂ ਪਿਛਲੇ ਸਾਲ ਟਰਾਇਲ ਦੌਰਾਨ ਪੱਛੜ ਗਏ ਸਨ। ਉਨ੍ਹਾਂ ਆਖਰੀ ਵਾਰ ਟੋਕੀਓ ਓਲੰਪਿਕ ਵਿੱਚ ਦੇਸ਼ ਦੀ ਅਗਵਾਈ ਕੀਤੀ ਸੀ। ਦੋ ਵਾਰ ਓਲੰਪਿਕ ਖੇਡਾਂ ਵਿੱਚ ਦੇਸ਼ ਦੀ ਅਗਵਾਈ ਕਰਨ ਵਾਲਾ ਇਹ ਤੀਰਅੰਦਾਜ਼ ਸੈਨਾ ਦੇ ਧੀਰਜ ਬੀ ਮਗਰੋਂ ਦੂਜੇ ਸਥਾਨ ’ਤੇ ਰਿਹਾ। ਤਜਰਬੇਕਾਰ ਤਰੁਣਦੀਪ ਰਾਏ ਅਤੇ ਨੀਰਜ ਚੌਹਾਨ ਨੇ ਸਿਖਰਲੇ ਚਾਰ ਵਿੱਚ ਜਗ੍ਹਾ ਬਣਾਈ।
IPL Incredible Awards: ਰੋਹਿਤ ਸ਼ਰਮਾ ਬਣੇ ਸਰਵਸ੍ਰੇਸ਼ਠ ਕਪਤਾਨ, AB ਨੇ ਜਿੱਤਿਆ ਬੈਸਟ ਬੱਲੇਬਾਜ਼ ਦਾ ਐਵਾਰਡ
NEXT STORY