ਮੈਲਬੋਰਨ– ਯੂ. ਐੱਸ. ਓਪਨ ਚੈਂਪੀਅਨ ਜਾਪਾਨ ਦੀ ਨਾਓਮੀ ਓਸਾਕਾ ਨੇ ਲੀਜੈਂਡ ਖਿਡਾਰਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਦਾ 24ਵੇਂ ਗ੍ਰੈਂਡ ਸਲੈਮ ਖਿਤਾਬ ਦਾ ਸੁਪਨਾ ਵੀਰਵਾਰ ਨੂੰ ਲਗਾਤਾਰ ਸੈੱਟਾਂ ਵਿਚ 6-3, 6-4 ਦੀ ਜਿੱਤ ਦੇ ਨਾਲ ਤੋੜਦੇ ਹੋਏ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ, ਜਿੱਥੇ ਉਸਦਾ ਮੁਕਾਬਲਾ ਇਕ ਹੋਰ ਅਮਰੀਕੀ ਖਿਡਾਰਨ ਜੇਨੀਫਰ ਬ੍ਰਾਡੀ ਨਾਲ ਹੋਵੇਗਾ। ਬ੍ਰਾਡੀ ਨੇ ਚੈੱਕ ਗਣਰਾਜ ਦੀ ਕੈਰੋਲਿਨਾ ਮੁਚੋਵਾ ਨੂੰ 6-4, 3-6, 6-4 ਨਾਲ ਹਰਾਇਆ। ਤੀਜੀ ਸੀਡ ਓਸਾਕਾ ਨੇ 10ਵੀਂ ਸੀਡ ਸੇਰੇਨਾ ਨੂੰ ਇਕਪਾਸੜ ਅੰਦਾਜ਼ ਵਿਚ ਇਕ ਘੰਟਾ 15 ਮਿੰਟ ਵਿਚ ਹਰਾ ਦਿੱਤਾ।
ਇਸ ਹਾਰ ਦੇ ਨਾਲ ਸੇਰੇਨਾ ਦਾ 24 ਗ੍ਰੈਂਡ ਸਲੈਮ ਖਿਤਾਬਾਂ ਦੇ ਰਿਕਾਰਡ ਦੀ ਬਰਾਬਰੀ ਕਰਨ ਦਾ ਸੁਪਨਾ ਇਕ ਵਾਰ ਫਿਰ ਟੁੱਟ ਗਿਆ। 39 ਸਾਲਾ ਸੇਰੇਨਾ ਦੀਆਂ ਅੱਖਾਂ ਵਿਚ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ ਵਿਚ ਹੰਝੂ ਨਿਕਲ ਆਏ। ਸੇਰੇਨਾ ਨੇ ਕਿਹਾ ਕਿ ਉਸਦੇ ਕੋਲ ਮੈਚ ਵਿਚ ਕੋਈ ਮੌਕੇ ਸਨ ਪਰ ਉਹ ਉਨ੍ਹਾਂ ਦਾ ਫਾਇਦਾ ਨਹੀਂ ਚੁੱਕ ਸਕੀ ਤੇ ਉਸ ਨੇ ਲਗਾਤਾਰ ਆਸਾਨ ਗਲਤੀਆਂ ਕੀਤੀਆਂ।
23 ਸਾਲਾ ਓਸਾਕਾ ਹੁਣ ਆਪਣੇ ਚੌਥੇ ਗ੍ਰੈਂਡ ਸਲੈਮ ਖਿਤਾਬ ਲਈ ਅਮਰੀਕੀ ਖਿਡਾਰੀ ਬ੍ਰਾਡੀ ਨਾਲ ਭਿੜੇਗੀ। ਬ੍ਰਾਡੀ ਨੇ ਮੁਚੋਵਾ ਤੋਂ ਆਪਣਾ ਮੁਕਾਬਲਾ ਇਕ ਘੰਟਾ 55 ਮਿੰਟ ਦੇ ਸੰਘਰਸ਼ ਵਿਚ ਜਿੱਤਿਆ ਤੇ ਸੇਰੇਨਾ ਦੀ ਹਾਰ ਤੋਂ ਨਿਰਾਸ਼ ਅਮਰੀਕੀ ਪ੍ਰਸ਼ੰਸਕਾਂ ਦੇ ਚਿਹਰਿਆਂ ’ਤੇ ਖੁਸ਼ੀ ਲਿਆ ਦਿੱਤੀ।
22 ਸਾਲਾ ਬ੍ਰਾਡੀ ਪਹਿਲੀ ਵਾਰ ਕਿਸੇ ਗ੍ਰੈਂਡ ਸਲੈਮ ਦੇ ਫਾਈਨਲ ਵਿਚ ਪਹੁੰਚੀ ਹੈ। ਸੇਰੇਨਾ ਨੇ ਆਪਣਾ 23ਵਾਂ ਗ੍ਰੈਂਡ ਸਲੈਮ ਜਨਵਰੀ 2017 ਵਿਚ ਆਸਟਰੇਲੀਅਨ ਓਪਨ ਵਿਚ ਜਿੱਤਿਆ ਸੀ। ਉਹ ਉਸ ਤੋਂ ਬਾਅਦ ਤੋਂ ਚਾਰ ਵਾਰ ਗ੍ਰੈਂਡ ਸਲੈਮ ਫਾਈਨਲ ਵਿਚ ਪਹੁੰਚੀ ਪਰ ਉਸਦਾ 24ਵੇਂ ਗ੍ਰੈਂਡ ਸਲੈਮ ਖਿਤਾਬ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।
ਸੇਰੇਨਾ ਨੇ ਕੁਆਰਟਰ ਫਾਈਨਲ ਵਿਚ ਵਿਸ਼ਵ ਦੀ ਦੂਜੇ ਨੰਬਰ ਦੀ ਖਿਡਾਰਨ ਰੋਮਾਨੀਆ ਦੀ ਸਿਮੋਨਾ ਹਾਲੇਪ ਨੂੰ ਹਰਾਇਆ ਸੀ ਪਰ ਉਹ ਉਸ ਪ੍ਰਦਰਸ਼ਨ ਨੂੰ ਓਸਾਕਾ ਦੇ ਸਾਹਮਣੇ ਨਹੀਂ ਦੁਹਰਾ ਸਕੀ। ਸੇਰੇਨਾ ਨੇ ਮੈਲਬੋਰਨ ਵਿਚ 7 ਖਿਤਾਬ ਜਿੱਤੇ ਹਨ ਪਰ ਪਿਛਲੇ ਚਾਰ ਸਾਲਾਂ ਵਿਚ ਉਸਦਾ ਇੰਤਜ਼ਾਰ ਖਤਮ ਨਹੀਂ ਹੋ ਰਿਹਾ ਹੈ।
ਓਸਾਕਾ ਦੂਜੀ ਵਾਰ ਆਸਟਰੇਲੀਅਨ ਓਪਨ ਦੇ ਫਾਈਨਲ ਵਿਚ ਪਹੁੰਚੀ ਹੈ। ਇਸ ਤੋਂ ਪਹਿਲਾਂ ਉਹ 2019 ਵਿਚ ਵੀ ਫਾਈਨਲ ਵਿਚ ਪਹੁੰਚੀ ਸੀ ਤੇ ਖਿਤਾਬ ਜਿੱਤੀ ਸੀ। ਓਸਾਕਾ ਨੇ ਸੈਮੀਫਾਈਨਲ ਵਿਚ ਹਾਲਾਂਕਿ ਚੰਗੀ ਸ਼ੁਰੂਆਤ ਨਹੀਂ ਕੀਤੀ ਸੀ। ਸੇਰੇਨਾ ਨੇ ਉਸਦੀ ਪਹਿਲੀ ਸਰਵਿਸ ਬ੍ਰੇਕ ’ਤੇ 2-0 ਦੀ ਬੜ੍ਹਤ ਬਣਾ ਲਈ ਸੀ ਪਰ ਇਸ ਤੋਂ ਬਾਅਦ ਓਸਾਕਾ ਨੇ ਵਾਪਸੀ ਕਰਦੇ ਹੋਏ ਸਕੋਰ 2-2 ਨਾਲ ਬਰਾਬਰ ਕਰ ਦਿੱਤਾ। ਉਸ ਨੇ ਇਕ ਵਾਰ ਫਿਰ ਸੇਰੇਨਾ ਦੀ ਸਰਵਿਸ ਬ੍ਰੇਕ ਕੀਤੀ ਤੇ 5-2 ਨਾਲ ਅੱਗੇ ਹੋ ਗਈ। ਉਸ ਨੇ ਪਹਿਲਾ ਸੈੱਟ 6-3 ਨਾਲ ਜਿੱਤ ਲਿਆ। ਦੂਜੇ ਸੈੱਟ ਵਿਚ ਓਸਾਕਾ ਨੇ ਚੰਗੀ ਸ਼ੁਰੂਆਤ ਕੀਤੀ ਤੇ 2-0 ਨਾਲ ਅੱਗੇ ਹੋ ਗਈ। ਇਕ ਸਮੇਂ ਸਕੋਰ 4-4 ਨਾਲ ਬਰਾਬਰ ਹੋ ਗਿਆ ਸੀ। ਇਸ ਤੋਂ ਬਾਅਦ ਓਸਾਕਾ ਲਗਾਤਾਰ ਦੋ ਗੇਮ ਜਿੱਤ ਕੇ ਸੈੱਟ 6-4 ਨਾਲ ਆਪਣੇ ਨਾਂ ਕਰਦੇ ਹੋਏ ਫਾਈਨਲ ਵਿਚ ਪਹੁੰਚ ਗਈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਕ੍ਰਿਸ ਮੋਰਿਸ ਨੇ ਤੋੜਿਆ ਯੁਵਰਾਜ ਦਾ ਰਿਕਾਰਡ, IPL ਦੇ ਇਤਿਹਾਸ ’ਚ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ
NEXT STORY