ਬ੍ਰਿਸਬੇਨ (ਭਾਸ਼ਾ)- ਆਪਣਾ ਦਸਵਾਂ ਆਸਟ੍ਰੇਲੀਅਨ ਓਪਨ ਖ਼ਿਤਾਬ ਜਿੱਤਣ ਦਾ ਟੀਚਾ ਰੱਖਣ ਵਾਲੇ ਨੋਵਾਕ ਜੋਕੋਵਿਚ ਨੂੰ ਆਸਟਰੇਲੀਆ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਗਿਆ ਹੈ ਅਤੇ ਕੋਰੋਨਾ ਟੀਕਾਕਰਨ ਨਿਯਮਾਂ ਤੋਂ ਛੋਟ ਲਈ ਲੋੜੀਂਦੇ ਦਸਤਾਵੇਜ਼ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹਿਣ ਕਾਰਨ ਉਨ੍ਹਾਂ ਦਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ। ਦੁਨੀਆ ਦੇ ਨੰਬਰ ਇਕ ਖਿਡਾਰੀ ਜੋਕੋਵਿਚ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਕਿਹਾ ਸੀ ਕਿ ਉਨ੍ਹਾਂ ਨੂੰ ਮੈਡੀਕਲ ਛੋਟ ਮਿਲੀ ਹੈ ਅਤੇ ਉਹ ਬੁੱਧਵਾਰ ਦੇਰ ਰਾਤ ਆਸਟ੍ਰੇਲੀਆ ਪਹੁੰਚੇ।
ਇਸ ਮੈਡੀਕਲ ਛੋਟ ਤਹਿਤ ਵਿਕਟੋਰੀਆ ਸਰਕਾਰ ਦੇ ਸਖ਼ਤ ਟੀਕਾਕਰਨ ਨਿਯਮਾਂ ਦੀ ਪਾਲਣਾ ਕਰਕੇ ਉਨ੍ਹਾਂ ਨੂੰ ਰਾਹਤ ਮਿਲੀ ਸੀ। ਹਾਲਾਂਕਿ ਸਰਹੱਦੀ ਅਧਿਕਾਰੀਆਂ ਨੇ ਇਸ ਛੋਟ ਨੂੰ ਸਵੀਕਾਰ ਨਹੀਂ ਕੀਤਾ। ਆਸਟਰੇਲੀਅਨ ਬਾਰਡਰ ਫੋਰਸ ਨੇ ਇਕ ਬਿਆਨ ਵਿਚ ਕਿਹਾ ਕਿ ਜੋਕੋਵਿਚ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿਚ ਅਸਫ਼ਲ ਰਹੇ ਹਨ। ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ, 'ਤੁਹਾਨੂੰ ਮੈਡੀਕਲ ਛੋਟ ਲੈਣੀ ਪਵੇਗੀ ਜੋ ਉਸ ਕੋਲ ਨਹੀਂ ਸੀ। ਅਸੀਂ ਸਰਹੱਦ 'ਤੇ ਗੱਲ ਕੀਤੀ ਅਤੇ ਇਹ ਉੱਥੇ ਹੀ ਹੋਇਆ।'
ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਰਹੱਦੀ ਅਧਿਕਾਰੀਆਂ ਨੇ ਜੋਕੋਵਿਚ ਦੀ ਮੈਡੀਕਲ ਛੋਟ ਦੀ ਸਮੀਖਿਆ ਕਰਨ ਤੋਂ ਬਾਅਦ ਉਨ੍ਹਾ ਦਾ ਵੀਜ਼ਾ ਰੱਦ ਕੀਤਾ। ਉਨ੍ਹਾਂ ਕਿਹਾ ਕਿ ਜੋਕੋਵਿਚ ਇਸ ਫੈਸਲੇ ਦੇ ਖਿਲਾਫ ਅਪੀਲ ਕਰ ਸਕਦੇ ਹਨ ਪਰ ਜੇਕਰ ਵੀਜ਼ਾ ਰੱਦ ਹੋ ਗਿਆ ਹੈ ਤਾਂ ਉਨ੍ਹਾਂ ਨੂੰ ਦੇਸ਼ ਛੱਡਣਾ ਹੋਵੇਗਾ। ਜੋਕੋਵਿਚ ਦੇ ਦੇਸ਼ ਸਰਬੀਆ ਦੇ ਰਾਸ਼ਟਰਪਤੀ ਨੇ ਉਨ੍ਹਾਂ ਨਾਲ ਕੀਤੇ ਗਏ ਸਲੂਕ ਦੀ ਨਿੰਦਾ ਕੀਤੀ ਹੈ। ਜੋਕੋਵਿਚ ਨੂੰ ਮੈਲਬੌਰਨ ਹਵਾਈ ਅੱਡੇ 'ਤੇ ਰਾਤ ਭਰ ਰੱਖਿਆ ਗਿਆ। 20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਨੂੰ ਇਹ ਜਾਣਨ ਲਈ ਅੱਠ ਘੰਟੇ ਇੰਤਜ਼ਾਰ ਕਰਨਾ ਪਿਆ ਕਿ ਕੀ ਉਨ੍ਹਾਂ ਨੂੰ ਆਸਟ੍ਰੇਲੀਆ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਬਾਅਦ ਵਿਚ ਉਨ੍ਹਾਂ ਨੂੰ ਅਗਲੀ ਉਡਾਣ ਜਾਂ ਕਾਨੂੰਨੀ ਕਾਰਵਾਈ ਤੱਕ ਇਕ ਹੋਟਲ ਵਿਚ ਭੇਜ ਦਿੱਤਾ ਗਿਆ।
ਮੌਰੀਸਨ ਨੇ ਟਵੀਟ ਕੀਤਾ, 'ਨਿਯਮ ਤਾਂ ਨਿਯਮ ਹਨ, ਖ਼ਾਸ ਕਰਕੇ ਜਦੋਂ ਸਰਹੱਦਾਂ ਦੀ ਗੱਲ ਹੋਵੇ। ਇਨ੍ਹਾਂ ਨਿਯਮਾਂ ਤੋਂ ਉੱਪਰ ਕੋਈ ਨਹੀਂ ਹੈ। ਸਾਡੀ ਸਖ਼ਤ ਸਰਹੱਦੀ ਨੀਤੀ ਦੇ ਕਾਰਨ ਹੀ ਆਸਟਰੇਲੀਆ ਵਿਚ ਕੋਰੋਨਾ ਵਾਇਰਸ ਕਾਰਨ ਮੌਤ ਦਰ ਘੱਟ ਹੈ। ਸਾਨੂੰ ਸਾਵਧਾਨ ਰਹਿਣਾ ਪਏਗਾ।' ਸੰਘੀ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਵੱਖੋ-ਵੱਖਰੀਆਂ ਜ਼ਰੂਰਤਾਂ ਨਾਲ ਪੈਦਾ ਹੋਏ ਭੰਬਲਭੂਸੇ ਬਾਰੇ ਪੁੱਛੇ ਜਾਣ 'ਤੇ, ਮੌਰੀਸਨ ਨੇ ਕਿਹਾ ਕਿ ਯਾਤਰੀ 'ਤੇ ਨਿਰਭਰ ਕਰਦਾ ਹੈ ਕਿ ਉਹ ਇੱਥੇ ਪਹੁੰਚਣ 'ਤੇ ਸਹੀ ਦਸਤਾਵੇਜ਼ ਦੇਵੇ। ਉਨ੍ਹਾਂ ਨੇ ਇਸ ਦੋਸ਼ ਨੂੰ ਵੀ ਖਾਰਜ ਕਰ ਦਿੱਤਾ ਕਿ ਜੋਕੋਵਿਚ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਪਰ ਕਿਹਾ ਕਿ ਆਸਟਰੇਲੀਆ ਵਿਚ ਹੋਰ ਖਿਡਾਰੀ ਕਿਸੇ ਕਿਸਮ ਦੀ ਮੈਡੀਕਲ ਛੋਟ ਅਤੇ ਵੀਜ਼ਾ 'ਤੇ ਹਨ।
ਉਨ੍ਹਾਂ ਕਿਹਾ, 'ਇੱਥੇ ਆਉਣ ਵਾਲੇ ਹਰ ਵਿਅਕਤੀ, ਭਾਵੇਂ ਉਹ ਕੋਈ ਵੱਡੀ ਸ਼ਖ਼ਸੀਅਤ ਹੋਵੇ, ਸਿਆਸਤਦਾਨ ਹੋਵੇ ਜਾਂ ਟੈਨਿਸ ਖਿਡਾਰੀ, ਉਨ੍ਹਾਂ ਤੋਂ ਸਵਾਲ ਪੁੱਛੇ ਜਾਂਦੇ ਹਨ।' ਮੇਡਕਿਲ ਛੋਟ ਦੀ ਸਮੀਖਿਆ ਖਿਡਾਰੀਆਂ ਵੱਲੋਂ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਮਾਹਰਾਂ ਦੇ 2 ਸੁਤੰਤਰ ਪੈਨਲ ਕਰਦੇ ਹਨ। ਇਸ ਦੇ ਤਹਿਤ ਜੋਕੋਵਿਚ ਨੂੰ ਆਸਟ੍ਰੇਲੀਅਨ ਓਪਨ ਖੇਡਣ ਦੀ ਛੋਟ ਦਿੱਤੀ ਗਈ ਸੀ। ਜੋਕੋਵਿਚ ਇਹ ਦੱਸਣ ਤੋਂ ਲਗਾਤਾਰ ਇਨਕਾਰ ਕਰਦੇ ਆਏ ਹਨ ਕਿ ਉਨ੍ਹਾਂ ਨੇ ਕੋਰੋਨਾ ਵੈਕਸੀਨ ਲਗਵਾਈ ਹੈ ਜਾਂ ਨਹੀਂ। ਵਿਕਟੋਰੀਆ ਸੂਬਾ ਸਰਕਾਰ ਨੇ 17 ਜਨਵਰੀ ਤੋਂ ਸ਼ੁਰੂ ਹੋ ਰਹੇ ਆਸਟ੍ਰੇਲੀਅਨ ਓਪਨ ਵਿਚ ਸਿਰਫ਼ ਉਨ੍ਹਾਂ ਖਿਡਾਰੀਆਂ, ਸਟਾਫ਼, ਅਧਿਕਾਰੀਆਂ ਅਤੇ ਦਰਸ਼ਕਾਂ ਨੂੰ ਦਾਖ਼ਲ ਹੋਣ ਦੀ ਇਜਾਜ਼ਤ ਦਿੱਤੀ ਹੈ, ਜਿਨ੍ਹਾਂ ਨੂੰ ਕੋਰੋਨਾ ਦੇ ਦੋਵੇਂ ਟੀਕੇ ਲੱਗ ਚੁੱਕੇ ਹਨ।
ICC ਟੈਸਟ ਰੈਂਕਿੰਗ : ਕੇ. ਐੱਲ. ਰਾਹੁਲ ਨੂੰ 18 ਸਥਾਨ ਦਾ ਹੋਇਆ ਫਾਇਦਾ
NEXT STORY