ਚਟਗਾਂਵ– ਡੈਬਿਊ ਟੈਸਟ ਵਿਚ ਕਾਇਲ ਮੇਯਰਸ (ਅਜੇਤੂ 210) ਦੇ ਚਮਤਕਾਰੀ ਦੋਹਰੇ ਸੈਂਕੜੇ ਦੇ ਨਾਲ ਵੈਸਟਇੰਡੀਜ਼ ਨੇ ਹੈਰਾਨੀਜਨਕ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ਦੇ 5ਵੇਂ ਤੇ ਆਖਰੀ ਦਿਨ ਐਤਵਾਰ ਨੂੰ 3 ਵਿਕਟਾਂ ਨਾਲ ਹਰਾ ਕੇ ਦੋ ਟੈਸਟਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਵੈਸਟਇੰਡੀਜ਼ ਨੂੰ ਇਸ ਜਿੱਤ ਤੋਂ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਵਿਚ 60 ਅੰਕ ਹਾਸਲ ਹੋਏ। ਬੰਗਲਾਦੇਸ਼ ਨੇ ਚੌਥੇ ਦਿਨ ਸ਼ਨੀਵਾਰ ਨੂੰ ਆਪਣੀ ਦੂਜੀ ਪਾਰੀ 8 ਵਿਕਟਾਂ ’ਤੇ 223 ਦੌੜਾਂ ਬਣਾ ਕੇ ਖਤਮ ਐਲਾਨ ਕਰ ਕੇ ਵੈਸਟਇੰਡੀਜ਼ ਨੂੰ ਜਿੱਤ ਲਈ 395 ਦੌੜਾਂ ਦਾ ਮੁਸ਼ਕਿਲ ਟੀਚਾ ਦਿੱਤਾ ਸੀ, ਜਿਸ ਦਾ ਪਿੱਛਾ ਕਰਦੇ ਹੋਏ ਵਿੰਡੀਜ਼ ਨੇ ਆਪਣੀਆਂ 3 ਵਿਕਟਾਂ 59 ਦੌੜਾਂ ’ਤੇ ਗੁਆ ਦਿੱਤੀਆਂ।
ਉਸ ਸਮੇਂ ਬੰਗਲਾਦੇਸ਼ ਨੂੰ ਜਿੱਤ ਦੀ ਉਮੀਦ ਦਿਖਾਈ ਦੇਣ ਲੱਗੀ ਸੀ। ਵਿੰਡੀਜ਼ ਨੇ ਕੱਲ ਦਿਨ ਦੀ ਖੇਡ ਖਤਮ ਹੋਣ ਤਕ 3 ਵਿਕਟਾਂ ਗੁਆ ਕੇ 110 ਦੌੜਾਂ ਬਣਾ ਲਈਆਂ ਸਨ। ਵਿੰਡੀਜ਼ ਨੂੰ ਮੈਚ ਦੇ ਆਖਰੀ ਦਿਨ ਜਿੱਤ ਲਈ 285 ਦੌੜਾਂ ਦੀ ਲੋੜ ਸੀ ਜਦਕਿ ਬੰਗਲਾਦੇਸ਼ ਨੂੰ 7 ਵਿਕਟਾਂ ਦੀ ਲੋੜ ਸੀ। ਇਨ੍ਹਾਂ ਨਾਜ਼ੁਕ ਹਾਲੁਤ ਵਿਚ ਮੇਯਰਸ ਨੇ ਚਮਤਕਾਰੀ ਦੋਹਰਾ ਸੈਂਕੜਾ ਲਾਇਆ ਤੇ ਵੈਸਟਇੰਡੀਜ਼ ਨੂੰ ਅਸੰਭਵ ਲੱਗ ਰਹੀ ਜਿੱਤ ਦਿਵਾ ਦਿੱਤੀ। ਵੈਸਟਇੰਡੀਜ਼ ਨੇ 7 ਵਿਕਟਾਂ ’ਤੇ 395 ਦੌੜਾਂ ਬਣਾ ਕੇ ਜਿੱਤ ਆਪਣੇ ਨਾਂ ਕੀਤੀ। ਏਸ਼ੀਆ ਦੀ ਧਰਤੀ ’ਤੇ ਟੀਚੇ ਦਾ ਪਿੱਛਾ ਕਰਦੇ ਹੋਏ ਇਹ ਉਸ ਦੀ ਸਭ ਤੋਂ ਵੱਡੀ ਜਿੱਤ ਹੈ। ਮੇਯਰਸ ਨੇ 310 ਗੇਂਦਾਂ ’ਤੇ 20 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 210 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ, ਜਿਸ ਦੇ ਲਈ ਉਸ ਨੂੰ ਮੈਨ ਆਫ ਦਿ ਮੈਚ ਦਾ ਐਵਾਰਡ ਮਿਲਿਆ। ਮੇਯਰਸ ਨੇ ਡੈਬਿਊ ਟੈਸਟ ਵਿਚ ਸੈਂਕੜਾ ਬਣਾਉਣ ਦੀ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਤੇ ਨਾਲ ਹੀ ਚੌਥੀ ਪਾਰੀ ਵਿਚ ਦੋਹਰਾ ਸੈਂਕੜਾ ਲਾਉਣ ਵਾਲਾ ਵਿੰਡੀਜ਼ ਦਾ ਉਹ ਤੀਜਾ ਤੇ ਟੈਸਟ ਇਤਿਹਾਸ ਦਾ ਓਵਰਆਲ 6ਵਾਂ ਬੱਲੇਬਾਜ਼ ਬਣ ਗਿਆ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਵਿਜੇ ਹਜ਼ਾਰੇ ਟਰਾਫੀ 20 ਤੋਂ, ਦਿੱਲੀ ਨੂੰ ਮਿਲਿਆ ਮੁਸ਼ਕਿਲ ਗਰੁੱਪ
NEXT STORY