ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਟੈਸਟ ਕ੍ਰਿਕਟਰ ਦਿਲੀਪ ਸਰਦੇਸਾਈ ਦਾ ਅੱਜ ਅਰਥਾਤ 8 ਅਗਸਤ ਨੂੰ 78ਵਾਂ ਜਨਮ ਦਿਨ ਹੈ। ਅੱਜ ਅਸੀਂ ਸਪਿਨ ਗੇਂਦਬਾਜ਼ੀ ਦੇ ਖਿਲਾਫ ਹੁਣ ਤਕ ਦੇ ਸਰਵਸ੍ਰੇਸ਼ਠ ਬੱਲੇਬਾਜ਼ ਮੰਨੇ ਜਾਣ ਵਾਲੇ ਦਿਲੀਪ ਸਰਦੇਸਾਈ ਨਾਲ ਸਬੰਧਤ ਖੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ-
ਦਿਲੀਪ ਸਰਦੇਸਾਈ ਦਾ ਜਨਮ 1940 ਨੂੰ ਗੋਆ 'ਚ ਹੋਇਆ। ਇਸ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਬਾਂਬੇ (ਮੁੰਬਈ) ਸ਼ਿਫਟ ਹੋ ਗਿਆ। ਉਨ੍ਹਾਂ ਦੇ ਪੁੱਤਰ ਰਾਜਦੀਪ ਸਰਦੇਸਾਈ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ 17 ਸਾਲ ਦੀ ਉਮਰ ਤੱਕ ਕਦੀ ਮੈਦਾਨ 'ਤੇ ਨਹੀਂ ਉਤਰੇ ਸਨ, ਪਰ ਚਾਰ ਸਾਲ ਬਾਅਦ ਹੀ ਉਨ੍ਹਾਂ ਨੇ ਕ੍ਰਿਕਟ ਦੇ ਖੇਤਰ 'ਚ ਆਪਣੀ ਖਾਸ ਪਛਾਣ ਬਣਾ ਲਈ ਸੀ।

ਬਾਂਬੇ ਯੂਨੀਵਰਸਿਟੀ ਦੇ ਲਈ ਰੋਹਿੰਗਟਨ ਬਾਰੀਆ ਟਰਾਫੀ (1959-60) 'ਚ ਸ਼ਾਨਦਾਰ ਪ੍ਰਦਰਸ਼ਨ ਦੀ ਵਜ੍ਹਾ ਨਾਲ ਸਰਦੇਸਾਈ ਨੇ ਆਪਣਾ ਪਹਿਲਾ ਫਰਸਟ ਕਲਾਸ ਮੈਚ ਨਵੰਬਰ 1960 'ਚ ਪਾਕਿਸਤਾਨ ਦੇ ਖਿਲਾਫ ਪੂਨਾ 'ਚ ਖੇਡਿਆ। ਆਪਣੇ ਪਹਿਲੇ ਹੀ ਮੈਚ 'ਚ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ ਸਰਦੇਸਾਈ ਨੇ ਬੋਰਡ ਪ੍ਰੈਜ਼ੀਡੈਂਟ ਇਲੈਵਨ ਦੇ ਲਈ ਖੇਡਦੇ ਹੋਏ ਪਾਕਿਸਤਾਨ ਦੇ ਖਿਲਾਫ ਆਪਣਾ ਪਹਿਲਾ ਸੈਂਕੜਾ ਜੜਿਆ ਸੀ।

ਵੈਸੇ ਤਾਂ ਸਰਦੇਸਾਈ ਨੂੰ ਸਪਿਨ ਦੇ ਖਿਲਾਫ ਇਕ ਬਿਹਤਰੀਨ ਬੱਲੇਬਾਜ਼ ਮੰਨਿਆ ਜਾਂਦਾ ਸੀ, ਪਰ ਸਾਲ 1962 'ਚ ਉਨ੍ਹਾਂ ਤੇਜ਼ ਗੇਂਦਬਾਜ਼ਾਂ ਦੇ ਖਿਲਾਫ ਵੀ ਆਪਣੀ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਪਹਿਲੀ ਵਾਰੀ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਵੇਸ ਹਾਲ ਅਤੇ ਚਾਰਲੀ ਗ੍ਰਿਫਿਥ ਜਿਹੇ ਕੈਰੇਬੀਆਈ ਗੇਂਦਬਾਜ਼ਾਂ ਦਾ ਡਰ ਉਨ੍ਹਾਂ ਦਿਨਾਂ 'ਚ ਕ੍ਰਿਕਟ 'ਚ ਕਾਫੀ ਪਾਇਆ ਜਾਂਦਾ ਸੀ ਪਰ ਸਰਦੇਸਾਈ ਨੇ ਆਪਣੇ ਬੱਲੇ ਨਾਲ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ਾਂ ਦਾ ਲੱਕ ਭੰਨ ਦਿੱਤਾ ਸੀ।

ਨਿਊਜ਼ੀਲੈਂਡ ਦੇ ਖਿਲਾਫ ਦਿਲੀਪ ਸਰਦੇਸਾਈ ਦੇ ਉਸ ਦੋਹਰੇ ਸੈਂਕੜੇ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ, ਜਿਸ ਨੇ ਵਿਦੇਸ਼ 'ਚ ਦੇਸ਼ ਦਾ ਸਨਮਾਨ ਬਚਾਇਆ। ਦੋਹਾਂ ਟੀਮਾਂ ਵਿਚਾਲੇ ਸਾਲ 1965 'ਚ ਇਕ ਅਹਿਮ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਖੇਡਿਆ ਗਿਆ ਸੀ। ਇਸ ਮੈਚ 'ਚ ਟੀਮ ਇੰਡੀਆ ਨੂੰ 88 ਦੌੜਾਂ 'ਤੇ ਢੇਰ ਕਰਨ ਦੇ ਬਾਅਦ ਨਿਊਜ਼ੀਲੈਂਡ ਨੇ 267 ਦੌੜਾਂ ਦੀ ਬੜ੍ਹਤ ਬਣਾ ਲਈ ਸੀ। ਦੂਜੀ ਪਾਰੀ 'ਚ ਸਰਦੇਸਾਈ ਨੇ ਅਜਿਹਾ ਦੋਹਰਾ ਸੈਂਕੜਾ ਲਗਾਇਆ ਕਿ ਨਿਊਜ਼ੀਲੈਂਡ ਦੀ ਟੀਮ ਹੱਕੀ-ਬੱਕੀ ਰਹਿ ਗਈ ਅਤੇ ਸਰਦੇਸਾਈ ਨੇ ਟੀਮ ਦੇ ਸਿਰ ਤੋਂ ਹਾਰ ਦਾ ਸੰਕਟ ਟਾਲ ਦਿੱਤਾ।
ਗੂਗਲ ਨੇ ਦਿਲੀਪ ਸਰਦੇਸਾਈ ਦੇ ਜਨਮ ਦਿਨ 'ਤੇ ਬਣਾਇਆ ਡੂਡਲ
ਦਿਲੀਪ ਸਰਦੇਸਾਈ ਦੇ 78ਵੇਂ ਜਨਮ ਦਿਨ 'ਤੇ ਸਰਚ ਇੰਜਨ ਗੂਗਲ ਨੇ ਅੱਜ ਡੂਡਲ ਬਣਾ ਕੇ ਉਨ੍ਹਾਂ ਨੂੰ ਯਾਦ ਕੀਤਾ ਹੈ।

ਕੇ.ਐੱਲ. ਰਾਹੁਲ ਨੇ ਪਿਊਮਾ ਨਾਲ ਤਿੰਨ ਸਾਲਾਂ ਦਾ ਕੀਤਾ ਕਰਾਰ
NEXT STORY