ਸਪੋਰਟਸ ਡੈਸਕ : ਛੇ ਵਾਰ ਦੀ ਵਰਲਡ ਚੈਂਪੀਅਨ ਐੱਮ. ਸੀ. ਮੈਰੀਕਾਮ (51 ਕਿਲੋਗ੍ਰਾਮ) ਤੇ ਸਾਕਸ਼ੀ (54 ਕਿਲੋਗ੍ਰਾਮ) ਵੀਰਵਾਰ ਨੂੰ ਇਥੇ ਸਖਤ ਸੈਮੀਫਾਈਨਲ ਮੁਕਾਬਲਿਆਂ ’ਚ ਜਿੱਤ ਨਾਲ ਏਸ਼ੀਆਈ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਫਾਈਨਲ ’ਚ ਦਾਖਲ ਹੋ ਗਈਆਂ। ਮੈਰੀਕਾਮ ਨੇ ਖੰਡਿਤ ਫੈਸਲੇ ’ਚ ਮੰਗੋਲੀਆ ਦੀ ਲੁਤਸੇਈਖਾਨ ਅਲਤਾਂਤਸੇਤਸੇਗ ਨੂੰ 4-1 ਇਕ ਨਾਲ ਹਰਾਇਆ, ਜਦਕਿ ਦੋ ਵਾਰ ਦੀ ਵਿਸ਼ਵ ਨੌਜਵਾਨ ਚੈਂਪੀਅਨ ਸਾਕਸ਼ੀ ਨੇ ਕਜ਼ਾਖਸਤਾਨ ਦੀ ਚੋਟੀ ਦਾ ਦਰਜਾ ਪ੍ਰਾਪਤ ਡਿਨਾ ਝੋਲੇਮਨ ਨੂੰ 3-2 ਨਾਲ ਹਰਾਇਆ। ਮੋਨਿਕਾ (48 ਕਿਲੋਗ੍ਰਾਮ) ਨੂੰ ਹਾਲਾਂਕਿ ਸੈਮੀਫਾਈਨਲ ’ਚ ਕਜ਼ਾਖਸਤਾਨ ਦੀ ਦੂਸਰਾ ਦਰਜਾ ਪ੍ਰਾਪਤ ਬਾਲਿਕਬੇਕੋਵਾ ਖਿਲਾਫ ਇਕਤਰਫਾ ਮੁਕਾਬਲੇ ’ਚ 0-5 ਨਾਲ ਕਾਂਸੀ ਤਮਗੇ ’ਤੇ ਸਬਰ ਕਰਨਾ ਪਿਆ। ਚੋਟੀ ਦਾ ਦਰਜਾ ਪ੍ਰਾਪਤ 38 ਸਾਲ ਦੀ ਮੈਰੀਕਾਮ ਨੇ ਆਪਣੇ ਤਜਰਬੇ ਦਾ ਪੂਰਾ ਫਾਇਦਾ ਚੁੱਕਦਿਆਂ ਅਲਤਾਂਤਸੇਤਸੇਗ ਖਿਲਾਫ਼ ਦਬਦਬਾ ਬਣਾਇਆ। ਮੁਕਾਬਲੇ ਦੌਰਾਨ ਮੈਰੀਕਾਮ ਦੇ ਸੱਜੇ ਹੱਥ ਤੋਂ ਲਾਏ ਗਏ ਮੁੱਕੇ ਕਾਫ਼ੀ ਪ੍ਰਭਾਵੀ ਰਹੇ। ਮੈਰੀਕਾਮ ਦੀਆਂ ਨਜ਼ਰਾਂ ਇਸ ਮਹਾਦੀਪੀ ਮੁਕਾਬਲੇ ’ਚ ਛੇਵੇਂ ਸੋਨ ਤਮਗੇ ’ਤੇ ਟਿਕੀਆਂ ਹਨ।
ਫਾਈਨਲ ਮੁਕਾਬਲੇ ’ਚ ਮੈਰੀਕਾਮ ਦਾ ਸਾਹਮਣਾ ਦੋ ਵਾਰ ਦੀ ਵਿਸ਼ਵ ਚੈਂਪੀਅਨ ਕਜ਼ਾਖਸਤਾਨ ਦੀ ਨਾਜਿਮ ਕਾਇਜੇਬੀ ਨਾਲ ਹੋਵੇਗਾ। ਸਾਕਸ਼ੀ ਨੂੰ ਝੋਲੇਮਨ ਖਿਲਾਫ਼ ਜੂਝਣਾ ਪਿਆ ਪਰ ਭਾਰਤੀ ਖਿਡਾਰਨ ਆਖਿਰ ’ਚ ਧੀਰਜ ਬਰਕਰਾਰ ਰੱਖਦੇ ਹੋਏ ਜਿੱਤ ਦਰਜ ਕਰਨ ’ਚ ਸਫਲ ਰਹੀ। ਇਸ ਤੋਂ ਪਹਿਲਾਂ ਮੋਨਿਕਾ ਦੂਸਰਾ ਦਰਜਾ ਪ੍ਰਾਪਤ ਬਾਲਿਕਬੇਕੋਵਾ ਦੀ ਤੇਜ਼ੀ ਦਾ ਜਵਾਬ ਨਹੀਂ ਦੇ ਸਕੀ। ਬਾਲਿਕਬੇਕੋਵਾ ਨੇ ਮੋਨਿਕਾ ਦੇ ਹਮਲਿਆਂ ਨੂੰ ਆਸਾਨੀ ਨਾਲ ਨਾਕਾਮ ਕੀਤਾ ਤੇ ਆਪਣੇ ਤਾਬੜਤੋੜ ਮੁੱਕਿਆਂ ਨਾਲ ਭਾਰਤੀ ਖਿਡਾਰਨ ਨੂੰ ਪਿਛਾੜਿਆ। ਓਲੰਪਿਕ ਲਈ ਕੁਆਲੀਫਾਈ ਕਰ ਚੁੱਕੇ ਆਸ਼ੀਸ਼ ਕੁਮਾਰ (75 ਕਿਲੋਗ੍ਰਾਮ) ਨੂੰ ਵੀ ਬੁੱਧਵਾਰ ਰਾਤ ਏਸ਼ੀਆਈ ਖੇਡਾਂ ਦੇ ਸਿਲਵਰ ਤਮਗਾ ਜੇਤੂ ਕਜ਼ਾਖਸਤਾਨ ਦੇ ਆਵਿਲਖਾਨ ਅਮਾਨਕੁਲ ਖਿਲਾਫ 2-3 ਨਾਲ ਹਾਰ ਝੱਲਣੀ ਪਈ ਸੀ।
ਨਰਿੰਦਰ (+91) ਨੂੰ ਵੀ ਕੁਆਰਟਰ ਫਾਈਨਲ ’ਚ ਕਜ਼ਾਖਸਤਾਨ ਦੇ ਕਾਮਸ਼ਿਬੇਕ ਕੁਨਕਾਬਾਯੇਵ ਦੇ ਖਿਲਾਫ 0-5 ਦੀ ਹਾਰ ਝੱਲਣੀ ਪਈ। ਸ਼ੁੱਕਰਵਾਰ ਨੂੰ ਪੰਜ ਭਾਰਤੀ ਪੁਰਸ਼ ਮੁੱਕੇਬਾਜ਼ ਅਮਿਤ ਪੰਘਾਲ (52 ਕਿਲੋਗ੍ਰਾਮ), ਵਰਿੰਦਰ ਸਿੰਘ (60 ਕਿਲੋਗ੍ਰਾਮ), ਵਿਕਾਸ ਕ੍ਰਿਸ਼ਨ (69 ਕਿਲੋਗ੍ਰਾਮ) ਤੇ ਸੰਜੀਤ (91 ਕਿਲੋਗ੍ਰਾਮ) ਸੈਮੀਫਾਈਨਲ ਮੁਕਾਬਲੇ ’ਚ ਉਤਰਨਗੇ। ਇਨ੍ਹਾਂ ’ਚੋਂ ਪੰਘਾਲ ਤੇ ਵਿਕਾਸ ਓਲੰਪਿਕ ’ਚ ਜਗ੍ਹਾ ਬਣਾ ਚੁੱਕੇ ਹਨ। ਭਾਰਤ ਟੂਰਨਾਮੈਂਟ ’ਚ 15 ਤਮਗੇ ਪੱਕੇ ਕਰ ਚੁੱਕਾ ਹੈ, ਜੋ ਇਸ ਮਹਾਦੀਪੀ ਟੂਰਨਾਮੈਂਟ ’ਚ ਉਸ ਦਾ ਹੁਣ ਤਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।
ਅਸ਼ਵਿਨ ਨੇ ਦਿੱਤਾ ਮਜ਼ੇਦਾਰ ਸੁਝਾਅ, ਬੱਲੇਬਾਜ਼ਾਂ ਨੂੰ ਫ੍ਰੀ ਹਿੱਟ ਵਾਂਗ ਗੇਂਦਬਾਜ਼ਾਂ ਨੂੰ ਵੀ ਮਿਲੇ ਫ੍ਰੀ ਬਾਲ
NEXT STORY