ਸਪੋਰਟਸ ਡੈਸਕ- ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ (BFI) ਨੇ 2028 ਲਾਸ ਏਂਜਲਸ ਓਲੰਪਿਕ ਖੇਡਾਂ ਲਈ ਜ਼ਿਆਦਾ ਤੋਂ ਜ਼ਿਆਦਾ ਭਾਰਤੀ ਮੁੱਕੇਬਾਜ਼ਾਂ ਨੂੰ ਕੁਆਲੀਫਾਈ ਕਰਵਾਉਣ ਦੇ ਮਕਸਦ ਨਾਲ ਇੱਕ ਵਿਸਥਾਰਤ ਚੋਣ ਨੀਤੀ ਜਾਰੀ ਕੀਤੀ ਹੈ। ਇਸ ਨਵੀਂ ਨੀਤੀ ਤਹਿਤ 2026 ਏਸ਼ੀਆਈ ਖੇਡਾਂ ਵਿੱਚ ਤਗਮਾ ਜਿੱਤਣ ਵਾਲੇ ਮੁੱਕੇਬਾਜ਼ਾਂ ਨੂੰ 2027 ਵਿੱਚ ਕਜ਼ਾਕਿਸਤਾਨ ਵਿਖੇ ਹੋਣ ਵਾਲੀ 'ਵਰਲਡ ਬਾਕਸਿੰਗ ਚੈਂਪੀਅਨਸ਼ਿਪ' ਵਿੱਚ ਸਿੱਧੀ ਐਂਟਰੀ ਮਿਲੇਗੀ। ਇਹ ਚੈਂਪੀਅਨਸ਼ਿਪ 2028 ਓਲੰਪਿਕ ਲਈ ਪਹਿਲਾ ਕੁਆਲੀਫਾਇੰਗ ਟੂਰਨਾਮੈਂਟ ਹੋਵੇਗੀ। ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਅਤੇ 'ਵਰਲਡ ਬਾਕਸਿੰਗ' ਦੁਆਰਾ ਮਨਜ਼ੂਰ ਕੀਤੀ ਗਈ ਇਸ ਚਾਰ-ਪੜਾਵੀ ਚੋਣ ਪ੍ਰਕਿਰਿਆ ਵਿੱਚ 2027 ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਚੀਨ ਵਿੱਚ ਏਸ਼ੀਆਈ ਕੁਆਲੀਫਾਇਰ ਅਤੇ 2028 ਵਿੱਚ ਇਟਲੀ ਤੇ ਹੰਗਰੀ ਵਿਖੇ ਹੋਣ ਵਾਲੇ ਦੋ ਵਿਸ਼ਵ ਕੁਆਲੀਫਾਇੰਗ ਟੂਰਨਾਮੈਂਟ ਸ਼ਾਮਲ ਹਨ।
ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਬਣਾਏ ਰੱਖਣ ਲਈ BFI ਨੇ ਸਪੱਸ਼ਟ ਕੀਤਾ ਹੈ ਕਿ 2026 ਏਸ਼ੀਆਈ ਖੇਡਾਂ ਦੇ ਤਗਮਾ ਜੇਤੂ ਆਪਣੇ ਭਾਰ ਵਰਗ ਵਿੱਚ ਮੁੱਖ ਐਂਟਰੀ ਵਜੋਂ ਚੁਣੇ ਜਾਣਗੇ, ਜਦਕਿ 10ਵੀਂ ਐਲੀਟ ਨੈਸ਼ਨਲ ਚੈਂਪੀਅਨਸ਼ਿਪ ਦੇ ਸੋਨ ਤਗਮਾ ਜੇਤੂ ਰਿਜ਼ਰਵ ਵਜੋਂ ਰਹਿਣਗੇ। ਹਾਲਾਂਕਿ, ਜਿਨ੍ਹਾਂ ਭਾਰ ਵਰਗਾਂ ਵਿੱਚ ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਕੋਈ ਤਗਮਾ ਨਹੀਂ ਜਿੱਤਿਆ ਹੋਵੇਗਾ, ਉੱਥੇ ਨੈਸ਼ਨਲ ਚੈਂਪੀਅਨਸ਼ਿਪ ਦੇ ਸੋਨ ਤਗਮਾ ਜੇਤੂਆਂ ਨੂੰ ਹੀ ਮੁੱਖ ਐਂਟਰੀ ਵਜੋਂ ਚੁਣਿਆ ਜਾਵੇਗਾ। BFI ਦੇ ਪ੍ਰਧਾਨ ਅਜੇ ਸਿੰਘ ਅਨੁਸਾਰ ਇਹ ਨੀਤੀ ਭਾਰਤੀ ਮੁੱਕੇਬਾਜ਼ਾਂ ਨੂੰ ਲਾਸ ਏਂਜਲਸ ਓਲੰਪਿਕ ਤੱਕ ਪਹੁੰਚਣ ਲਈ ਇੱਕ ਸਪੱਸ਼ਟ ਅਤੇ ਸੁਚਾਰੂ ਰਸਤਾ ਪ੍ਰਦਾਨ ਕਰੇਗੀ, ਜੋ ਰਾਸ਼ਟਰੀ ਕੋਚਿੰਗ ਕੈਂਪਾਂ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਨਿਰੰਤਰ ਪ੍ਰਦਰਸ਼ਨ 'ਤੇ ਆਧਾਰਿਤ ਹੋਵੇਗੀ।
ਭਾਰਤੀ ਮਹਿਲਾ ਕਬੱਡੀ ਟੀਮ ਦੀ ਕਪਤਾਨ ਪੁਸ਼ਪਾ ਦੀ ਨਜ਼ਰ ਏਸ਼ੀਆਈ ਖੇਡਾਂ 'ਚ ਆਪਣਾ ਖਿਤਾਬ ਬਚਾਉਣ 'ਤੇ
NEXT STORY